ਪਿਛਲੇ ਡੇਢ ਮਹੀਨੇ ਤੋਂ ਮਣੀਪੁਰ ਵਿੱਚ ਦੋ ਫਿਰਕੇ ਦੁਸ਼ਮਣਾਂ ਵਾਂਗ ਲੜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਣੀਪੁਰ ਬਾਰੇ ਚੁੱਪ ਐਨ ਉਸੇ ਤਰ੍ਹਾਂ ਦੀ ਸੋਚ ਦਾ ਮੁਜ਼ਾਹਰਾ ਕਰਦੀ ਹੈ, ਜਿਸ ਤਰ੍ਹਾਂ ਉਨ੍ਹਾ ਗੁਜਰਾਤ ਦੰਗਿਆਂ ਸਮੇਂ ਮੁਸਲਮਾਨਾਂ ਦੇ ਕਤਲੇਆਮ ਬਾਰੇ ਅਪਣਾਈ ਸੀ। ਮਣੀਪੁਰ ਵਿੱਚ ਭਾਜਪਾ ਦੀ ਡਬਲ ਇੰਜਣ ਸਰਕਾਰ ਹੈ। ਮਈ ਚੜ੍ਹਦਿਆਂ ਹੀ ਸ਼ੁਰੂ ਹੋਈ ਹਿੰਸਾ ਵਿੱਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਤੇ ਕਰੋੜਾਂ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ ਹੈ।
ਇਸ ਸਮੇਂ ਮਣੀਪੁਰ ਦੀਆਂ ਸੜਕਾਂ ਉੱਤੇ ਕੁੱਕੀ ਤੇ ਮੇਤੇਈ ਹਥਿਆਰਬੰਦ ਭੀੜਾਂ ਦਾ ਰਾਜ ਹੈ। ਉਨ੍ਹਾਂ ਪਾਸ ਸਰਕਾਰੀ ਅਸਲਾ ਖਾਨਿਆਂ ਵਿੱਚੋਂ ਲੁੱਟੇ ਗਏ ਨਵੀਨਤਮ ਹਥਿਆਰ ਹਨ। ਉਹ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਚੁੱਕੇ ਹਨ। ਵੱਖ-ਵੱਖ ਅਸਲਾਖਾਨਿਆਂ ਵੱਲੋਂ ਦਰਜ ਕਰਾਈਆਂ ਗਈਆਂ ਪੁਲਸ ਰਪਟਾਂ ਤੋਂ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਹਥਿਆਰ ਭੀੜਾਂ ਵੱਲੋਂ ਰਾਤ ਨੂੰ ਨਹੀਂ ਸਗੋਂ ਚਿੱਟੇ ਦਿਨ ਲੁੱਟੇ ਗਏ ਸਨ।
ਭਾਰਤੀ ਰਾਈਫਲਜ਼ ਕਮਾਂਡੋ ਬਟਾਲੀਅਨ ਵੱਲੋਂ ਹਿੰਗਾਗ ਥਾਣੇ ਵਿੱਚ ਦਰਜ ਕਰਾਈ ਗਈ ਰਿਪੋਰਟ ਅਨੁਸਾਰ ਭੀੜ ਨੇ 28 ਮਈ ਨੂੰ ਦੁਪਹਿਰ 3 ਵਜੇ ਬਟਾਲੀਅਨ ਦੇ ਹੈਡਕੁਆਰਟਰ ਉੱਤੇ ਹਮਲਾ ਬੋਲ ਦਿੱਤਾ ਸੀ। ਇਹ ਭੀੜ ਉੱਥੋਂ 322 ਇੰਸਾਸ ਰਾਈਫਲਾਂ, 