ਸਮਰਾਲਾ, (ਸੁਰਜੀਤ ਸਿੰਘ) -ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਦੇ ਸੱਦੇ ’ਤੇ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਨੇ ਬੁੱਧਵਾਰ ਬਿਜਲੀ ਨਿਗਮ ਦੇ ਮੁੱਖ ਦਫਤਰ ਦੇ ਗੇਟਾਂ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿੱਚ ਹਜ਼ਾਰਾਂ ਬਿਜਲੀ ਕਾਮਿਆਂ ਨੇ ਭਾਗ ਲਿਆ । ਇਸ ਮੌਕੇ ਪਟਿਆਲਾ ਦੇ ਪ੍ਰਸ਼ਾਸਨ ਨੇ ਜਾਇੰਟ ਫੋਰਮ ਦੇ ਆਗੂਆਂ ਨੂੰ ਬਿਜਲੀ ਮੰਤਰੀ ਨਾਲ 7 ਜੁਲਾਈ ਨੂੰ ਮੀਟਿੰਗ ਦਾ ਪੱਤਰ ਸੌਂਪਿਆ। ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਕਰਮ ਚੰਦ ਭਾਰਦਵਾਜ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਕੋਟਲੀ, ਸਿਕੰਦਰ ਨਾਥ, ਜਗਰੂਪ ਸਿੰਘ ਮਹਿਮਦਪੁਰ, ਗੁਰਚਰਨ ਸਿੰਘ, ਰਵੇਲ ਸਿੰਘ ਸਹਾਏਪੁਰ, ਕਮਲਜੀਤ ਸਿੰਘ, ਕੌਰ ਸਿੰਘ ਸੋਹੀ, ਬਲਵਿੰਦਰ ਸਿੰਘ ਸੰਧੂ, ਬਰਜਿੰਦਰ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਚਹਿਲ, ਰਘਬੀਰ ਸਿੰਘ ਰਾਮਗੜ੍ਹ, ਸੁਖਵਿੰਦਰ ਸਿੰਘ ਦੁੰਮਨਾ, ਲਖਵੰਤ ਸਿੰਘ ਦਿਓਲ, ਸਰਬਜੀਤ ਸਿੰਘ ਭਾਣਾ, ਬਲਜੀਤ ਸਿੰਘ ਮੋਦਲਾ ਤੇ ਰਾਮ ਸਿੰਘ ਸੈਣੀ ਆਦਿ ਨੇ ਦੱਸਿਆ ਕਿ ਜੁਲਾਈ ਦੇ ਚੌਥੇ ਹਫਤੇ ਸੂਬਾ ਪੱਧਰ ’ਤੇ ਇੱਕ ਰੋਜ਼ਾ ਮੁਕੰਮਲ ਹੜਤਾਲ ਕਰਨਗੇ। ਇਸ ਤੋਂ ਇਲਾਵਾ 20 ਜੁਲਾਈ ਨੂੰ ਬਿਜਲੀ ਮੰਤਰੀ ਦੇ ਘਰ ਅੱਗੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬੁਲਾਰਿਆਂ ਦੱਸਿਆ ਕਿ 25 ਮਈ ਨੂੰ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ 20 ਦਿਨਾਂ ਅੰਦਰ ਮੰਨੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਤੋਂ ਲਗਾਤਾਰ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਮੰਗਾਂ, ਜਿਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ, ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ, ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਪ੍ਰਤੀਨਿਧਤਾ ਦੇਣ, ਰਹਿੰਦੇ ਭੱਤਿਆਂ ਵਿੱਚ ਸੋਧ ਕਰਨ, ਕੱਚੇ ਕਾਮੇ ਪੱਕੇ ਕਰਨ, ਸੀ ਆਰ ਏ 295/ 19 ਅਧੀਨ ਭਰਤੀ ਸ ਲ ਮ ਨੂੰ ਤੰਗ-ਪ੍ਰੇਸ਼ਾਨ ਨਾ ਕਰਨ, ਇਨ੍ਹਾਂ ’ਤੇ ਦਰਜ ਝੂਠੇ ਕੇਸ ਵਾਪਸ ਲੈਣ, ਸੀ ਆਰ ਏ 293/19, 294/19, 295/19 ਆਦਿ ਰਾਹੀਂ ਭਰਤੀ ਕਾਮਿਆਂ ਨੂੰ ਪਰਖਕਾਲ ਸਮਾਂ ਪੂਰਾ ਹੋਣ ’ਤੇ ਪੂਰਾ ਤਨਖਾਹ ਸਕੇਲ ਦੇਣ ਆਦਿ 50 ਨੁਕਾਤੀ ਮੰਗ ਪੱਤਰ ਅਨੁਸਾਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਕਰਨ, ਕੇਂਦਰ ਦੇ ਤਨਖਾਹ ਸਕੇਲ ਦੇਣ ਦੀ ਥਾਂ ਪੰਜਾਬ ਦੇ ਪੇ ਸਕੇਲ ਲਾਗੂ ਕਰਨ ਦੀ ਮੰਗ ਕੀਤੀ। ਕਰਮ ਚੰਦ ਭਾਰਦਵਾਜ ਨੇ ਦੱਸਿਆ ਕਿ ਜੇਕਰ ਪਾਵਰ ਮੈਨੇਜਮੈਂਟਾਂ ਅਤੇ ਬਿਜਲੀ ਮੰਤਰੀ ਪੰਜਾਬ ਨੇ 7 ਜੁਲਾਈ ਦੀ ਮੀਟਿੰਗ ਵਿੱਚ ਮੁਲਾਜ਼ਮ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਾਇੰਟ ਫੋਰਮ ਵੱਲੋਂ ਪਹਿਲਾਂ ਤੋਂ ਉਲੀਕੇ ਸੰਘਰਸ਼ ਪ੍ਰੋਗਰਾਮਵਰਕ-ਟੂ-ਰੂਲ, ਫੀਲਡ ਦੌਰਿਆਂ ਸਮੇਂ ਡਾਇਰੈਕਟਰਾਂ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਜਾਰੀ ਰਹਿਣਗੇ।





