ਹੈਦਰਾਬਾਦ (ਰਾਜੇਸ਼ ਥਾਪਾ)-ਸਰਬ ਭਾਰਤ ਨੌਜਵਾਨ ਸਭਾ ਵੱਲੋਂ ਜੱਥੇਬੰਦਕ ਢਾਂਚੇ ਅਤੇ ਵੱਖ-ਵੱਖ ਮੁੱਦਿਆਂ ’ਤੇ ਸ਼ੁਰੂ ਹੋਈ 3 ਰੋਜ਼ਾ ਕੌਮੀ ਵਰਕਸ਼ਾਪ ਮੰਗਲਵਾਰ ਸਫਲਤਾ-ਪੂਰਵਕ ਸੰਪੰਨ ਹੋ ਗਈ। ਇਸ ਕੌਮੀ ਵਰਕਸ਼ਾਪ ਵਿੱਚ ਲੱਗਭੱਗ 18 ਰਾਜਾਂ ਤੋਂ 70 ਤੋਂ ਵੱਧ ਨੁਮਾਇੰਦਿਆਂ ਨੇ ਸ਼ਮੂਲੀਅਤ ਅਤੇ ਵਰਕਸ਼ਾਪ ਦੌਰਾਨ ਹਰ ਇਕ ਮੁੱਦੇ ’ਤੇ ਗੰਭੀਰਤਾ ਨਾਲ ਚਰਚਾ ਕੀਤੀ। ਵਰਕਸ਼ਾਪ ਦੇ ਦੂਜੇ ਅਤੇ ਤੀਜੇ ਦਿਨ ਸਾਬਕਾ ਕੌਮੀ ਸਕੱਤਰ ਅਤੇ ਰਾਜ ਸਭਾ ਮੈਂਬਰ ਸਾਥੀ ਪੀ ਸੰਦੋਸ਼ ਕੁਮਾਰ ਅਤੇ ਉੱਘੇ ਚਿੰਤਕ ਯੁਗਲ ਰਯਲੂ ਨੇ ਹਾਜ਼ਰ ਡੈਲੀਗੇਟ ਸਾਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਨੌਜਵਾਨਾਂ ਦੀਆਂ ਮੁੱਖ ਮੰਗਾਂ ਜਿਸ ਵਿੱਚ ਰੁਜ਼ਗਾਰ, ਸਿੱਖਿਆ, ਖੇਡਾਂ, ਮੁਫਤ ਇਲਾਜ ਸਮੇਤ ਵੱਖ-ਵੱਖ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਦੇਸ਼ ਜਿਹਨਾਂ ਦਰਪੇਸ਼ ਮੁਸ਼ਕਲਾਂ ਨਾਲ ਜੂਝ ਰਿਹਾ ਹੈ, ਉਹਨਾਂ ਦਾ ਇਕੋ-ਇਕ ਹੱਲ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਨਾਲ ਹੀ ਹੋ ਸਕਦਾ ਹੈ।
ਇਸ ਕੌਮੀ ਵਰਕਸ਼ਾਪ ਵਿੱਚ ਸਰਬ-ਸੰਮਤੀ ਨਾਲ ਫੈਸਲਾ ਕਰਕੇ ਐਲਾਨ ਕੀਤਾ ਗਿਆ ਕਿ ਨੌਜਵਾਨਾਂ ਦੀ ਮੁੱਖ ਮੰਗ ਰੁਜ਼ਗਾਰ ਦੀ ਗਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਅਕਤੂਬਰ ਮਹੀਨੇ ਤੋਂ ਦੇਸ਼ ਪੱਧਰ ’ਤੇ ਚਾਰ ਜੱਥਾ ਮਾਰਚ ਕੀਤੇ ਜਾਣਗੇ। ਜਿਸ ਵਿੱਚ ਇੱਕ ਜੱਥਾ ਮਾਰਚ ਦੱਖਣੀ ਭਾਰਤ, ਦੂਜਾ ਉੱਤਰੀ ਭਾਰਤ, ਤੀਜਾ ਉੱਤਰ ਪੂਰਬੀ ਭਾਰਤ ਅਤੇ ਚੌਥਾ ਮੱਧ ਭਾਰਤ ਵਿਚ ਕੀਤਾ ਜਾਵੇਗਾ। ਘੱਟੋ-ਘੱਟ ਇਕ ਮਹੀਨਾ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਵੱਲੋਂ ਬਨੇਗਾ ਪ੍ਰਤੀ ਜਾਗਰੂਕ ਕਰਕੇ ਉਕਤ ਖੇਤਰਾਂ ਵਿੱਚ ਸਿਖਰਲੇ ਸਮਾਗਮ ਕੀਤੇ ਜਾਣਗੇ। ਇਹਨਾਂ ਜਥਿਆਂ ਦੀ ਅਗਵਾਈ ਸੂਬਾਈ ਅਤੇ ਕੌਮੀ ਲੀਡਰਸ਼ਿਪ ਕਰੇਗੀ। ਇਸ ਜਥੇ ਮਾਰਚ ਦੌਰਾਨ ਮੁੱਖ ਮੰਗ ਬਨੇਗਾ ਤੋਂ ਇਲਾਵਾ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦੇ ਨਾਲ-ਨਾਲ ਉਕਤ ਖੇਤਰਾਂ ਦੇ ਖੇਤਰੀ ਮੁੱਦਿਆਂ ਲਈ ਵੀ ਲਾਮਬੰਦੀ ਕੀਤੀ ਜਾਵੇਗੀ। ਇਸ ਕੌਮੀ ਵਰਕਸ਼ਾਪ ਵਿੱਚ ਇਹ ਵੀ ਸਰਬ-ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਵਿਸ਼ਵ ਜਨਵਾਦੀ ਨੌਜਵਾਨ ਸੰਸਥਾ ਦੇ ਏਸ਼ੀਆ ਵਿਆਪੀ ਸੱਦੇ ’ਤੇ 15 ਜੁਲਾਈ ਨੂੰ ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰੀ ਖਿਲਾਫ ਦੇਸ਼ ਪੱਧਰ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕੌਮੀ ਵਰਕਸ਼ਾਪ ਨੇ ਮਣੀਪੁਰ ਹਿੰਸਾ ’ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਜਲਦ ਤੋਂ ਜਲਦ ਹੱਲ ਲਈ ਦਖਲ-ਅੰਦਾਜ਼ੀ ਦੇਣ ਲਈ ਕਿਹਾ। ਇਸ ਮੌਕੇ ਮਣੀਪੁਰ ਹਿੰਸਾ ਖਿਲਾਫ ਈ-ਮੇਲ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖਤੀ ਖਤ, ਪੋਸਟ ਕਾਰਡ ਅਤੇ ਛੋਟੇ ਸੁਨੇਹੇ ਈ-ਮੇਲ ਰਾਹੀਂ ਭੇਜ ਕੇ ਮਣੀਪੁਰ ਹਿੰਸਾ ਰੋਕਣ ਦੀ ਮੰਗ ਕੀਤੀ ਗਈ। ਇਸ ਕੌਮੀ ਵਰਕਸ਼ਾਪ ਨੂੰ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਜਨਰਲ ਸਕੱਤਰ ਥਿਰਮਲਾਈ, ਪੰਜਾਬ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ, ਕੌਮੀ ਕੌਂਸਲ ਮੈਂਬਰ ਕਰਮਵੀਰ ਬੱਧਨੀ, ਵਲੀ ਉਲਾ ਕਾਦਰੀ ਹੈਦਰਾਬਾਦ, ਐੱਨ ਅਰੁਣ ਕੇਰਲਾ, ਵਿਕਰਾਂਤ ਸ਼ਰਮਾ ਛਤੀਸਗੜ੍ਹ, ਸੰਭੂਦੇਵਾ ਬਿਹਾਰ, ਹਰੀਸ਼ ਬਾਲਾ ਕਰਨਾਟਕਾ, ਲੈਨਿਨ ਬਾਬੂ ਤਾਮਿਲਨਾਡੂ ਆਦਿ ਨੇ ਵੀ ਸੰਬੋਧਨ ਕੀਤਾ।



