ਮੋਗਾ (ਅਮਰਜੀਤ ਬੱਬਰੀ)
ਮੋਗਾ ਪੰਜਾਬ ਦੀ ਪਹਿਲੀ ਨਗਰ ਨਿਗਮ ਬਣ ਜਾਵੇਗੀ, ਜਿੱਥੇ ‘ਆਪ’ ਦਾ ਮੇਅਰ ਬਣੇਗਾ। ਮੰਗਲਵਾਰ ‘ਆਪ’ ਨੇ ਬੇਭਰੋਸਗੀ ਮਤਾ ਲਿਆ ਕੇ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਨੂੰ ਕੁਰਸੀ ਤੋਂ ਲਾਹ ਦਿੱਤਾ। ਮੋਗਾ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਤੇ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਦੀ ਨਿਗਰਾਨੀ ਹੇਠ 50 ਕੌਂਸਲਰਾਂ ਵਿੱਚੋਂ 41 ਕੌਂਸਲਰਾਂ ਨੇ ਭੱਲਾ ਦੇ ਖਿਲਾਫ ਬੇਭਰੋਸਗੀ ਮਤੇ ’ਤੇ ਵੋਟ ਪਾਈ। ਇਸ ਤੋਂ ਬਾਅਦ ਭੱਲਾ ਨੇ ਅਸਤੀਫਾ ਦੇ ਦਿੱਤਾ। 37 ਸਾਲਾ ਨੀਤਿਕਾ ਭੱਲਾ 13 ਮਈ 2021 ਨੂੰ ਮੋਗਾ ਦੀ ਪਹਿਲੀ ਮਹਿਲਾ ਮੇਅਰ ਬਣੀ ਸੀ।
‘ਆਪ’ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਅਕਾਲੀ ਤੇ ਕਾਂਗਰਸੀ ਕੌਂਸਲਰਾਂ ਨੂੰ ‘ਆਪ’ ’ਚ ਸ਼ਾਮਲ ਕਰਨ ਤੋਂ ਬਾਅਦ ਬਹੁਮਤ ਦਾ ਦਾਅਵਾ ਕੀਤਾ ਸੀ। ਵੋਟਿੰਗ ਦੌਰਾਨ ਭੱਲਾ ਨੂੰ 7 ਕੌਂਸਲਰਾਂ ਦਾ ਸਮਰਥਨ ਹੀ ਮਿਲ ਸਕਿਆ। ਇਕ ਕੌਂਸਲਰ ਵਿਦੇਸ਼ ਵਿਚ ਹੈ ਅਤੇ ਇਕ ਹੋਰ ਗੈਰਹਾਜ਼ਰ ਰਿਹਾ। ਨਗਰ ਨਿਗਮ ’ਚ ਕੌਂਸਲਰਾਂ ਦੀ ਦਲ-ਬਦਲੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਦੋ ਵਰ੍ਹੇ ਪਹਿਲਾਂ ਅਪਰੈਲ 2021 ਵਿਚ ਹੋਈਆਂ ਨਿਗਮ ਚੋਣਾਂ ਵਿਚ ਕੁੱਲ 50 ਵਿੱਚੋਂ ਕਾਂਗਰਸ ਦੇ 20, ਅਕਾਲੀ ਦਲ ਦੇ 15, ‘ਆਪ’ ਦੇ 4, ਭਾਜਪਾ ਦਾ ਇਕ ਅਤੇ ਆਜ਼ਾਦ 10 ਉਮੀਦਵਾਰ ਜਿੱਤੇ ਸਨ।





