ਮਹਾਰਾਸ਼ਟਰ ’ਚ ਅਜੀਤ ਪਵਾਰ, ਪ੍ਰਫੁੱਲ ਪਟੇਲ, ਛਗਨ ਭੁਜਬਲ ਤੇ ਹੋਰ ਆਗੂਆਂ ਵੱਲੋਂ ਸ਼ਰਦ ਪਵਾਰ ਦਾ ਸਾਥ ਛੱਡ ਕੇ ਸ਼ਿਵ ਸੈਨਾ (ਸ਼ਿੰਦੇ) ਤੇ ਭਾਜਪਾ ਗੱਠਜੋੜ ਦੀ ਸਰਕਾਰ ਵਿਚ ਸ਼ਾਮਲ ਹੋਣ ਤੋਂ ਕੁਝ ਦਿਨ ਪਹਿਲਾਂ ਇਨ੍ਹਾਂ ਵੱਲ ਹੀ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਨੇ ਭੋਪਾਲ ’ਚ ਕਿਹਾ ਸੀਦੇਸ਼ ਕੋ ਡੁਬਾਨੇ ਵਾਲੋਂ ਸੇ ਸਾਵਧਾਨ ਰਹੇਂ। ਸ਼ਿਵ ਸੈਨਾ (ਊਧਵ ਠਾਕਰੇ) ਦੇ ਸਾਥੀ ਤੇ ਸਾਂਸਦ ਸੰਜੇ ਰਾਊਤ ਨੇ ਪਾਰਟੀ ਦੇ ਤਰਜਮਾਨ ‘ਸਾਮਨਾ’ ਵਿਚ ਮਹਾਰਾਸ਼ਟਰ ਦੇ ਘਟਨਾਕ੍ਰਮ ਬਾਰੇ ਮੋਦੀ ਦੇ ਇਸੇ ਬਿਆਨ ਦੇ ਹਵਾਲੇ ਨਾਲ ਲਿਖਿਆ ਹੈਦੇਸ਼ ਕੋ ਡੁਬਾਨੇ ਵਾਲੇ ਭਾਜਪਾ ਮੇਂ ਆਏਂ, ਯਾ ਜੇਲ ਮੇਂ ਜਾਏਂ, ਐਸਾ ਸੰਦੇਸ਼ ਬਾਦਸ਼ਾਹ ਨੇ ਦੀਆ ਹੈ। ਦੇਸ਼ ਕੋ ਡੁਬਾਨੇ ਵਾਲੇ ਰਾਤੋ-ਰਾਤ ਦੇਸ਼ਭਗਤ ਬਨ ਗਏ।
ਸੰਜੇ ਰਾਊਤ ਨੇ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਦੀ ਵੀ ਮਿਸਾਲ ਦਿੱਤੀ ਹੈ, ਜਿਹੜਾ ਕਾਂਗਰਸ ਵਿੱਚੋਂ ਭਾਜਪਾ ’ਚ ਆਉਣ ਤੋਂ ਬਾਅਦ ਮੋਦੀ-ਸ਼ਾਹ ਜੋੜੀ ਦਾ ਖਾਸ ਬੰਦਾ ਬਣ ਚੁੱਕਾ ਹੈ। ਰਾਊਤ ਮੁਤਾਬਕ ਇਹ ਜੋੜੀ ਕੇਂਦਰੀ ਏਜੰਸੀਆਂ ਨੂੰ ਵਰਤ ਕੇ ਸਾਰੇ ਡਾਕੂਆਂ ਤੇ ਜੇਬਤਰਾਸ਼ਾਂ ਨੂੰ ਆਪਣੇ ਨਾਲ ਰਲਾ ਰਹੀ ਹੈ। ਹੁਣ ਤਾਂ ਹਾਲਤ ਇਹ ਹੈ ਕਿ ਕੁਝ ਆਗੂ ਭਾਜਪਾ ਸਰਕਾਰਾਂ ’ਚ ਮੰਤਰੀ ਬਣਨ ਲਈ ਆਪਣੇ ਭਿ੍ਰਸ਼ਟਾਚਾਰ ਨੂੰ ਖੁਦ ਉਜਾਗਰ ਕਰਨ ਲੱਗੇ ਹੋਏ ਹਨ। ਆਪਣੇ ਚਾਚੇ ਸ਼ਰਦ ਪਵਾਰ ’ਤੇ ਦੁਰਵਿਹਾਰ ਦਾ ਦੋਸ਼ ਲਾਉਣ ਵਾਲੇ ਅਜੀਤ ਬਾਰੇ ਰਾਊਤ ਦਾ ਕਹਿਣਾ ਹੈਵਾਕਈ, ਉਸ ਨਾਲ ਦੁਰਵਿਹਾਰ ਹੋਇਆ। ਸੱਤ ਵਾਰ ਵਿਧਾਇਕ ਬਣਿਆ, ਇਕ ਵਾਰ ਸਾਂਸਦ, 15 ਸਾਲ ਮੰਤਰੀ ਰਿਹਾ, ਚਾਰ ਵਾਰ ਉੱਪ ਮੁੱਖ ਮੰਤਰੀ ਬਣਿਆ ਤੇ ਇਕ ਵਾਰ ਆਪੋਜ਼ੀਜ਼ਨ ਦਾ ਆਗੂ ਬਣਿਆ। ਕਿਸੇ ਹੋਰ ਭਤੀਜੇ ਨੇ ਇਸ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਨਾ ਸੀ!
ਭਾਜਪਾ ਨੇ ਮਹਾਰਾਸ਼ਟਰ ਦੀ ਸ਼ਿਵ ਸੈਨਾ, ਕਾਂਗਰਸ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਸਰਕਾਰ ਡੇਗਣ ਲਈ ਜਿਸ ਤਰ੍ਹਾਂ ਸ਼ਿਵ ਸੈਨਾ ਨੂੰ ਦੋਫਾੜ ਕੀਤਾ ਤੇ ਹੁਣ ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ ਦੋਫਾੜ ਕੀਤਾ, ਉਸੇ ਤਰ੍ਹਾਂ ਦੀ ਖੇਡ ਜਿਓਤਿਰਦਿੱਤਿਆ ਸਿੰਧੀਆ ਤੇ ਉਸ ਦੇ ਸਾਥੀਆਂ ਨੂੰ ਰਲਾ ਕੇ ਮੱਧ ਪ੍ਰਦੇਸ਼ ’ਚ ਕਾਂਗਰਸ ਦੀ ਕਮਲਨਾਥ ਸਰਕਾਰ ਡੇਗਣ ਵੇਲੇ ਖੇਡੀ ਸੀ। ਇਸ ਸੰਬੰਧ ’ਚ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਟਵੀਟ ਕੀਤੇ ਹਨਮੋਦੀ-ਸ਼ਾਹ ਜੀ, ਤੁਸੀਂ ਗ਼ੱਦਾਰਾਂ ਦਾ ਗੈਂਗ ਬਣਾ ਰਹੇ ਹੋ, ਜਿਹੜੇ ਤੁਹਾਨੂੰ ਦਿਨ-ਰਾਤ ਗਾਲ੍ਹਾਂ ਕੱਢਦੇ ਹੁੰਦੇ ਸੀ, ਹੁਣ ਉਹ ਸੱਤਾ ਖਾਤਰ ਤੁਹਾਡੇ ਗੁਣ-ਗਾਣ ਕਰ ਰਹੇ ਹਨ। ਜਿਸ ਦਿਨ ਤੁਸੀਂ ਸੱਤਾ ਗੁਆਈ, ਸਭ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਨੇ ਹੀ ਛੱਡਣਾ ਹੈ।
ਦਿਗਵਿਜੈ ਦਾ ਟਵੀਟ ਸਹੀ ਜਾਪਦਾ ਹੈ। ਮੱਧ ਪ੍ਰਦੇਸ਼ ’ਚ ਇਸ ਸਾਲ ਦੇ ਅਖੀਰ ’ਚ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ। ਉਨ੍ਹਾਂ ਹਲਕਿਆਂ ਵਿਚ ਤਿੱਖੀ ਲੜਾਈ ਛਿੜ ਚੁੱਕੀ ਹੈ, ਜਿੱਥੇ ਟਕਸਾਲੀ ਭਾਜਪਾਈ ਸੀਟ ਮੰਗ ਰਹੇ ਹਨ, ਜਦਕਿ ਦੂਜੇ ਪਾਸੇ ਸਿੰਧੀਆ ਨਾਲ ਭਾਜਪਾ ’ਚ ਆਏ ਕਾਂਗਰਸੀ ਆਪਣਾ ਦਾਅਵਾ ਜਤਾ ਰਹੇ ਹਨ। ਇਹੀ ਸਥਿਤੀ ਮਹਾਰਾਸ਼ਟਰ ਵਿਚ ਹੋਣ ਵਾਲੀ ਹੈ, ਜਿਥੇ ਸ਼ਿਵ ਸੈਨਾ ਤੇ ਐੱਨ ਸੀ ਪੀ ਵਿੱਚੋਂ ਕਰੀਬ 80 ਵਿਧਾਇਕ ਇੰਪੋਰਟ ਕੀਤੇ ਗਏ ਹਨ। ਇਨ੍ਹਾਂ ਨੇ ਸੀਟਾਂ ਮੰਗਣੀਆਂ ਹੀ ਹਨ, ਜਦਕਿ ਟਕਸਾਲੀ ਭਾਜਪਾਈਆਂ ਨੇ ਆਪਣਾ ਰੌਲਾ ਪਾਉਣਾ ਹੈ। ਭਾਜਪਾ ’ਚ ਆਉਣ ਵਾਲੇ ਆਗੂਆਂ ਨੇ ਆਪਣੇ ਸਾਥੀਆਂ ਲਈ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਟਿਕਟਾਂ ਲਈ ਵੀ ਦਾਅਵਾ ਠੋਕਣਾ ਹੈ। ਆਉਣ ਵਾਲੇ ਦਿਨਾਂ ’ਚ ਜਿੱਥੇ ਭਾਜਪਾ ਨੂੰ ਦਿਨੋ-ਦਿਨ ਮਜ਼ਬੂਤ ਹੋ ਰਹੀ ਆਪੋਜ਼ੀਸ਼ਨ ਏਕਤਾ ਨਾਲ ਨਜਿੱਠਣਾ ਪੈਣਾ ਹੈ, ਉਥੇ ਟਕਸਾਲੀ ਤੇ ਇੰਪੋਰਟਡ ਆਗੂਆਂ ਵਿਚਾਲੇ ਲੜਾਈ ਨਾਲ ਵੀ ਦੋ-ਚਾਰ ਹੋਣਾ ਪੈਣਾ ਹੈ।