9 ਏ ਐਫ਼ ਰਾਈਫਲਾਂ ਤੇ ਅਸਾਲਟਾਂ ਸਮੇਤ ਵੱਖ-ਵੱਖ ਆਧੁਨਿਕ ਹਥਿਆਰ ਲੁੱਟ ਕੇ ਲੈ ਗਈ ਸੀ। ਮਣੀਪੁਰ ਪੁਲਸ ਟ੍ਰੇਨਿੰਗ ਕਾਲਜ ਦੇ ਸੂਬੇਦਾਰ ਵੱਲੋਂ 4 ਮਈ ਨੂੰ ਦਰਜ ਕਰਾਈ ਗਈ ਰਿਪੋਰਟ ਅਨੁਸਾਰ ਦੁਪਹਿਰ ਪੌਣੇ ਦੋ ਵਜੇ ਭੀੜ ਜਬਰੀ ਕਾਲਜ ਵਿੱਚ ਵੜ ਕੇ ਅਸਲਾਖਾਨੇ ਦੇ ਜਿੰਦੇ ਖੋਲ੍ਹ ਕੇ 157 ਇੰਸਾਸ ਰਾਈਫਲਾਂ, 54 ਐਸ ਐਲ ਆਰ, 9 ਕਾਰਬਾਈਨਾਂ, 22 ਐਲ ਐਮ ਜੀ, 9 ਐਮ ਐਮ ਪਿਸਤੌਲ, ਏ ਕੇ 47 ਤੇ 303 ਰਾਈਫਲਾਂ ਸਮੇਤ ਵੱਡੀ ਮਾਤਰਾ ਵਿੱਚ ਮੈਗਜ਼ੀਨ ਤੇ ਕਾਰਤੂਸ ਲੁੱਟ ਕੇ ਲੈ ਗਈ ਸੀ।
ਮਣੀਪੁਰ ਰਾਈਫ਼ਲਜ਼ ਵੱਲੋਂ 28 ਮਈ ਨੂੰ ਦਰਜ ਕਰਾਈ ਗਈ ਰਪਟ ਅਨੁਸਾਰ ਘਾਟੀ ਦੇ ਦੰਗਾਕਾਰੀਆਂ ਦੀ ਇੱਕ ਭੀੜ ਨੇ ਉਨ੍ਹਾਂ ਪਾਸੋਂ ਬੰਬ, ਹਥਿਆਰ ਅਤੇ ਗੋਲਾ-ਬਾਰੂਦ ਖੋਹ ਲਿਆ ਸੀ। ਇੰਫਾਲ ਪੂਰਬੀ ਜ਼ਿਲ੍ਹੇ ਦੇ ਅਰਿਲਬੰਗ ਪੁਲਸ ਥਾਣੇ ਦੇ ਇੰਚਾਰਜ ਨੇ 4 ਮਈ ਨੂੰ ਲਿਖੀ ਰਪਟ ਵਿੱਚ ਕਿਹਾ ਹੈ ਕਿ ਦੋ ਹਜ਼ਾਰ ਲੋਕ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੇ ਪੁਲਸ ਥਾਣੇ ਉੱਤੇ ਹਮਲਾ ਕਰਕੇ ਸਭ ਹਥਿਆਰ ਲੁੱਟ ਲਏ ਸਨ। ਇਸੇ ਤਰ੍ਹਾਂ ਦੀ ਰਪਟ 4 ਮਈ ਨੂੰ ਹੀ ਲਾਮਲਾਈ ਥਾਣੇ ਦੇ ਮੁਖੀ ਵੱਲੋਂ ਲਿਖੀ ਗਈ ਸੀ।
ਇਸ ਸਮੇਂ ਮਣੀਪੁਰ ਦੇ ਸਭ ਅਸਲੇਖਾਨੇ ਖਾਲੀ ਹੋ ਚੁੱਕੇ ਹਨ। ਇਹ ਹਥਿਆਰ ਦੋ ਪੜਾਵਾਂ ਵਿੱਚ ਲੁੱਟੇ ਗਏ ਸਨ। ਪਹਿਲਾਂ 3-4 ਮਈ ਨੂੰ ਤੇ ਫਿਰ 27 ਮਈ ਤੋਂ ਬਾਅਦ। ਉਕਤ ਸਾਰੇ ਅਸਲਾਖਾਨੇ ਇੰਫਾਲ ਘਾਟੀ ਦੇ ਖੇਤਰ ਵਿੱਚ ਸਨ, ਜਿੱਥੇ ਮੇਤੇਈ ਕਬੀਲੇ ਦੇ ਲੋਕਾਂ ਦੀ ਬਹੁਗਿਣਤੀ ਹੈ। ਇਨ੍ਹਾਂ ਅਸਲਾਖਾਨਿਆਂ ਦੀ ਰਾਖੀ ਲਈ ਤਾਇਨਾਤ ਸੁਰੱਖਿਆ ਦਸਤਿਆਂ ਵੱਲੋਂ ਕੋਈ ਵੀ ਵਿਰੋਧ ਨਾ ਕਰਨਾ ਇਹ ਸ਼ੱਕ ਪ੍ਰਗਟ ਕਰਦਾ ਹੈ ਕਿ ਇਹ ਹਥਿਆਰਾਂ ਦੀ ਲੁੱਟ ਸਰਕਾਰੀ ਸਹਿਮਤੀ ਨਾਲ ਹੋਈ ਹੋ ਸਕਦੀ ਹੈ ਤਾਂ ਜੋ ਮੇਤੇਈ ਕਬੀਲੇ ਨੂੰ ਹਥਿਆਰਬੰਦ ਕਰਕੇ ਕੁੱਕੀ ਕਬੀਲੇ ਦਾ ਸਫ਼ਾਇਆ ਕੀਤਾ ਜਾ ਸਕੇ। ਇਹੋ ਕੁਝ ਗੁਜਰਾਤ ਦੇ ਦੰਗਿਆਂ ਦੌਰਾਨ ਵਾਪਰਿਆ ਸੀ, ਜਿਸ ਨੂੰ ਹੁਣ ਮਣੀਪੁਰ ਵਿੱਚ ਦੁਹਰਾਇਆ ਜਾ ਰਿਹਾ ਹੈ।
ਇਸੇ ਸੋਚੀ-ਸਮਝੀ ਨੀਤੀ ਦਾ ਨਤੀਜਾ ਹੈ ਕਿ ਪ੍ਰਧਾਨ ਮੰਤਰੀ ਮਣੀਪੁਰ ਵੱਲੋਂ ਬੇਫਿਕਰ ਹਨ। ਮਣੀਪੁਰ ਦੇ ਸ਼ਾਂਤੀਪਸੰਦ ਲੋਕ ਭਾਰੀ ਗੁੱਸੇ ਵਿੱਚ ਹਨ। ਮਣੀਪੁਰ ਵਿੱਚ ਪ੍ਰਧਾਨ ਮੰਤਰੀ ਲਾਪਤਾ ਦੇ ਪੋਸਟਰ ਲੱਗ ਗਏ ਹਨ। ‘ਮਨ ਕੀ ਬਾਤ’ ਪ੍ਰੋਗਰਾਮ ਦੇ ਪ੍ਰਸਾਰਨ ਮੌਕੇ ਲੋਕਾਂ ਨੇ ਰੇਡੀਓ ਸੈਟ ਤੋੜ ਕੇ ਆਪਣਾ ਵਿਰੋਧ ਪ੍ਰਗਟ ਕੀਤਾ ਸੀ। ਮਣੀਪੁਰ ਦੇ ਭਾਜਪਾ ਵਿਧਾਇਕਾਂ ਦੇ ਦੋ ਗਰੁੱਪ ਪਿਛਲੇ ਇੱਕ ਹਫ਼ਤੇ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਦਿੱਲੀ ਵਿੱਚ ਬੈਠੇ ਹਨ, ਪਰ ਉਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਇਨ੍ਹਾਂ ਮੇਤੇਈ ਕਬੀਲੇ ਦੇ 9 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਿੱਤੇ ਮੰਗ-ਪੱਤਰ ਵਿੱਚ ਕਿਹਾ ਹੈ ਕਿ ਰਾਜ ਵਿੱਚ ਅਮਨ-ਕਾਨੂੰਨ ਦੀ ਹਾਲਤ ਬਦਤਰ ਹੋ ਚੁੱਕੀ ਹੈ। ਮੌਜੂਦਾ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸੂਬੇ ਦੀ ਅਖੰਡਤਾ ਨੂੰ ਕਾਇਮ ਰੱਖਦਿਆਂ ਕੁੱਕੀ ਖੇਤਰ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਵਫ਼ਦ, ਜਿਸ ਵਿੱਚ ਸਹਿਯੋਗੀ ਪਾਰਟੀਆਂ ਦੇ ਵਿਧਾਇਕ ਵੀ ਸ਼ਾਮਲ ਸਨ ਨੇ ਵੀ ਪ੍ਰਧਾਨ ਮੰਤਰੀ ਦੀ ਥਾਂ ਰਾਜਨਾਥ ਸਿੰਘ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਪੇਸ਼ ਕੀਤਾ ਸੀ, ਜਿਸ ਵਿੱਚ ਕੁੱਕੀ ਭਾਈਚਾਰੇ ਲਈ ਵੱਖਰੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਗਿਆ ਸੀ। ਇਸ ਤੋਂ ਸਪੱਸ਼ਟ ਹੈ ਕਿ ਮਣੀਪੁਰ ਵਿੱਚ ਭਾਜਪਾ ਵੀ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ, ਜਿਸ ਦਾ ਖਮਿਆਜ਼ਾ ਮਣੀਪੁਰ ਦੀ ਜਨਤਾ ਭੁਗਤ ਰਹੀ ਹੈ।
ਇਸੇ ਦੌਰਾਨ ਮਣੀਪੁਰ ਦੀਆਂ 75 ਔਰਤਾਂ ਨੇ ਜੰਤਰ-ਮੰਤਰ ਉੱਤੇ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਮਣੀਪੁਰ ਵਿੱਚ ਸਾਰੇ ਭਾਈਚਾਰੇ ਸ਼ਾਂਤੀ ਨਾਲ ਰਹਿ ਰਹੇ ਸਨ, ਪਰ ਹੁਣ ਇੱਕ-ਦੂਜੇ ਦੇ ਦੁਸ਼ਮਣ ਬਣਾ ਦਿੱਤੇ ਗਏ ਹਨ। ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ ਆਏ ਹਾਂ। ਪਿਛਲੇ 45 ਦਿਨਾਂ ਤੋਂ ਹਿੰਸਾ ਜਾਰੀ ਹੈ, ਕਈ ਮੌਤਾਂ ਹੋ ਚੁੱਕੀਆਂ ਹਨ, ਇਸ ਦੇ ਬਾਵਜੂਦ ਨਾ ਪ੍ਰਧਾਨ ਮੰਤਰੀ ਆਏ ਤੇ ਨਾ ਉਨ੍ਹਾ ਕੋਈ ਸ਼ਬਦ ਬੋਲਿਆ। ਕੀ ਅਸੀਂ ਭਾਰਤ ਦੇ ਨਾਗਰਿਕ ਨਹੀਂ ਹਾਂ?
ਮਣੀਪੁਰ ਵਿੱਚ ਗ੍ਰਹਿ ਯੁੱਧ ਲੱਗਾ ਹੋਇਆ ਹੈ ਤੇ ਪ੍ਰਧਾਨ ਮੰਤਰੀ ਵਿਦੇਸ਼ੀ ਮਹਿਮਾਨ-ਨਵਾਜ਼ੀ ਦਾ ਲੁਤਫ਼ ਉਠਾ ਰਹੇ ਹਨ।
-ਚੰਦ ਫਤਿਹਪੁਰੀ



