ਮੁਹਾਲੀ : ਪੰਜਾਬ ’ਚ ਕਾਂਗਰਸ ਦੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਬ੍ਰਹਮ ਮਹਿੰਦਰਾ ਦੇ ਮੁਹਾਲੀ ਨੇੜਲੇ ਫਾਰਮ ਹਾਊਸ ’ਤੇ ਬੁੱਧਵਾਰ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਨੇ ਦਸਤਕ ਦਿੱਤੀ। ਮਹਿੰਦਰਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਵਿਜੀਲੈਂਸ ਦੀ ਤਕਨੀਕੀ ਟੀਮ ਨੇ ਮੁਹਾਲੀ ਨੇੜੇ ਮਾਜਰਾ ਫਾਰਮ ਹਾਊਸ ਦੀ ਪੈਮਾਇਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਦੇ ਖੇਤ ਤੋਂ ਕਰੀਬ 5 ਕਿਲੋਮੀਟਰ ਦੂਰੀ ’ਤੇ ਇਹ ਫਾਰਮ ਹਾਊਸ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹੇ ਕਈ ਸਾਬਕਾ ਮੰਤਰੀਆਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੀਲੈਂਸ ਦਫਤਰ ਵਿਚ ਪੁੱਛ-ਪੜਤਾਲ ਲਈ ਤੀਜੀ ਵਾਰ ਪੇਸ਼ ਹੋਏ। ਵਿਜੀਲੈਂਸ ਨੇ ਉਨ੍ਹਾ ਤੋਂ ਕਰੀਬ 3 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀੇ।




