ਹਕੂਮਤੀ ਦਹਿਸ਼ਤਗਰਦੀ ਦਾ ਨੰਗਾ ਨਾਚ : ਦੇਸ਼ ਭਗਤ ਯਾਦਗਾਰ ਕਮੇਟੀ

0
227

ਜਲੰਧਰ : ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ ਦੀ ਜਨਰਲ ਸਕੱਤਰ ਐਨੀ ਰਾਜਾ, ਐਡਵੋਕੇਟ ਦੀਕਸ਼ਾ ਦਿਵੇਦੀ ਅਤੇ ਨਿਸ਼ਾ ਸਿੱਧੂ ਤਿੰਨਾਂ ਉੱਪਰ ਮਨੀਪੁਰ ਕਤਲੇਆਮ, ਉਜਾੜੇ ਅਤੇ ਅਗਜ਼ਨੀ ਦੀਆਂ ਘਟਨਾਵਾਂ ਦੇ ਮੁਜਰਿਮਾਂ ’ਤੇ ਉਂਗਲ ਰੱਖਣ ਤੇ ਉਲਕਾ ਇੰਫਾਲ ਪੁਲਸ ਸਟੇਸ਼ਨ ’ਚ ਐੱਫ ਆਈ ਆਰ ਦਰਜ ਕਰਨ ਦੀ ਕਾਰਵਾਈ ਦਾ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨੋਟ ’ਚ ਕਿਹਾ ਕਿ ਮਨੀਪੁਰ ਹਕੂਮਤ ਨੇ ਤਿੰਨੇ ਵਿਦਵਾਨ ਔਰਤਾਂ ਦੀ ਤੱਥ ਖੋਜ ਟੀਮ ਉੱਪਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਇਲਜ਼ਾਮ ਲਾਇਆ ਹੈ। ਇਹ ਵੀ ਦੋਸ਼ ਲਾਇਆ ਹੈ ਕਿ ਇਹਨਾਂ ਨੇ ਜੋ ਆਪਣੀ ਪੜਤਾਲੀਆ ਰਿਪੋਰਟ ਵਿਚ ਇਹ ਕਿਹਾ ਹੈ ਕਿ ਮਨੀਪੁਰ ਵਿਚ ਦਹਿਸ਼ਤਗਰਦੀ ਦੇ ਹੋਏ ਨੰਗੇ ਨਾਚ ਨੂੰ ਹਕੂਮਤੀ ਸ਼ਹਿ ਪ੍ਰਾਪਤੀ ਵਾਲਾ ਗਿਣਿਆ-ਮਿੱਥਿਆ ਛੜਯੰਤਰ ਕਿਹਾ ਹੈ, ਇਹ ਕਹਿਣਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਦਾ ਕਹਿਣਾ ਹੈ ਕਿ ਪੜਤਾਲੀਆ ਕਮੇਟੀ ਵੱਲੋਂ ਸਾਹਮਣੇ ਲਿਆਂਦੇ ਤੱਥਾਂ ਨੂੰ ਠੋਸ ਤੱਥਾਂ ਦੇ ਹਵਾਲੇ ਨਾਲ ਮਨੀਪੁਰ ਹਕੂਮਤ ਕਾਟ ਕਰਦੀ ਤਾਂ ਗੱਲ ਸਮਝ ਆਉਂਦੀ, ਹੁਣ ਵਕੀਲਾਂ, ਔਰਤ ਆਗੂਆਂ, ਬੁੱਧੀਮਾਨ ਔਰਤਾਂ ਦੀ ਪੜਤਾਲੀਆ ਕਮੇਟੀ ਨੂੰ ਹੀ ਨਿਸ਼ਾਨੇ ’ਤੇ ਲਿਆਉਣਾ ਸਗੋਂ ਹਕੂਮਤ ਦੀ ਭੂਮਿਕਾ ਨੂੰ ਹੀ ਜ਼ਾਹਰ ਕਰਦਾ ਹੈ। ਕਮੇਟੀ ਦਾ ਵਿਚਾਰ ਹੈ ਕਿ ਔਰਤਾਂ ਦੇ ਖੋਜੀ ਵਫਦ ਉਪਰ ਕੇਸ ਮੜ੍ਹਨਾ ਇਹ ਦਰਸਾਉਂਦਾ ਹੈ ਕਿ ਹੁਣ ਹਕੂਮਤੀ ਪਾਰਾ ਇਸ ਕਦਰ ਚੜ੍ਹ ਗਿਆ ਅਤੇ ਹਕੂਮਤੀ ਦਹਿਸ਼ਤਗਰਦੀ ਦਾ ਨੰਗਾ ਨਾਚ ਚੌਰਾਹੇ ਨੱਚਿਆ ਜਾ ਰਿਹਾ, ਜੋ ਸਾਬਤ ਕਰਦਾ ਹੈ ਕਿ ਤੱਥਾਂ ਦੀ ਪੜਤਾਲ ਕਰਕੇ ਸਚਾਈ ਉਜਾਗਰ ਕਰਨਾ ਵੀ ਹੁਣ ਵੱਡਾ ਗੁਨਾਹ ਬਣ ਗਿਆ ਹੈ। ਔਰਤ ਫੈਡਰੇਸ਼ਨ ਦੀ ਪੜਤਾਲੀਆ ਟੀਮ ਨੇ ਪੀੜਤਾਂ ਨੂੰ ਮਿਲ ਕੇ ਸ਼ਰਨਾਰਥੀ ਕੈਂਪਾਂ ਵਿੱਚ ਹਲਫੀਆ ਬਿਆਨ ਦਰਜ ਕੀਤੇ। ਫਿਰਕੂ ਜਨੂੰਨੀ ਦਹਿਸ਼ਤਗਰਦੀ ਦੇ ਭਾਂਬੜ ਬਾਲਣ ਵਾਲਿਆਂ ਨੂੰ ਜੱਗ ਜ਼ਾਹਰ ਕੀਤਾ। ਇਸ ਰਿਪੋਰਟ ਅੱਗੇ ਲਾਜਵਾਬ ਹਕੂਮਤ ਨੇ ਆਪਣਾ ਜ਼ੋਰ ਵਿਦਵਾਨਾਂ, ਵਕੀਲਾਂ ਉਪਰ ਕੇਸ ਮੜ੍ਹਨ ’ਤੇ ਲਗਾ ਦਿੱਤਾ, ਜਦ ਕਿ ਦੋਸ਼ੀ ਸਰੇਆਮ ਬੇਖੌਫ ਘੁੰਮ ਰਹੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੰਗ ਕੀਤੀ ਹੈ ਕਿ ਬੁੱਧੀਜੀਵੀਆਂ ਦੀ ਪੜਤਾਲੀਆ ਕਮੇਟੀ ’ਤੇ ਮੜ੍ਹੇ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ।

LEAVE A REPLY

Please enter your comment!
Please enter your name here