ਜਲੰਧਰ : ‘ਭਾਰਤੀ ਕਮਿਊਨਿਸਟ ਪਾਰਟੀ ਆਪਣੀ ਸਥਾਪਤੀ ਦੇ ਦਿਨ ਤੋਂ ਹੀ ਹਰ ਕਿਸਮ ਦੀ ਲੁੱਟ-ਖ਼ਸੁੱਟ ਦੇ ਖਿਲਾਫ ਸੰਘਰਸ਼ ਕਰਦੀ ਹੋਈ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸੰਘਰਸ਼ਸ਼ੀਲ ਹੈ। ਸਿਰਫ਼ ਤੇ ਸਿਰਫ਼ ਸੀ ਪੀ ਆਈ ਹੀ ਇੱਕ ਅਜਿਹੀ ਪਾਰਟੀ ਹੈ, ਜੋ ਗੁਰੂ ਨਾਨਕ ਦੇਵ ਜੀ, ਸਤਿਗੁਰੂ ਕਬੀਰ ਜੀ ਤੇ ਗੁਰੂ ਰਵਿਦਾਸ ਜੀ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ। ਸਾਡੇ ਰਹਿਬਰਾਂ ਨੇ ਸਰਬੱਤ ਦੇ ਭਲੇ, ਸਾਂਝੀਵਾਲਤਾ ਤੇ ਬਰਾਬਰੀ ਦਾ ਸਮਾਜ ਸਿਰਜਣ ਲਈ ਕੁਰਬਾਨੀਆਂ ਕੀਤੀਆਂ, ਪਰ ਅਜੋਕੇ ਸਮੇਂ ਆਰ ਐੱਸ ਐੱਸ ਵਰਗੀਆਂ ਫਿਰਕੂ ਸ਼ਕਤੀਆਂ ਲੋਕਾਂ ਵਿੱਚ ਧਾਰਮਕ ਵੰਡੀਆਂ ਪਾ ਕੇ ਆਪਣੇ ਸਿਆਸੀ ਮੁਫ਼ਾਦ ਪੂਰੇ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਅਜਿਹੇ ਨਾਜ਼ੁਕ ਸਮੇਂ ਅਜਿਹੀਆਂ ਵੰਡ-ਪਾਊ ਸ਼ਕਤੀਆਂ ਦਾ ਮੂੰਹ ਭੰਨਣ ਲਈ ਇਹਨਾਂ ਰਹਿਬਰਾਂ ਦੀ ਵਿਚਾਰਧਾਰਾ ਦੁਆਲੇ ਲੋਕਾਂ ਨੂੰ ਜਥੇਬੰਦ ਕਰਨਾ ਅਤੀ ਜ਼ਰੂਰੀ ਹੋ ਗਿਆ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਬਰਾੜ ਨੇ ਭਾਰਗੋ ਕੈਂਪ ਜਲੰਧਰ ਵਿਖ਼ੇ ਗੁਲਸ਼ਨ ਆਜ਼ਾਦ ਦੀ ਪ੍ਰਧਾਨਗੀ ਹੇਠ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਸਾਥੀ ਬਰਾੜ ਨੇ ਕਿਹਾ ਕਿ ਅੱਜ ਜਦੋਂ ਦੇਸ਼ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਅਨਪੜ੍ਹਤਾ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ ਤੇ ਹਾਕਮ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਧਰਮਾਂ ਤੇ ਫ਼ਿਰਕਿਆਂ ਦੇ ਨਾਂਅ ’ਤੇ ਲੜਾ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ। ਪੰਜਾਬ ਸਰਕਾਰ ਵੀ ਸਿਰਫ਼ ਅਖਬਾਰੀ ਪ੍ਰਚਾਰ ਦੇ ਆਸਰੇ ਸਾਰ ਰਹੀ ਹੈ ਤੇ ਧਰਾਤਲ ਉੱਤੇ ਕੋਈ ਵੀ ਬਦਲਾਅ ਨਜ਼ਰ ਨਹੀਂ ਆ ਰਿਹਾ। ਇਸ ਦੇ ਲੀਡਰਾਂ ਦਾ ਆਮ ਲੋਕਾਂ ਨਾਲ ਵਿਹਾਰ ਗੁੰਡਿਆਂ ਵਾਲਾ ਹੋ ਗਿਆ ਹੈ। ਇਸ ਮੌਕੇ ਕਿਸਾਨ ਸਭਾ ਦੇ ਆਗੂ ਹਰਜਿੰਦਰ ਸਿੰਘ ਮੌਜੀ ਤੇ ਮਜ਼ਦੂਰ ਆਗੂ ਵੀਰ ਕੁਮਾਰ ਨੇ ਵੀ ਸੰਬੋਧਨ ਕੀਤਾ. ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਨੇ ਹਾਜ਼ਰ ਸਾਥੀਆਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੇ ਹਿੱਤ ਵਿੱਚ ਸਾਡੀ ਪਾਰਟੀ ਹਰ ਸਮੇਂ ਉਹਨਾਂ ਦੇ ਅੰਗਸੰਗ ਰਹੇਗੀ। ਪ੍ਰਬੰਧਕਾਂ ਵੱਲੋਂ ਆਏ ਹੋਏ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਕਰਤਾਰ ਚੰਦ, ਰੋਸ਼ਨ ਬੌਬੀ, ਕੈਪਟਨ ਸੰਦੀਪ, ਪਿ੍ਰੰਸ ਕੁਮਾਰ, ਰਮੇਸ਼ ਲਾਲ, ਗਿਰਧਾਰੀ ਲਾਲ, ਦੀਨਾ ਨਾਥ, ਵਿਨੋਦ ਭਗਤ, ਤਿਰਲੋਕ ਚੰਦ, ਪ੍ਰਦੀਪ ਕੁਮਾਰ, ਕਿ੍ਰਸ਼ਨ ਲਾਲ, ਬਲਵਿੰਦਰ ਕੁਮਾਰ, ਸਨੀ ਭਗਤ, ਗੌਰਵ ਕੁਮਾਰ, ਜਗਦੀਪ ਸਿੰਘ, ਸੁਨੀਲ ਭਗਤ ਤੇ ਰਾਜੀਵ ਕੁਮਾਰ ਆਦਿ ਹਾਜ਼ਰ ਸਨ।





