32.9 C
Jalandhar
Thursday, March 28, 2024
spot_img

ਅਗਨੀਪੱਥ ਦਾ ਪੰਜਾਬ ‘ਚ ਤਿੱਖਾ ਵਿਰੋਧ

ਲੁਧਿਆਣਾ. (ਐੱਮ ਐੱਸ ਭਾਟੀਆ) ਬੁੱਧਵਾਰ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ), ਲੁਧਿਆਣਾ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਸਕੀਮ ਨੂੰ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਨਾ ਕੇਵਲ ਨੌਜਵਾਨਾਂ ਦੇ ਭਵਿੱਖ ਨਾਲ ਧੋਖਾ ਹੈ, ਬਲਕਿ ਸਾਡੀ ਫੌਜ ਨੂੰ ਵੀ ਕਮਜ਼ੋਰ ਕਰ ਦੇਵੇਗੀ | 4 ਸਾਲ ਦੀ ਫੌਜ ਵਿਚ ਨੌਕਰੀ ਕਰਨ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਪੈ ਜਾਏਗਾ, ਕਿਉਂਕਿ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਹੈ ਤੇ ਫੇਰ ਇਨ੍ਹਾਂ ਨੂੰ ਨੌਕਰੀਆਂ ਕਿਥੇ ਮਿਲਣਗੀਆਂ | ਇਹ ਵੀ ਸਾਫ ਹੈ ਕਿ ਚਾਰ ਸਾਲ ਤੋਂ ਬਾਅਦ ਇਨ੍ਹਾਂ ਨੂੰ ਸਾਬਕਾ ਫੌਜੀ ਨਹੀਂ ਮੰਨਿਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਸਾਬਕਾ ਫੌਜੀਆਂ ਨੂੰ ਮਿਲਣ ਵਾਲੇ ਲਾਭ ਜਿਵੇਂ ਮੈਡੀਕਲ ਸਹੂਲਤਾਂ, ਪੈਨਸ਼ਨ ਤੇ ਕੰਟੀਨ ਸਹੂਲਤਾਂ ਆਦਿ ਵੀ ਨਹੀਂ ਮਿਲਣਗੀਆਂ |
ਭਾਜਪਾ ਆਗੂਆਂ ਦੇ ਬਿਆਨਾਂ ਤੋਂ ਹੁਣ ਇਹ ਗੱਲ ਸਾਫ ਹੈ ਕਿ ਇਹ ਬੱਚੇ ਕਾਰਪੋਰੇਟ ਘਰਾਣਿਆਂ ਦੀ ਰੱਖਿਆ ਲਈ ਸਕਿਉਰਟੀ ਗਾਰਡ ਵਜੋਂ ਕੰਮ ‘ਤੇ ਲਾ ਦਿੱਤੇ ਜਾਣਗੇ ਅਤੇ ਇਨ੍ਹਾਂ ਵਿੱਚੋਂ ਚੁਣ ਕੇ ਕਈਆਂ ਨੂੰ ਹਿਟਲਰ ਦੀ ਤਰਜ਼ ‘ਤੇ ਐੱਸ ਐੱਸ ਵਰਗੇ ਬਣਾਏ ਜਾਣ ਦਾ ਖਤਰਾ ਹੈ, ਜੋ ਕਿ ਘੱਟ-ਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਵਿਰੁੱਧ ਹਿੰਸਾ ਕਰਨ ਲਈ ਵਰਤੇ ਜਾਣਗੇ | ਇਹ ਕਹਿਣਾ ਕਿ ਉਨ੍ਹਾਂ ਨੂੰ ਬਾਰ੍ਹਵੀਂ ਦਾ ਸਰਟੀਫਿਕੇਟ ਮਿਲ ਜਾਏਗਾ, ਅਜੀਬ ਜਿਹੀ ਗੱਲ ਹੈ, ਕਿਉਂਕਿ ਇਸ ਦੀ ਵਿਆਖਿਆ ਨਹੀਂ ਕੀਤੀ ਗਈ ਹੈ ਕਿ ਉਹ ਵਿਗਿਆਨ ਜਾਂ ਆਰਟਸ ਕਿਹੜੇ ਵਿਸ਼ਿਆਂ ਵਿੱਚ ਅੱਗੇ ਪੜ੍ਹਾਈ ਕਰ ਸਕਣਗੇ | ਜਦੋਂ 4 ਸਾਲ ਦੇ ਬਾਅਦ ਨੌਕਰੀ ਜਾਣ ਦਾ ਖਤਰਾ ਮੰਡਰਾਉਂਦਾ ਹੋਵੇ ਤਾਂ ਕੋਈ ਵੀ ਵਿਅਕਤੀ ਮਨ ਲਗਾ ਕੇ ਕੰਮ ਨਹੀਂ ਕਰ ਸਕਦਾ | ਇੰਨੇ ਥੋੜ੍ਹੇ ਸਮੇਂ ਵਿਚ ਤਾਂ ਟ੍ਰੇਨਿੰਗ ਵੀ ਪੂਰੀ ਨਹੀਂ ਹੁੰਦੀ, ਇਸ ਲਈ ਸਾਡੀ ਫੌਜ ਵੀ ਕਮਜ਼ੋਰ ਹੋ ਜਾਏਗੀ ਅਤੇ ਚੀਨ ਤੇ ਪਾਕਿਸਤਾਨ ਵਰਗੀਆਂ ਫੌਜਾਂ ਦਾ ਕਿਵੇਂ ਮੁਕਾਬਲਾ ਕਰੇਗੀ | ਸਿਰਫ 6 ਮਹੀਨਿਆਂ ਦੀ ਟ੍ਰੇਨਿੰਗ, ਜੋ ਕਿ ਘੱਟ ਹੈ, ਕਰਕੇ ਯੁੱਧ ਦੀ ਸਥਿਤੀ ਦੇ ਵਿਚ, ਇਨ੍ਹਾਂ ਨੌਜਵਾਨਾਂ ਵਿੱਚ ਮੌਤ ਦਾ ਖਤਰਾ ਜ਼ਿਆਦਾ ਰਹੇਗਾ | ਇਹ ਸਿਸਟਮ ਤਾਂ ਠੇਕੇਦਾਰੀ ਪ੍ਰਬੰਧ ਵਿੱਚ ਦਾਖਲ ਹੋਣ ਦਾ ਇੱਕ ਨਮੂਨਾ ਹੈ | ਬਾਅਦ ਵਿਚ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਆਪਣੇ ਹੱਕਾਂ ਲਈ ਧਰਨਿਆਂ ‘ਤੇ ਬੈਠਣਾ ਪਏਗਾ |
ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕਾਮਰੇਡ ਡੀ ਪੀ ਮੌੜ, ਡਾ. ਅਰੁਣ ਮਿੱਤਰਾ, ਰਮੇਸ਼ ਰਤਨ, ਚਮਕੌਰ ਸਿੰਘ, ਵਿਜੇ ਕੁਮਾਰ, ਕੇਵਲ ਸਿੰਘ ਬਣਵੈਤ, ਕਾ. ਕੁਲਦੀਪ ਬਿੰਦਰ, ਗੁਰਮੇਲ ਮੈਲਡੇ, ਕੁਲਵੰਤ ਕੌਰ ਅਤੇ ਡਾ. ਵਿਨੋਦ ਕੁਮਾਰ ਆਦਿ ਸ਼ਾਮਲ ਸਨ | ਕਾ. ਰਫੀਕ ਮੋਹੰਮਦ, ਕਰਮਾਲ ਸਿੰਘ, ਅਨੋਦ ਕੁਮਾਰ, ਸੰਜੀਤ ਕੁਮਾਰ, ਸੁਸ਼ੀਲ ਅਗਰਵਾਲ, ਸਤਨਾਮ ਸਿੰਘ, ਦਰਸ਼ਨ ਸਿੰਘ, ਰਾਮ ਚੰਦ, ਸਰੋਜ ਕੁਮਾਰ ਆਦਿ ਨੇ ਤਖਤੀਆਂ ਅਤੇ ਝੰਡੇ ਫੜ ਕੇ ਮੋਦੀ ਸਰਕਾਰ ਖਿਲਾਫ ਰੋਹ ਜ਼ਾਹਰ ਕੀਤਾ |
ਪਟਿਆਲਾ : ਇੱਥੇ ਮਿੰਨੀ ਸਕੱਤਰੇਤ ਦੇ ਸਾਹਮਣੇ ਭਾਰਤ ਸਰਕਾਰ ਵੱਲੋਂ ਫੌਜ ਵਿੱਚ ਅਗਨੀਵੀਰ ਦੇ ਨਾਂਅ ‘ਤੇ ਭਰਤੀ ਕਰਨ ਦੀ ਜੋ ਅਗਨੀਪੱਥ ਸਕੀਮ ਲਿਆਂਦੀ ਗਈ ਹੈ, ਇਸ ਦੇ ਵਿਰੋਧ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680, 22ਬੀ, ਚੰਡੀਗੜ੍ਹ ਦੇ ਸੱਦੇ ‘ਤੇ ਰੋਸ ਮਾਰਚ ਕਰਨ ਉਪਰੰਤ ਭਰਵੀਂ ਸ਼ਮੂਲੀਅਤ ਵਾਲੀ ਰੈਲੀ ਕੀਤੀ ਗਈ | ਜੰਗਲਾਤ ਦਫਤਰ, ਪਟਿਆਲਾ ਦੇ ਸਾਹਮਣੇ ਇਕੱਠੇ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਅਦਾਰਿਆਂ ਦੇ ਕਰਮਚਾਰੀ ਰੋਸ ਮਾਰਚ ਕਰਦੇ ਹੋਏ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਪੁੱਜੇ | ਇਸ ਰੋਸ ਮਾਰਚ ਦੀ ਅਗਵਾਈ ਪ.ਸ.ਸ.ਫ. ਦੇ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੋਲੱਖਾ, ਮਾਧੋ ਰਾਹੀ ਅਤੇ ਹੋਰ ਮੁੱਖ ਆਗੂ ਕਰ ਰਹੇ ਸਨ | ਇਸ ਐਕਸ਼ਨ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਵੀ ਸ਼ਿਰਕਤ ਕੀਤੀ |
ਮਿੰਨੀ ਸਕੱਤਰੇਤ ਦੇ ਸਾਹਮਣੇ ਇਕੱਠ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਪੰਜਾਬ ਦੇ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਲੁਬਾਣਾ, ਪੰਜਾਬ ਏਟਕ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ, ਜਗਮੋਹਨ ਸਿੰਘ ਨੋਲੱਖਾ ਅਤੇ ਮਾਧੋ ਰਾਹੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿੱਥੇ ਪਹਿਲਾਂ ਹੀ ਨਿੱਜੀਕਰਨ, ਠੇਕੇਦਾਰੀ ਪ੍ਰਥਾ ਰਾਹੀਂ ਆਊਟਸੋਰਸ ਭਰਤੀ, ਕਾਰਪੋਰੇਟੀ ਲੁੱਟ ਨੂੰ ਖੁੱਲ੍ਹੀ ਛੁੱਟੀ, ਸਰਕਾਰੀ ਅਦਾਰਿਆਂ ਨੂੰ ਵੇਚਣਾ ਅਤੇ ਨਿੱਜੀਕਰਨ ਕਰਨਾ, ਨੋਟਬੰਦੀ, ਜੀ.ਐੱਸ.ਟੀ., ਕਿਸਾਨ ਵਿਰੋਧੀ ਕਾਨੂੰਨ, ਮਜ਼ਦੂਰ ਵਿਰੋਧੀ, ਲੇਬਰ ਕੋਡਜ਼ ਆਦਿ ਵਰਗੇ ਅੱਤ ਦੇ ਲੋਕ ਵਿਰੋਧੀ ਫੈਸਲਿਆਂ ਰਾਹੀਂ ਦੇਸ਼ ਦੀ ਆਮ ਜਨਤਾ ਨੂੰ ਮੰਦਹਾਲੀ ਦੀ ਹਾਲਤ ਵਿੱਚ ਪਹੁੰਚਾ ਦਿੱਤਾ ਹੈ | ਉੱਥੇ ਹੁਣ ਸਭ ਹੱਦਾਂ ਬੰਨੇ ਟੱਪ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਜਾਨਾਂ ਨਿਛਾਵਰ ਕਰਨ ਵਾਲੇ ਫੌਜੀ ਯੋਧਿਆਂ ਦੀਆਂ ਨੌਕਰੀਆਂ ਵੀ ਠੇਕੇਦਾਰੀ ਸਿਸਟਮ ਰਾਹੀਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਦੀ ਭੇਟ ਚਾੜ੍ਹ ਦਿੱਤੀਆਂ ਹਨ | ਇਹ ਅਗਨੀਪੱਥ ਯੋਜਨਾ ਸਿਰਫ ਇਹੀ ਨਹੀਂ ਕਿ ਫੌਜੀ ਭਰਤੀ ਅਗਨੀਵੀਰਾਂ ਦੇ ਨਾਂਅ ਥੱਲੇ ਠੇਕੇ ‘ਤੇ ਹੋਵੇਗੀ, ਸਗੋਂ ਇਹ ਯੋਜਨਾ ਦੇ ਪਿੱਛੇ ਛੁਪੇ ਹੋਰ ਬੜੇ ਗੰਭੀਰ ਸੱਚ ਹਨ, ਜਿਹੜੇ ਸਾਡੇ ਭਾਰਤੀ ਸਮਾਜ ਲਈ ਭਿਆਨਕ ਸਿੱਟੇ ਸਾਹਮਣੇ ਲੈ ਕੇ ਆਉਣਗੇ, ਕਿਉਂਕਿ ਸਿਰਫ 4 ਸਾਲ ਲਈ ਕੱਚੇ ਕਾਮੇ ਦੇ ਤੌਰ ‘ਤੇ ਭਰਤੀ ਅਤੇ 21 ਸਾਲ ਦੀ ਉਮਰ ਵਿੱਚ ਉਸ ਨੂੰ ਘਰ ਭੇਜ ਦੇਣਾ ਉਹ ਵੀ ਹਥਿਆਰਾਂ ਦੀ ਟਰੇਨਿੰਗ ਦੇ ਕੇ ਤਾਂ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਬੇਰੁਜ਼ਗਾਰ ਹੋਏ ਨੌਜੁਆਨਾਂ ਵਿੱਚੋਂ ਕੁੱਝ ਗਲਤ ਰਾਹ ਨਹੀਂ ਪੈਣਗੇ | ਆਗੂਆਂ ਨੇ ਕਿਹਾ ਕਿ ਫੌਜ ਵਿੱਚ ਹਰ ਸਾਲ 5055 ਹਜ਼ਾਰ ਫੌਜੀ ਭਰਤੀ ਹੁੰਦੇ ਹਨ, ਪਰ ਹੁਣ ਇਹ ਭਰਤੀ ਚਾਰ ਸਾਲ ਤੋਂ ਬੰਦ ਸੀ | ਭਾਵ ਕਿ ਹੁਣ 2 ਲੱਖ ਤੋਂ ਵੱਧ ਨੌਜੁਆਨਾਂ ਦੀ ਪੱਕੇ ਤੌਰ ‘ਤੇ ਭਰਤੀ ਕਰਨੀ ਬਣਦੀ ਸੀ, ਜਿਸ ਨੂੰ ਰੋਕ ਕੇ ਨੌਜੁਆਨਾਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਕੀਤਾ ਗਿਆ ਹੈ | ਲੱਖਾਂ ਹੀ ਨੌਜੁਆਨ ਉਹ ਹਨ, ਜਿਨ੍ਹਾਂ ਦੇ ਫਿਜ਼ੀਕਲ ਅਤੇ ਮੈਡੀਕਲ ਟੈਸਟ ਹੋ ਚੁੱਕੇ ਹਨ ਅਤੇ ਉਹ ਹੁਣ ਲਿਖਤੀ ਟੈਸਟ ਦੀ ਤਿਆਰੀ ਲਈ ਕੋਚਿੰਗ ਲੈ ਰਹੇ ਸਨ | ਉਹੀ ਨੌਜੁਆਨ ਜਿਹੜੇ ਬੜੇ ਉਤਸ਼ਾਹ ਨਾਲ ਫੌਜ ਵਿੱਚ ਭਰਤੀ ਦੀ ਉਡੀਕ ਕਰ ਰਹੇ ਸਨ, ਉਹ ਅੱਜ ਸੜਕਾਂ ‘ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹਨ |
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਾਰੇ ਪੰਜਾਬ ਦੇ ਜ਼ਿਲਿ੍ਹਆਂ ਵਿੱਚ ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਰੈਲੀਆਂ/ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਦੇਸ਼ ਦੇ ਸੁਚੇਤ ਲੋਕਾਂ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਸਮਰਥਨ ਕਰਦੇ ਹੋਏ ਇਸ ਦੇਸ਼ ਭਗਤੀ ਦੀ ਅਤੇ ਨੌਜੁਆਨਾਂ ਦੇ ਭਵਿੱਖ ਦੀ ਲੜਾਈ ਨੂੰ ਜਿੱਤਿਆ ਜਾ ਸਕੇ | ਅੱਜ ਦੇ ਇਸ ਇਕੱਠ ਵਿੱਚ ਜਿਹੜੇ ਹੋਰ ਆਗੂ ਸ਼ਾਮਲ ਹੋਏ, ਉਨ੍ਹਾਂ ਵਿੱਚ ਸਰਵਸ੍ਰੀ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਮਾਧੋ ਲਾਲ, ਸੂਰਜ ਯਾਦਵ, ਬੰਸੀ ਲਾਲ, ਸੁਭਾਸ਼ ਪੀ.ਡਬਲਿਯੂ.ਡੀ., ਇੰਦਰਪਾਲ ਵਾਲੀਆ, ਬਲਵੀਰ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਗੁਰਵਿੰਦਰ ਗੋਲਡੀ, ਸੰਦੀਪ ਸਿੰਘ, ਤਰਲੋਚਨ ਮਾੜੂ, ਲਖਵੀਰ ਸਿੰਘ, ਵੈਧ ਪ੍ਰਕਾਸ਼, ਤਰਲੋਚਨ ਮੰਡੋਲੀ, ਅਨਿਲ ਕੁਮਾਰ, ਅਮਰੀਕ ਸਿੰਘ, ਜਗਮੇਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles