ਦਫਤਰ ਲਈ ਜ਼ਮੀਨ ਸੰਬੰਧੀ ਰਾਜਪਾਲ ਨੂੰ ਮੁੜ ਪੱਤਰ

0
258

ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਰਾਜਪਾਲ ਨੂੰ ਰਾਜਧਾਨੀ ਅਤੇ ਯੂ ਟੀ ਚੰਡੀਗੜ੍ਹ ਵਿੱਚ ‘ਆਪ’ ਪੰਜਾਬ ਇਕਾਈ ਨੂੰ ਦਫਤਰ ਲਈ ਜ਼ਮੀਨ ਅਲਾਟ ਕਰਨ ਸੰਬੰਧੀ ਪੱਤਰ ਲਿਖਿਆ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਰਾਜਪਾਲ ਅਤੇ ਯੂ ਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਰਜਿਸਟਰਡ ਸਿਆਸੀ ਪਾਰਟੀ ਹੈ ਜੋ ਇਸ ਸਾਲ ਅਪ੍ਰੈਲ ਵਿੱਚ ਰਾਸ਼ਟਰੀ ਪਾਰਟੀ ਬਣ ਗਈ ਹੈ। ਪੰਜਾਬ ਵਿੱਚ ਪਾਰਟੀ ਦੀ ਸਰਕਾਰ ਨੂੰ ਭਾਰੀ ਬਹੁਮਤ ਹਾਸਲ ਹੈ ਅਤੇ ਸੂਬੇ ਦੇ ਸਾਰੇ 7 ਰਾਜ ਸਭਾ ਮੈਂਬਰ ‘ਆਪ’ ਨਾਲ ਸੰਬੰਧਤ ਹਨ। ਚੰਡੀਗੜ੍ਹ ਵਿੱਚ ਵੀ ‘ਆਪ’ ਦੇ 35 ਵਿੱਚੋਂ 14 ਕੌਂਸਲਰ ਹਨ। ਆਮ ਆਦਮੀ ਪਾਰਟੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਅਤੇ ਹਰਮਨ ਪਿਆਰੀ ਪਾਰਟੀ ਹੈ। ਪਰ ਕਈ ਵਾਰ ਮੀਟਿੰਗਾਂ ਅਤੇ ਗੱਲਬਾਤ ਕਰਕੇ ਪਾਰਟੀ ਦਫਤਰ ਲਈ ਸੰਸਥਾਗਤ ਜ਼ਮੀਨ ਦੀ ਮੰਗ ਕਰਨ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਖੇਤਰੀ ਪਾਰਟੀ ਹੈ, ਕੋਲ ਸੈਕਟਰ 28 ਵਿੱਚ 3 ਏਕੜ ਜ਼ਮੀਨ ਹੈ। ਕਾਂਗਰਸ ਨੂੰ ਸੈਕਟਰ 15 ਵਿੱਚ 1 ਏਕੜ ਤੋਂ ਵੱਧ ਜ਼ਮੀਨ ਅਲਾਟ ਕੀਤੀ ਗਈ ਹੈ ਅਤੇ ਭਾਜਪਾ ਕੋਲ ਸੈਕਟਰ 33 ਅਤੇ 37 ਵਿੱਚ ਦੋ ਪਲਾਟ ਹਨ। ਪਰ ਚੰਡੀਗੜ੍ਹ ਪ੍ਰਸ਼ਾਸਨ ਆਮ ਆਦਮੀ ਪਾਰਟੀ ਨੂੰ ਦਫਤਰ ਲਈ ਜ਼ਮੀਨ ਦੇਣ ਦੇ ਮੁੱਦੇ ’ਤੇ ਪੂਰੀ ਤਰ੍ਹਾਂ ਚੁੱਪ ਹੈ। ਇਸ ਚੁੱਪ ਦਾ ਮਤਲਬ ਹੈ ਕਿ ਯੂ ਟੀ ਪ੍ਰਸ਼ਾਸਨ ਪੱਖਪਾਤੀ ਹੈ ਜਾਂ ਉਸ ਦਾ ਕੋਈ ਗੁਪਤ ਮਨਸੂਬਾ ਹੈ। ਪੱਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਚੰਡੀਗੜ੍ਹ ਵਿੱਚ ‘ਆਪ’ ਦਫਤਰ ਦੀ ਉਸਾਰੀ ਲਈ ਢੁਕਵਾਂ ਪਲਾਟ ਅਲਾਟ ਕਰਨ ਦੀ ਬੇਨਤੀ ਕੀਤੀ ਹੈ ਅਤੇ ਉਨ੍ਹਾ ਨੂੰ ਜਲਦੀ ਤੋਂ ਜਲਦੀ ਜ਼ਰੂਰੀ ਉਪਾਅ ਅਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here