ਲੁਧਿਆਣਾ (ਭਾਟੀਆ, ਕਥੂਰੀਆ, ਸ਼ਰਮਾ)
ਏਟਕ ਪੰਜਾਬ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪ੍ਰਧਾਨ ਬੰਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੁੱਖ ਏਜੰਡਾ 4 ਯੂਨੀਅਨਾਂ ਏਟਕ ਪੰਜਾਬ, ਹਿੰਦ ਮਜ਼ਦੂਰ ਸਭਾ, ਸੀ ਟੀ ਯੂ ਪੰਜਾਬ ਅਤੇ ਇੰਟਕ ਪੰਜਾਬ ਵੱਲੋਂ ਘੱਟੋ-ਘੱਟ ਉਜਰਤ ਨੂੰ ਲੈ ਕੇ ਲੇਬਰ ਦਫਤਰ ਮੁਹਾਲੀ ਵਿਖੇ 14 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸੰਬੰਧੀ ਸੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਏਟਕ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਜ਼ਦੂਰਾਂ ਨੂੰ ਭੁੱਖੇ ਮਰਨ ਦੀਆਂ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਲਈ ਘੱਟੋ-ਘੱਟ ਉਜਰਤ 26000 ਰੁਪਏ ਮਹੀਨਾ ਕਰਵਾਉਣ ਲਈ ਅਤੇ ਮਜ਼ਦੂਰਾਂ ਦੀਆਂ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ। ਮੁੱਖ ਮੰਗਾਂ ਵਿੱਚ ਗੈਰ-ਹੁਨਰਮੰਦ ਮਜ਼ਦੂਰ ਦੀ ਘੱਟੋ-ਘੱਟ ਤਨਖਾਹ 26000/ ਅਤੇ ਇਸੇ ਅਨੁਪਾਤ ਨਾਲ ਉਪਰਲੀਆਂ ਕੈਟਾਗਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਹਾਈਟੈੱਕ ਭੱਠਿਆਂ ਦੇ ਕਿਰਤੀਆਂ ਦੀਆਂ ਘੱਟੋ-ਘੱਟ ਤਨਖਾਹਾਂ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਬਣਾਈ ਗਈ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਤੈਅ ਕੀਤੀਆਂ ਜਾਣ, ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਆਸ਼ਾ ਵਰਕਰਾਂ ਨੂੰ ਵਰਕਰ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਲੇਬਰ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ, ਮਜ਼ਦੂਰ ਵਿਰੋਧੀ 4 ਲੇਬਰ ਕਾਰਡ ਰੱਦ ਕੀਤੇ ਜਾਣ, ਠੇਕਾ ਭਰਤੀ/ ਆਊਟਸੋਰਸ ਵਰਕਰਾਂ ਨੂੰ ਬਿਨਾਂ ਭੇਦਭਾਵ ਦੇ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਨਰੇਗਾ ਵਰਕਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ ਸਾਲਾਨਾ 200 ਦਿਨ ਕੰਮ ਦਿੱਤਾ ਜਾਵੇ। ਮਨਰੇਗਾ ਸਕੀਮ ਸ਼ਹਿਰਾਂ ਵਿਚ ਵੀ ਲਾਗੂ ਕੀਤੀ ਜਾਵੇ, ਰਜਿਸਟਰਡ ਲਾਭਪਾਤਰੀ ਉਸਾਰੀ ਮਜ਼ਦੂਰਾਂ ਦੀ ਮੌਤ ਉਪਰੰਤ ਐੱਕਸ ਗਰੇਸੀਆ ਦੀ ਰਕਮ 2 ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਰੁਪਏ ਕੀਤੀ ਜਾਵੇ, ਆਯੂਸ਼ਮਾਨ ਇਲਾਜ ਕਾਰਡ ਬੰਦ ਕਰਕੇ ਲਾਭਪਾਤਰੀਆਂ ਨੂੰ ਇਲਾਜ ਦੇ ਪੂਰੇ ਪੈਸੇ ਦਿੱਤੇ ਜਾਣ, ਲਾਭਪਾਤਰੀ ਰਜਿਸਟ੍ਰੇਸ਼ਨ ਸਮੇਂ ਨਾਂਅ ਅਤੇ ਬੈਂਕ ਖਾਤੇ ਦੀ ਦਰੁਸਤੀ ਦੇ ਅਧਿਕਾਰ ਏ ਐੱਲ ਸੀ ਅਧਿਕਾਰੀ ਨੂੰ ਦਿੱਤੇ ਜਾਣ, ਲਾਭ ਸਕੀਮਾਂ ਦੇ ਸਾਰੇ ਸਾਰੇ ਪੈਂਡਿੰਗ ਅਤੇ ਡੀ ਬੀ ਟੀ ਕੇਸਾਂ ਦਾ ਨਿਪਟਾਰਾ ਕਰਨ ਲਈ ਸਮਾਂ-ਸੀਮਾ ਤੈਅ ਕੀਤੀ ਜਾਵੇ, ਹਰ ਤਹਿਸੀਲ ਵਿੱਚ ਲਾਭਪਾਤਰੀ ਸਕੀਮਾਂ ਪਾਸ ਕਰਨ ਲਈ ਮਹੀਨੇ ਵਿੱਚ ਇੱਕ ਮੀਟਿੰਗ ਲਾਜ਼ਮੀ ਕੀਤੀ ਜਾਵੇ, ਬੀ ਓ ਸੀ ਦੇ ਅੰਦਰ ਕੰਮ ਕਰਦੇ ਮੁਲਾਜ਼ਮਾਂ ਨੂੰ ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਮੁੜ ਮੈਂਬਰ ਬਣਾ ਕੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ, ਪੇਂਡੂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਮੁੜ ਚਾਲੂ ਕੀਤੀ ਜਾਵੇ, ਪੰਜਾਬ ਘਰੇਲੂ ਮਜ਼ਦੂਰ ਵੈੱਲਫੇਅਰ ਬੋਰਡ ਬਣਾਇਆ ਜਾਵੇ, ਪ੍ਰਾਪਰਟੀ ਟੈਕਸ ਦਾ 5 ਫੀਸਦੀ ਹਿੱਸਾ ਘਰੇਲੂ ਮਜ਼ਦੂਰਾਂ ਦੇ ਵੈੱਲਫੇਅਰ ਬੋਰਡ ਵਿੱਚ ਜਮ੍ਹਾਂ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਇੰਟੈਗ੍ਰੇਟਿਡ ਚੈੱਕ ਪੋਸਟ (ਖੁਸ਼ਕ ਬੰਦਰਗਾਹ ਅਟਾਰੀ) ਵਿਖੇ ਕੰਮ ਕਰ ਰਹੇ ਕੁੱਲੀਆਂ ਉਪਰ ਲੇਬਰ ਕਾਨੂੰਨ ਲਾਗੂ ਕੀਤੇ ਜਾਣ।
ਮੀਟਿੰਗ ਨੂੰ ਅਮਰਜੀਤ ਸਿੰਘ ਆਸਲ, ਸੁਖਦੇਵ ਸ਼ਰਮਾ, ਐੱਮ ਐੱਸ ਭਾਟੀਆ, ਰਣਜੀਤ ਸਿੰਘ ਰਾਣਵਾਂ, ਗੁਰਮੇਲ ਮੈਲਡੇ, ਦੇਵੀ ਕੁਮਾਰੀ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਅਤੇ ਵੱਖ-ਵੱਖ ਜ਼ਿਲਿਆਂ ਤੋਂ ਆਏ ਏਟਕ ਦੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਰੈਲੀ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹ ਫੈਸਲਾ ਵੀ ਕੀਤਾ ਗਿਆ ਕਿ ਜੇ ਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਉੱਘੇ ਏਟਕ ਆਗੂ ਕਸ਼ਮੀਰ ਸਿੰਘ ਗਦਾਈਆ ’ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਏਟਕ ਪੰਜਾਬ ਇਸ ਲਈ ਸੰਘਰਸ਼ ਵਿੱਢੇਗੀ। ਮੀਟਿੰਗ ਵਿੱਚ ਹਾਜ਼ਰ ਸਾਰੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਲੈ ਕੇ ਰੈਲੀ ਵਿੱਚ ਪਹੁੰਚਣ ਦਾ ਭਰੋਸਾ ਦਿਵਾਇਆ।
ਅੰਤ ਵਿੱਚ ਬੰਤ ਬਰਾੜ ਨੇ ਸੰਬੋਧਨ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ।





