ਮੁੱਖ ਮੰਤਰੀ ਪੀੜਤਾਂ ਕੋਲ ਪੁੱਜੇ, ਗਿਰਦਾਵਰੀ ਦਾ ਭਰੋਸਾ

0
223

ਮੁਹਾਲੀ (ਗੁਰਜੀਤ ਬਿੱਲਾ)
ਜ਼ਮੀਨੀ ਪੱਧਰ ’ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਮੀਂਹ ਨਾਲ ਪ੍ਰਭਾਵਤ ਇਲਾਕਿਆਂ ਦਾ ਤੂਫਾਨੀ ਦੌਰਾ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਭਾਰੀ ਮੀਂਹ ਕਾਰਨ ਪ੍ਰਭਾਵਤ ਹੋਏ ਨੀਵੇਂ ਇਲਾਕਿਆਂ ਵਿੱਚੋਂ ਸੁਰੱਖਿਅਤ ਕੱਢੇ ਗਏ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਮੋਹਾਲੀ ਦੇ ਫੇਜ਼ 6 ਵਿੱਚ ਸਥਿਤ ਰੈਣ ਬਸੇਰਾ, ਜਮੁਨਾ ਅਪਾਰਟਮੈਂਟਸ ਖਰੜ, ਪਿੰਡ ਕਜੌਲੀ, ਬੂਥਗੜ੍ਹ ਅਤੇ ਰੋਪੜ ਜ਼ਿਲ੍ਹੇ ਦਾ ਦੌਰਾ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀਆਂ ਵਾਂਗ ਖਾਨਾਪੂਰਤੀ ਕਰਨ ਲਈ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਹੈਲੀਕਾਪਟਰ ਉਤੇ ਗੇੜੇ ਨਹੀਂ ਲਾ ਰਹੇ, ਸਗੋਂ ਖੁਦ ਲੋਕਾਂ ਕੋਲ ਜਾ ਕੇ ਅਸਲ ਸਥਿਤੀ ਦਾ ਪਤਾ ਲਾ ਰਹੇ ਹਨ। ਉਨ੍ਹਾ ਕਿਹਾ ਕਿ ਸਥਿਤੀ ਚਿੰਤਾਜਨਕ ਹੈ, ਪਰ ਫਿਰ ਵੀ ਸੂਬਾ ਸਰਕਾਰ ਜਾਨੀ ਨੁਕਸਾਨ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਚਾਅ ਕਾਰਜਾਂ ਲਈ ਐੱਨ ਡੀ ਆਰ ਐੱਫ ਦੀਆਂ ਟੀਮਾਂ ਲਾਈਆਂ ਗਈਆਂ ਹਨ, ਪਰ ਅਜੇ ਤੱਕ ਇਸ ਕੰਮ ਲਈ ਅਧਿਕਾਰਤ ਤੌਰ ’ਤੇ ਫੌਜ ਨੂੰ ਨਹੀਂ ਲਾਇਆ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਐਤਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਸੀ, ਜਿਸ ਦੌਰਾਨ ਉਨ੍ਹਾ ਸ਼ਾਹ ਨੂੰ ਸੂਬੇ ਦੀ ਸਮੁੱਚੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ। ਉਨ੍ਹਾ ਕਿਹਾ ਕਿ ਫਿਲਹਾਲ ਰਾਹਤ ਅਤੇ ਬਚਾਅ ਕਾਰਜਾਂ ਲਈ ਕੇਂਦਰੀ ਸਹਾਇਤਾ ਦੀ ਲੋੜ ਨਹੀਂ, ਕਿਉਂਕਿ ਸਥਿਤੀ ਕਾਬੂ ਹੇਠ ਹੈ। ਹਾਲਾਂਕਿ, ਮਾਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸਥਿਤੀ ਨਾਲ ਨਿਪਟਣ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਜਾਵੇਗੀ।
ਉਹਨਾ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਮੀਂਹ ਕਾਰਨ ਹੋਏ ਨੁਕਸਾਨ ਦਾ ਪਹਿਲ ਦੇ ਆਧਾਰ ’ਤੇ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਵਾਉਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਉਹਨਾ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੁਦਰਤ ਦੇ ਕਹਿਰ ਕਾਰਨ ਪੈਦਾ ਹੋਏ ਹਾਲਾਤ ਵਿੱਚ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤਹਿਤ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 33.50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਉਨ੍ਹਾ ਦੱਸਿਆ ਕਿ ਰਾਹਤ ਫੰਡ ਵਿਚੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ, ਮਨੁੱਖੀ ਜਾਨਾਂ, ਮਕਾਨਾਂ ਤੇ ਜਾਨਵਰਾਂ ਦੇ ਨੁਕਸਾਨ ਦੀ ਰਾਹਤ ਦੇਣ ਲਈ ਅਗੇਤੇ ਫੰਡਾਂ ਵਜੋਂ ਇਹ ਰਾਸ਼ੀ ਦਿੱਤੀ ਗਈ ਹੈ।
ਸੂਬੇ ਵਿੱਚ ਲਗਾਤਾਰ ਤੀਜੇ ਦਿਨ ਹੋ ਰਹੀ ਬਾਰਸ਼ ਨੂੰ ਵੇਖਦਿਆਂ ਪੰਜਾਬ ਪੁਲਸ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ ਡੀ ਆਰ ਐੱਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ ਡੀ ਆਰ ਐੱਫ) ਦੀਆਂ ਟੀਮਾਂ ਨਾਲ ਮਿਲ ਕੇ ਸੂਬੇ ਦੇ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਬਚਾਅ ਅਤੇ ਪਾਣੀ ਦੀ ਨਿਕਾਸੀ ਸੰਬੰਧੀ ਕਾਰਜਾਂ ਵਿੱਚ ਤੇਜ਼ੀ ਲਿਆਂਦੀ। ਇਹ ਜਾਣਕਾਰੀ ਸੋਮਵਾਰ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਉਹਨਾ ਦੱਸਿਆ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਐੱਸ ਏ ਐੱਸ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ, ਜਲੰਧਰ ਦਿਹਾਤੀ ਅਤੇ ਪਟਿਆਲਾ ਸ਼ਾਮਲ ਹਨ। ਉਨ੍ਹਾ ਕਿਹਾ ਕਿ ਸਾਡੀਆਂ ਟੀਮਾਂ ਐੱਨ ਡੀ ਆਰ ਐੱਫ, ਐੱਸ ਡੀ ਆਰ ਐੱਫ ਅਤੇ ਸੈਨਾ ਨਾਲ ਮਿਲ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਬੇਹੱਦ ਚੁਣੌਤੀਪੂਰਨ ਹਾਲਤਾਂ ਵਿੱਚ 24 ਘੰਟੇ ਕੰਮ ਕਰ ਰਹੀਆਂ ਹਨ।
ਇਸੇ ਦੌਰਾਨ ਪੰਜਾਬ ਸਰਕਾਰ ਨੇ ਸਕੂਲਾਂ ’ਚ 13 ਜੁਲਾਈ ਤੱਕ ਛੁੱਟੀਆਂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਮੀਂਹ ਕਾਰਨ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਸੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾਲਗਾਤਾਰ ਮੀਂਹ ਕਾਰਨ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 13 ਜੁਲਾਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਫਿਲੌਰ ’ਚ ਪੰਜਾਬ ਪੁਲਸ ਅਕੈਡਮੀ ਦੇ ਨੇੜੇ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ, ਜਿਸ ਕਾਰਨ ਅਕੈਡਮੀ ਦੇ ਟ੍ਰੇਨੀਆਂ ਦੀਆਂ ਗੱਡੀਆਂ ਡੁੱਬ ਗਈਆਂ। ਪੁਲਸ ਪਬਲਿਕ ਸਕੂਲ ਦੀ ਗਰਾਊਂਡ ’ਚ ਪਾਣੀ ਭਰ ਗਿਆ। ਰਾਤ ਭਰ ਬੰਨ੍ਹ ਨੂੰ ਬਚਾਉਣ ਦੇ ਯਤਨ ਕੀਤੇ ਗਏ। ਜੇ ਸੀ ਬੀ ਮਸ਼ੀਨ ਅਤੇ ਮਿੱਟੀ ਨਾਲ ਭਰੇ ਬੋਰੇ ਪਾ ਕੇ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਨਵਾਂ ਖਹਿਰਾ ਬੇਟ ’ਚ ਦਰਿਆ ਦੇ ਅੰਦਰ ਰਿਹਾਇਸ਼ਾਂ ’ਤੇ ਕੁਝ ਵਸਨੀਕ ਛੱਤਾਂ ’ਤੇ ਚੜ੍ਹ ਕੇ ਆਪਣਾ ਬਚਾਅ ਕਰਕੇ ਬੈਠੇ ਹਨ।
ਪਟਿਆਲਾ ਸ਼ਹਿਰ ਦੇ ਬਾਹਰਵਾਰ ਪੈਂਦੀ ਜੇ ਪੀ ਕਲੋਨੀ ਦੇ ਸਾਹਮਣੇ ਖੇਤਾਂ ਵਿਚਲਾ ਬੰਨ੍ਹ ਟੁੱਟਣ ਨਾਲ ਸ਼ਹਿਰ ਦੀਆਂ ਕਈ ਕਲੋਨੀਆਂ ਖਤਰੇ ਵਿਚ ਆ ਗਈਆਂ ਹਨ। ਇਸ ਬੰਨ੍ਹ ਦੇ ਬਾਹਰਵਾਰ ਓਵਰਫਲੋਅ ਹੋਈ ਪਟਿਆਲਾ ਨਦੀ ਅਤੇ ਰਿਵਾਸ ਬ੍ਰਾਹਮਣਾਂ ਕੋਲੋਂ ਲੰਘਦੇ ਨਿਕਾਸੀ ਨਾਲੇ ਦਾ ਪਾਣੀ ਇਕਮਿਕ ਹੋ ਕੇ ਖੇਤਾਂ ਦੇ ’ਚ ਹੜ੍ਹ ਦਾ ਰੂਪ ਧਾਰਨ ਕਰ ਚੁੱਕਾ ਹੈ। ਪਟਿਆਲਾ ਵਾਲੇ ਪਾਸੇ ਸੁਰੱਖਿਆ ਪੱਖ ਲਈ ਬਣਿਆ ਖੇਤਾਂ ਵਿਚਲਾ ਬੰਨ੍ਹ ਸਵੇਰੇ 8 ਵਜੇ ਦੇ ਕਰੀਬ ਟੁੱਟ ਗਿਆ। ਭਾਵੇਂ ਇਲਾਕਾ ਵਾਸੀ ਆਪਣੇ ਤੌਰ ’ਤੇ ਬੰਨ੍ਹ ਪੂਰ ਰਹੇ ਸਨ, ਪਰ ਪਾਣੀ ਦਾ ਵਹਾਅ ਤੇਜ਼ੀ ਨਾਲ ਵਧ ਰਿਹਾ ਸੀ। ਇਲਾਕੇ ਦੀਆਂ ਕਈ ਨੇੜਲੀਆਂ ਕਲੋਨੀਆਂ ਮਹਾਰਾਜਾ ਕਲੋਨੀ, ਓਲਡ ਸੂਲਰ, ਗਰੀਨ ਐਨਕਲੇਵ, ਨਿਊ ਗਰੀਨ ਨਿਊਕਲੇਵ ਤੇ ਗਿਆਨ ਕਲੋਨੀ ਦੇ ਵਸਨੀਕ ਖੌਫਜ਼ਦਾ ਹਨ। ਰੈੱਡ ਸਟੋਨ ਕਲੋਨੀ ਦੇ ਲੋਕਾਂ ਨੂੰ ਅੱਧੀ ਰਾਤ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਪਟਿਆਲਾ ਦੀ ਨਦੀ ਕੋਲ ਨਵੀਂ ਵਸੋਂ ਦਾ ਕਾਫੀ ਨੁਕਸਾਨ ਹੋਇਆ ਹੈ। ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ, ਜਿਸ ਕਰਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੌਕੇ ’ਤੇ ਜਾ ਕੇ ਲੋਕਾਂ ਦੀ ਮਦਦ ਕੀਤੀ ਤੇ ਘਰਾਂ ਵਿਚੋਂ ਲੋਕਾਂ ਦਾ ਸਾਮਾਨ ਚੁੱਕ ਕੇ ਖੁਦ ਰਾਹਤ ਕੈਂਪ ਤੱਕ ਪਹੁੰਚਾਇਆ। ਕੋਹਲੀ ਨੇ ਇਸ ਸਮੇਂ ਲੋਕਾਂ ਨੂੰ ਪ੍ਰੇਮ ਬਾਗ ਤੱਕ ਪੁੱਜਣ ਵਿਚ ਮਦਦ ਕੀਤੀ, ਜਿਥੇ ਕਿ ਰਾਹਤ ਕੈਂਪ ਬਣਾਇਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ ਰੈਗੂਲੇਟਰੀ ਐਂਡ ਦਾ ਦੂਜਾ ਫਲੱਡ ਗੇਟ ਖੋਲ੍ਹ ਦਿੱਤਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਸੁਖਨਾ ਚੋਅ ਅਤੇ ਨਦੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ, ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਰਿਹਾ ਹੈ।

LEAVE A REPLY

Please enter your comment!
Please enter your name here