ਮੁਹਾਲੀ : ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਈ ਬੱਕਰੀ ਨੂੰ ਖਰੀਦਣ ਵਾਲੇ ਡਰਾਈਵਰ ਪਰਮਜੀਤ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ ਪੈਸਿਆਂ ਦੇ ਲੈਣ-ਦੇਣ ਦੇ ਪੁਰਾਣੇ ਮਾਮਲੇ ‘ਚ ਭਗੌੜਾ ਐਲਾਨਿਆ ਹੈ | ਚਮਕੌਰ ਸਾਹਿਬ ਦਾ ਪਰਮਜੀਤ ਸਿੰਘ ਵਿਧਾਨ ਸਭਾ ਚੋਣਾਂ ਦੌਰਾਨ ਉਸ ਸਮੇਂ ਚਰਚਾ ਵਿਚ ਆਇਆ ਸੀ, ਜਦ ਉਹ ਭਦੌੜ ਤੋਂ ਬੱਕਰੀ ਖਰੀਦ ਕੇ ਚਮਕੌਰ ਸਾਹਿਬ ਸਥਿਤ ਆਪਣੇ ਘਰ ਲਿਆਇਆ ਸੀ | ਮੁਹਾਲੀ ਦੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਹਰਪ੍ਰੀਤ ਕੌਰ ਨੇ ਪਰਮਜੀਤ ਸਿੰਘ ਨੂੰ ਭਗੌੜਾ ਐਲਾਨ ਕੇ ਚਮਕੌਰ ਸਾਹਿਬ ਥਾਣੇ ਦੇ ਐੱਸ ਐੱਚ ਓ ਨੂੰ ਉਸ ਨੂੰ ਫੜ ਕੇ ਸੰਬੰਧਤ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ ਹੈ |
ਵੀਰਵਾਰ ਇੱਥੇ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ, ਜੋ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਐਂਬੂਲੈਂਸ ਦਾ ਡਰਾਈਵਰ ਰਿਹਾ ਹੈ ਅਤੇ ਇਸ ਵੇਲੇ ਸਰਕਾਰੀ ਹਸਪਤਾਲ ਖਰੜ ਵਿਚ ਤਾਇਨਾਤ ਹੈ, ਨੇ ਉਸ ਕੋਲੋਂ ਕਿਸੇ ਕੰਮ ਲਈ ਡੇਢ ਲੱਖ ਰੁਪਏ ਉਧਾਰ ਲਏ ਸਨ, ਪਰ ਬਾਅਦ ‘ਚ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ | ਇਸ ਤੋਂ ਬਾਅਦ ਉਸ (ਬਲਜਿੰਦਰ ਸਿੰਘ) ਨੇ ਮੁਹਾਲੀ ਦੀ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ | ਕਈ ਪੇਸ਼ੀਆਂ ਭੁਗਤਣ ਮਗਰੋਂ ਪਰਮਜੀਤ ਸਿੰਘ ਨੇ 90 ਹਜ਼ਾਰ ਰੁਪਏ ਅਦਾਲਤ ਵਿਚ ਵਾਪਸ ਕਰ ਦਿੱਤੇ ਸਨ, ਪਰ ਬਾਕੀ ਦੀ ਰਕਮ ਦੇਣ ਤੋਂ ਟਾਲਾ ਵੱਟਦਾ ਆ ਰਿਹਾ ਸੀ | ਅਦਾਲਤ ਨੇ ਪਰਮਜੀਤ ਸਿੰਘ ਨੂੰ ਪੇਸ਼ ਹੋਣ ਲਈ ਵਾਰ-ਵਾਰ ਸੰਮਨ ਕੱਢੇ, ਪਰ ਉਹ ਪੇਸ਼ ਨਹੀਂ ਹੋਇਆ | ਇਸ ਕਾਰਨ ਅਦਾਲਤ ਨੇ ਉਸ (ਪਰਮਜੀਤ ਸਿੰਘ) ਨੂੰ ਇਸ਼ਤਿਹਾਰੀ ਮੁਲਜ਼ਮ ਕਰਾਰ ਦੇ ਦਿੱਤਾ | ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਨੇ ਬੱਕਰੀ 21 ਹਜ਼ਾਰ ਰੁਪਏ ਵਿਚ ਖਰੀਦੀ ਸੀ |