ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੀ 17-18 ਜੁਲਾਈ ਨੂੰ ਬੇਂਗਲੁਰੂ ’ਚ ਹੋਣ ਵਾਲੀ ਮੀਟਿੰਗ ਦੇ ਮੁਕਾਬਲੇ ਭਾਜਪਾ ਨੇ ਵੀ 18 ਜੁਲਾਈ ਨੂੰ ਨਵੀਂ ਦਿੱਲੀ ’ਚ ਐੱਨ ਡੀ ਏ ਦੀ ਮੀਟਿੰਗ ਸੱਦ ਲਈ ਹੈ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਭਾਜਪਾ ਦੀ ਨਜ਼ਰ ਮਹਾਰਾਸ਼ਟਰ, ਬਿਹਾਰ, ਯੂ ਪੀ ਤੇ ਪੰਜਾਬ ਦੇ ਉਨ੍ਹਾਂ ਆਗੂਆਂ ਤੇ ਪਾਰਟੀਆਂ ’ਤੇ ਹੈ, ਜਿਹੜੀਆਂ ਕੁਝ ਸਾਲ ਪਹਿਲਾਂ ਐੱਨ ਡੀ ਏ ਨੂੰ ਛੱਡ ਗਈਆਂ ਸਨ। ਮਹਾਰਾਸ਼ਟਰ ਦੇ ਐੱਨ ਸੀ ਪੀ ਦੇ ਅਜੀਤ ਧੜੇ, ਸ਼ਿਵ ਸੈਨਾ ਦੇ ਸ਼ਿੰਦੇ ਧੜੇ ਨੂੰ ਐੱਨ ਡੀ ਏ ਵਿਚ ਸ਼ਾਮਲ ਕੀਤਾ ਜਾਵੇਗਾ।
ਯੂ ਪੀ ਤੋਂ ਓਮ ਪ੍ਰਕਾਸ਼ ਰਾਜਭਰ ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੂੰ ਗੰਢਣ ਦੇ ਯਤਨ ਚੱਲ ਰਹੇ ਹਨ। ਬਿਹਾਰ ਤੋਂ ਜੀਤਨ ਰਾਮ ਮਾਂਝੀ ਦੇ ਹਿੰਦੁਸਤਾਨ ਅਵਾਮ ਮੋਰਚਾ, ਚਿਰਾਗ ਪਾਸਵਾਨ ਦੀ ਐੱਲ ਜੇ ਪੀ, ਮੁਕੇਸ਼ ਸਾਹਨੀ ਦੀ ਵੀ ਆਈ ਪੀ ਤੇ ਉਪੇਂਦਰ ਕੁਸ਼ਵਾਹਾ ਦੀ ਆਰ ਐੱਲ ਐੱਸ ਪੀ ਨੂੰ ਮੀਟਿੰਗ ’ਚ ਸੱਦਿਆ ਗਿਆ ਹੈ। ਅਕਾਲੀ ਦਲ (ਬਾਦਲ) ਤੇ ਆਂਧਰਾ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸਮ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।




