ਜੰਮੂ ਐਂਡ ਕਸ਼ਮੀਰ ਗ੍ਰਾਮੀਣ ਬੈਂਕ ਦੇ ਇਕ ਅਧਿਕਾਰੀ ਨੂੰ ਇਸ ਕਰਕੇ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਕਿਉਂਕਿ ਉਸ ਨੇ ਗੈਰ-ਸਥਾਨਕ ਮੁਲਾਜ਼ਮਾਂ ਨੂੰ ਵਾਦੀ ਵਿਚ ਕੰਮ ‘ਤੇ ਪਰਤਣ ਲਈ ਧਮਕਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਸੀ | ਦੋ ਜੂਨ ਨੂੰ ਕੁਲਗਾਮ ਜ਼ਿਲੇ੍ਹੇ ਵਿਚ ਸਟੇਟ ਬੈਂਕ ਆਫ ਇੰਡੀਆ ਦੀ ਸਰਪ੍ਰਸਤੀ ਵਾਲੇ ਇਲਾਕਾਈ ਦਿਹਾਤੀ ਬੈਂਕ ਦੇ ਰਾਜਸਥਾਨ ਨਾਲ ਸੰਬੰਧ ਰੱਖਦੇ ਬੈਂਕ ਮੈਨੇਜਰ ਵਿਜੇ ਕੁਮਾਰ ਬੇਨੀਵਾਲ ਦੇ ਦਹਿਸ਼ਤਗਰਦਾਂ ਹੱਥੋਂ ਕਤਲ ਤੋਂ ਬਾਅਦ ਬਾਹਰਲੇ ਰਾਜਾਂ ਦੇ ਕਈ ਬੈਂਕ ਮੁਲਾਜ਼ਮ ਵਾਦੀ ਛੱਡ ਗਏ ਸਨ | ਬੈਂਕ ਮੈਨੇਜਰ ਤੋਂ ਇਲਾਵਾ ਪਿਛਲੇ ਦਿਨੀਂ ਟੀਚਰਾਂ ਦੇ ਕਤਲਾਂ ਕਾਰਨ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਪ੍ਰਸ਼ਾਸਨ ਬਾਹਰਲੇ ਮੁਲਾਜ਼ਮਾਂ ਤੇ ਪ੍ਰਵਾਸੀ ਪੰਡਤਾਂ ਦੇ ਪੋ੍ਰਟੈੱਸਟ ਦਾ ਸਾਹਮਣਾ ਕਰ ਰਿਹਾ ਹੈ, ਜਿਹੜੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਵਾਦੀ ਤੋਂ ਬਾਹਰ ਨਿਯੁਕਤ ਕੀਤਾ ਜਾਵੇ | ਇਹ ਲੋਕ ਪ੍ਰਧਾਨ ਮੰਤਰੀ ਮੁੜ-ਵਸੇਬਾ ਪੈਕੇਜ ਤਹਿਤ ਵਾਦੀ ਵਿਚ ਨੌਕਰੀਆਂ ਕਰਨ ਆਏ ਸਨ, ਪਰ ਪਿਛਲੇ ਦਿਨਾਂ ਤੋਂ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣੀ ਬੱਲੇ-ਬੱਲੇ ਕਰਾਉਣ ਲਈ ਉਨ੍ਹਾਂ ਨੂੰ ਬਲਦੀ ਦੇ ਬੁੱਥੇ ਪਾ ਦਿੱਤਾ ਹੈ | ਗ੍ਰਾਮੀਣ ਬੈਂਕ ਦੇ ਮੈਨੇਜਰ ਤੇ ਬੈਂਕ ਦੇ ਅਫਸਰਾਂ ਦੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੂੰ ਲੰਘੇ ਸੋਮਵਾਰ ਇਹ ਦੋਸ਼ ਲਾ ਕੇ ਨੌਕਰੀ ਤੋਂ ਹਟਾ ਦਿੱਤਾ ਗਿਆ ਕਿ ਉਹ ਬਾਹਰਲੇ ਮੁਲਾਜ਼ਮਾਂ ਨੂੰ ਡਿਊਟੀ ‘ਤੇ ਨਾ ਆਉਣ ਲਈ ਭੜਕਾ ਰਿਹਾ ਸੀ | ਇਹ ਬੈਂਕ ਜੰਮੂ ਐਂਡ ਕਸ਼ਮੀਰ ਬੈਂਕ ਨਾਲ ਜੁੜੀ ਹੋਈ ਹੈ | ਉਸ ਦੀ ਬਰਤਰਫੀ ਦਾ ਵੱਖ-ਵੱਖ ਬੈਂਕਾਂ ਦੇ ਮੁਲਾਜ਼ਮਾਂ ਦੇ ਸਾਂਝੇ ਮੰਚ ਨੇ ਤਕੜਾ ਵਿਰੋਧ ਕੀਤਾ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਧਿਕਾਰੀ ਦੀ ਬਰਤਰਫੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ | ਮੰਚ ਨੇ ਕਸ਼ਮੀਰ ਨੂੰ ਅਸੁਰੱਖਿਅਤ ਦੱਸਦਿਆਂ ਕੇਂਦਰੀ ਵਿੱਤ ਮੰਤਰੀ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਗੈਰ-ਸਥਾਨਕ ਮੁਲਾਜ਼ਮਾਂ ਨੂੰ ਵਾਦੀ ਤੋਂ ਬਾਹਰ ਨਿਯੁਕਤ ਕੀਤਾ ਜਾਵੇ | ਇਸ ਦੇ ਬਾਵਜੂਦ ਬੈਂਕ ਦੇ ਪ੍ਰਬੰਧਕਾਂ ਨੇ ਮੁਲਾਜ਼ਮਾਂ ਨੂੰ ਹੁਕਮ ਦਿੱਤਾ ਕਿ ਉਹ 14 ਜੂਨ ਤੱਕ ਆਪਣੀਆਂ ਪਹਿਲੀਆਂ ਡਿਊਟੀਆਂ ‘ਤੇ ਹਾਜ਼ਰੀ ਦੇਣ | ਸਤਵਿੰਦਰ ਦੀ ਅਫਸਰਾਂ ਦੀ ਐਸੋਸੀਏਸ਼ਨ ਨੇ ਬੈਂਕ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਕਿਹਾ ਕਿ ਇਹ ਹੁਕਮ ਗੈਰ-ਸਥਾਨਕ ਮੁਲਾਜ਼ਮਾਂ ਦੀਆਂ ਜਾਨਾਂ ਲੈ ਸਕਦਾ ਹੈ, ਕਿਉਂਕਿ ਇਥੇ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਨਹੀਂ ਮਿਲ ਰਹੀ | ਇਸ ਤੋਂ ਬਾਅਦ ਸਤਵਿੰਦਰ ਨੂੰ 16 ਜੂਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕਿਹਾ ਗਿਆ ਕਿ ਉਹ ਬਾਹਰਲਿਆਂ ਨੂੰ ਵਾਪਸ ਆਉਣ ਤੋਂ ਰੋਕ ਰਿਹਾ ਹੈ ਤੇ ਬਗਾਵਤ ਲਈ ਉਕਸਾ ਰਿਹਾ ਹੈ | ਨੋਟਿਸ ਦਾ ਜਵਾਬ ਦੋ ਦਿਨਾਂ ਵਿਚ ਮੰਗਿਆ ਗਿਆ | ਸਤਵਿੰਦਰ ਨੇ ਜਵਾਬ ਵਿਚ ਕਿਹਾ ਕਿ ਨਿਯਮਾਂ ਮੁਤਾਬਕ ਨੋਟਿਸ 15 ਦਿਨ ਦਾ ਦਿੱਤਾ ਜਾਂਦਾ ਹੈ | ਉਸ ਨੇ ਇਹ ਵੀ ਕਿਹਾ ਕਿ ਉਹ ਬਿਮਾਰ ਹੈ ਤੇ ਡਾਕਟਰ ਦਾ ਸਰਟੀਫਿਕੇਟ ਵੀ ਭੇਜਿਆ, ਪਰ ਹੋਰ ਵਕਤ ਦਿੱਤੇ ਬਿਨਾਂ ਸੋਮਵਾਰ ਉਸ ਨੂੰ ਬਰਤਰਫ ਕਰ ਦਿੱਤਾ ਗਿਆ | ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਖਤਮ ਕਰਕੇ ਜੰੰਮੂ-ਕਸ਼ਮੀਰ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬਦਲਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਣ ਲਈ ਕੇਂਦਰ ਸਰਕਾਰ ਕਹਿੰਦੀ ਆ ਰਹੀ ਹੈ ਕਿ ਉਸ ਤੋਂ ਬਾਅਦ ਉਥੇ ਕਾਫੀ ਅਮਨ-ਅਮਾਨ ਹੋ ਗਿਆ ਹੈ, ਪਰ ਜ਼ਮੀਨੀ ਹਕੀਕਤਾਂ ਹੋਰ ਹਨ | ਦਹਿਸ਼ਤਗਰਦਾਂ ਵੱਲੋਂ ਆਏ ਦਿਨ ਗੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਉਸ ਦੇ ਦਾਅਵਿਆਂ ਦੀ ਫੂਕ ਕੱਢਦੀਆਂ ਰਹਿੰਦੀਆਂ ਹਨ | ਸਤਵਿੰਦਰ ਦਾ ਕਸੂਰ ਸਿਰਫ ਏਨਾ ਹੈ ਕਿ ਉਸ ਨੇ ਬਾਹਰਲੇ ਮੁਲਾਜ਼ਮਾਂ ਦੀਆਂ ਜਾਨਾਂ ਬਚਾਉਣ ਵਾਲਾ ਸਟੈਂਡ ਲਿਆ, ਪਰ ਕੇਂਦਰ ਦੇ ਸਿੱਧੇ ਦਖਲ ਨਾਲ ਚੱਲਣ ਵਾਲੇ ਪ੍ਰਸ਼ਾਸਨ ਨੂੰ ਪਸੰਦ ਨਹੀਂ ਕਿ ਕੋਈ ਮੋਦੀ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰੇ |





