ਸਰਕਾਰੀ ਵਕੀਲ ’ਤੇ 8 ਲੱਖ ਰੁਪਏ ਰਿਸ਼ਵਤ ਲੈਣ ਦਾ ਕੇਸ ਦਰਜ

0
203

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)-ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨਗਰ ਸੁਧਾਰ ਟਰੱਸਟ ਅੰਮਿ੍ਰਤਸਰ ਦੇ ਸਰਕਾਰੀ ਵਕੀਲ ਗੌਤਮ ਮਜੀਠੀਆ ਖਿਲਾਫ ਐਕੁਆਇਰ ਕੀਤੀ 20 ਵਿੱਘੇ ਜ਼ਮੀਨ ਦਾ ਮੁਆਵਜ਼ਾ ਜਾਰੀ ਕਰਵਾਉਣ ਬਦਲੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਕੀਲ ਖਿਲਾਫ ਇਹ ਕੇਸ ਜਤਿੰਦਰ ਸਿੰਘ ਵਾਸੀ ਪ੍ਰਤਾਪ ਐਵੀਨਿਊ ਅੰਮਿ੍ਰਤਸਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਜਤਿੰਦਰ ਸਿੰਘ ਨੇ 18 ਮਈ ਨੂੰ ਐਂਟੀ ਕੁਰੱਪਸ਼ਨ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਗਰ ਸੁਧਾਰ ਟਰੱਸਟ ਅੰਮਿ੍ਰਤਸਰ ਵੱਲੋਂ 25 ਮਾਰਚ, 2022 ਨੂੰ ਗ੍ਰਹਿਣ ਕੀਤੀ ਗਈ 20 ਵਿੱਘੇ ਜ਼ਮੀਨ ਦਾ ਵਾਧੂ ਮੁਆਵਜ਼ਾ ਜਾਰੀ ਕਰਵਾਉਣ ਬਦਲੇ ਐਡਵੋਕੇਟ ਗੌਤਮ ਮਜੀਠੀਆ ਨੇ ਉਸ ਕੋਲੋਂ 20 ਲੱਖ ਰੁਪਏ ਰਿਸ਼ਵਤ ਮੰਗੀ। ਅਦਾਲਤ ਨੇ 20 ਵਿੱਘੇ ਜ਼ਮੀਨ ਦਾ 20 ਫੀਸਦੀ ਵਾਧੂ ਮੁਆਵਜ਼ਾ ਜਤਿੰਦਰ ਸਿੰਘ ਨੂੰ ਜਾਰੀ ਕਰਨ ਦੇ ਹੁਕਮ ਕੀਤੇ ਸਨ ਅਤੇ ਜਦੋਂ ਸ਼ਿਕਾਇਤਕਰਤਾ ਨੇ ਵਾਧੂ ਮੁਆਵਜ਼ੇ ਲਈ ਉਕਤ ਐਡਵੋਕੇਟ ਕੋਲ ਪਹੁੰਚ ਕੀਤੀ ਤਾਂ ਉਸ ਨੇ ਮੁਆਵਜ਼ਾ ਜਾਰੀ ਕਰਵਾਉਣ ਬਦਲੇ ਉਸ ਕੋਲੋਂ 20 ਲੱਖ ਰੁਪਏ ਰਿਸ਼ਵਤ ਮੰਗੀ, ਜਿਸ ਵਿੱਚੋਂ 8 ਲੱਖ ਰੁਪਏ ਉਹ ਪਹਿਲਾਂ ਹੀ ਲੈ ਚੁੱਕਾ ਹੈ। ਮੁੱਢਲੀ ਜਾਂਚ ਤੋਂ ਬਾਅਦ ਵਕੀਲ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ ਅੰਮਿ੍ਰਤਸਰ ਰੇਂਜ ’ਚ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here