ਧਰਮ ਤੇ ਜਾਤੀ ਦੇ ਨਾਂਅ ਉੱਤੇ ਭਾਰਤੀ ਸਮਾਜ ਨੂੰ ਪਾੜ ਕੇ ਰਾਜਨੀਤਕ ਲਾਹਾ ਲੈਣਾ ਭਾਜਪਾ ਤੇ ਇਸ ਦੀ ਮਾਂ ਆਰ ਐੱਸ ਐੱਸ ਦੀ ਐਲਾਨੀਆ ਨੀਤੀ ਰਹੀ ਹੈ। ਕੇਂਦਰ ਵਿੱਚ ਆਪਣੇ ਸਿਰ ਬਹੁਗਿਣਤੀ ਹਾਸਲ ਕਰ ਲੈਣ ਤੋਂ ਬਾਅਦ ਤਾਂ ਇਸ ਨੇ ਖੁੱਲ੍ਹ ਖੇਡਣਾ ਸ਼ੁਰੂ ਕਰ ਦਿੱਤਾ ਹੈ। ਲਵ ਜਹਾਦ ਤੇ ਗਊ ਹੱਤਿਆ ਦੇ ਨਾਂਅ ਉੱਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਨਵੇਂ-ਨਵੇਂ ਕਾਨੂੰਨ ਘੜੇ ਜਾ ਰਹੇ ਹਨ। ਦਲਿਤਾਂ ਅਤੇ ਘੱਟਗਿਣਤੀਆਂ ਨੂੰ ਭੈ-ਭੀਤ ਕਰਨ ਲਈ ਬੁਲਡੋਜ਼ਰ ਸੱਭਿਆਚਾਰ ਵਿਕਸਤ ਕੀਤਾ ਜਾ ਚੁੱਕਾ ਹੈ। ਦੇਸ਼ ਭਰ ਵਿੱਚ ਮੁਸਲਿਮ ਨਾਵਾਂ ਵਾਲੇ ਸ਼ਹਿਰਾਂ, ਥਾਵਾਂ, ਸਟੇਸ਼ਨਾਂ ਤੇ ਸੜਕਾਂ ਦੇ ਨਾਂਅ ਬਦਲੇ ਜਾ ਰਹੇ ਹਨ। ਅਜਿਹੇ ਵਿੱਚ ਦੇਸ਼ ਦਾ ਇੱਕ ਸੂਬਾ ਹੈ, ਜਿੱਥੇ ਆਪਸੀ ਸਦਭਾਵਨਾ ਦੀ ਅੰਮਿ੍ਰਤਧਾਰਾ ਵਹਿ ਰਹੀ ਹੈ, ਇਹ ਸੂਬਾ ਹੈ ਪੰਜਾਬ।
ਯਾਦ ਰਹੇ ਕਿ ਦੇਸ਼ ਦੀ ਅਜ਼ਾਦੀ ਸਮੇਂ ਪੰਜਾਬ ਤੇ ਬੰਗਾਲ ਦੀ ਵੰਡ ਹੋਈ ਸੀ। ਇਸ ਵੰਡ ਮੌਕੇ ਹੋਏ ਅਬਾਦੀਆਂ ਦੇ ਤਬਾਦਲੇ ਦੌਰਾਨ ਆਪਸੀ ਕਤਲੋਗਾਰਤ ਵਿੱਚ ਦੋਹੀਂ ਪਾਸੀਂ ਹਜ਼ਾਰਾਂ ਬੇਗੁਨਾਹਾਂ ਦਾ ਖੂਨ ਵਗਿਆ ਸੀ। ਬੰਗਾਲ ਵਿੱਚ ਹੋਏ ਖ਼ੂਨ-ਖ਼ਰਾਬੇ ਸਮੇਂ ਤਾਂ ਉੱਥੇ ਮਹਾਤਮਾ ਗਾਂਧੀ ਜਾ ਪੁੱਜੇ ਸਨ ਤੇ ਦੰਗੇ ਸ਼ਾਂਤ ਹੋ ਗਏ ਸਨ, ਪਰ ਪੰਜਾਬ ਵਿੱਚ ਕੋਈ ਗਾਂਧੀ ਨਹੀਂ ਸੀ। ਸਿਆਸਤਦਾਨਾਂ ਦੀਆਂ ਫਿਰਕੂ ਗਿਣਤੀਆਂ-ਮਿਣਤੀਆਂ ਨੇ ਅੱਗ ਭੜਕਾਉਣ ਦਾ ਕੰਮ ਕੀਤਾ ਤੇ ਕਾਤਲ ਟੋਲਿਆਂ ਲੁੱਟਮਾਰ ਲਈ ਆਮ ਪੰਜਾਬੀਆਂ ਦਾ ਰੱਜਵਾਂ ਖ਼ੂਨ ਵਹਾਇਆ। ਇਸ ਖੂਨੀ ਹਨੇ੍ਹਰੀ ਦੌਰਾਨ ਪਿੰਡਾਂ ਵਾਲਿਆਂ ਨੇ ਆਪਣੇ ਮੁਸਲਮਾਨ ਹਮਸਾਇਆਂ ਨੂੰ ਬਚਾਅ ਕੇ ਕੈਂਪਾਂ ਤੱਕ ਵੀ ਪੁਚਾਇਆ ਤੇ ਕੁਝ ਨੂੰ ਆਪਣੇ ਕੋਲ ਪਨਾਹ ਵੀ ਦਿੱਤੀ। ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬ ਦੇ ਆਮ ਲੋਕਾਂ ਨੇ ਵੀ ਆਪਣਾ ਭਾਈਚਾਰਕ ਫ਼ਰਜ਼ ਨਿਭਾਇਆ ਸੀ। ਇਸ ਦੇ ਬਾਵਜੂਦ ਵੰਡ ਨੇ ਪੰਜਾਬ ਦੇ ਜਿਸਮ ਉੱਤੇ ਅਜਿਹੇ ਗਹਿਰੇ ਜ਼ਖ਼ਮ ਦਿੱਤੇ ਸਨ, ਜਿਹੜੇ ਲੰਮਾ ਸਮਾਂ ਰਿਸਦੇ ਰਹੇ ਹਨ।
ਪੰਜਾਬ ਸਿੱਖ ਗੁਰੂਆਂ ਦੀ ਧਰਤੀ ਹੈ, ਜਿਨ੍ਹਾਂ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ। ਇਹੋ ਸ਼ਕਤੀ ਹੈ ਜਿਸ ਕਾਰਨ ਵੰਡ ਸਮੇਂ ਮਿਲੇ ਜ਼ਖ਼ਮਾਂ ਉੱਤੇ ਮਰਹਮ ਲਾਉਣ ਲਈ ਅੱਜ ਵੀ ਪੰਜਾਬੀ ਜਤਨਸ਼ੀਲ ਹਨ। ਪੂਰੇ ਪੰਜਾਬ ਵਿੱਚ ਅੱਜ ਵੰਡ ਸਮੇਂ ਤਬਾਹ ਹੋਈਆਂ ਜਾਂ ਸਾਂਭ-ਸੰਭਾਲ ਨਾ ਹੋਣ ਕਾਰਨ ਉੱਜੜ ਚੁੱਕੀਆਂ ਮਸਜਿਦਾਂ ਨੂੰ ਪਿੰਡਾਂ ਦੇ ਲੋਕ ਰਲ-ਮਿਲ ਕੇ ਮੁੜ ਖੜ੍ਹਾ ਕਰ ਰਹੇ ਹਨ।
‘ਦੀ ਇੰਡੀਅਨ ਐੱਕਸਪ੍ਰੈੱਸ’ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਪਿੰਡਾਂ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ 165 ਮਸਜਿਦਾਂ ਨੂੰ ਬਹਾਲ ਕੀਤਾ ਜਾ ਚੁੱਕਾ ਹੈ। ਜੇਕਰ ਮਾਲੇਰਕੋਟਲਾ ਤੇ ਇਸ ਦੇ ਨੇੜਲੇ ਪਿੰਡਾਂ ਨੂੰ ਵੱਖ ਕਰ ਲਿਆ ਜਾਵੇ ਤਾਂ ਬਾਕੀ ਪੰਜਾਬ ਦੇ ਪਿੰਡਾਂ ਵਿੱਚ ਤਾਂ ਟਾਵਾਂ-ਟਾਵਾਂ ਮੁਸਲਮਾਨ ਘਰ ਹੀ ਬਚਿਆ ਹੈ। ਇਸ ਦੇ ਬਾਵਜੂਦ ਇਹ ਉੱਦਮ ਜਾਰੀ ਹੈ।
ਰਿਪੋਰਟ ਅਨੁਸਾਰ ਇਨ੍ਹਾਂ ਮਸਜਿਦਾਂ ਵਿੱਚ ਇੱਕ ਬਰਨਾਲਾ ਜ਼ਿਲ੍ਹੇ ਦੇ ਬਖਤਗੜ੍ਹ ਦੀ ਹੈ, ਜਿਸ ਦੀ ਬਹਾਲੀ ਬਾਰੇ ਕਿਸਾਨ ਅਮਨਦੀਪ ਸਿੰਘ ਨੇ ਪਹਿਲ ਕੀਤੀ ਸੀ। ਉਸ ਨੇ ਦਸੰਬਰ 2022 ਵਿੱਚ ਮਸਜਿਦ ਦੀ ਉਸਾਰੀ ਲਈ 250 ਗਜ਼ ਜ਼ਮੀਨ ਦਾਨ ਦਿੱਤੀ ਸੀ। ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਦਾਨ ਰਾਹੀਂ 2 ਲੱਖ ਰੁਪਏ ਇਕੱਠੇ ਕੀਤੇ। ਗੁਆਂਢੀ ਪਿੰਡਾਂ ਨੇ ਰਲ-ਮਿਲ ਕੇ ਇੱਟਾਂ ਤੇ ਸੀਮਿੰਟ ਖ਼ਰੀਦ ਦਿੱਤਾ। ਜਦੋਂ ਇਹ ਖ਼ਬਰ ਉੱਤਰ ਪ੍ਰਦੇਸ਼ ਪਹੁੰਚੀ ਤਾਂ ਉੱਥੋਂ ਦੇ ਮੁਸਲਮਾਨ ਪਰਵਾਰਾਂ ਨੇ 6 ਲੱਖ ਰੁਪਏ ਇਕੱਠੇ ਕਰਕੇ ਭੇਜ ਦਿੱਤੇ। ਸਾਂਝੇ ਜਤਨਾਂ ਨਾਲ ਮਸਜਿਦ ਦੀ ਉਸਾਰੀ ਆਖ਼ਰੀ ਪੜਾਅ ਉੱਤੇ ਹੈ। ਅਮਨਦੀਪ ਸਿੰਘ ਮੁਤਾਬਕ ਜਿਸ ਦਿਨ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ, ਉਸ ਦਿਨ 15 ਮੁਸਲਮਾਨ ਪਰਵਾਰਾਂ ਸਮੇਤ ਪੂਰੇ ਪਿੰਡ ਨੇ ਸਾਂਝਾ ਲੰਗਰ ਤਿਆਰ ਕਰਕੇ ਵਰਤਾਇਆ ਸੀ। 80 ਸਾਲਾ ਸਈਅਦ ਖੋਖਰ ਖਾਨ ਨੇ ਪੱਤਰਕਾਰ ਨੂੰ ਦੱਸਿਆ, ‘‘ਜਦੋਂ ਵੰਡ ਹੋਈ, ਅਸੀਂ ਬਠਿੰਡਾ ਜ਼ਿਲ੍ਹੇ ਦੇ ਬੱਲੋ ਪਿੰਡ ’ਚ ਰਹਿੰਦੇ ਸਾਂ। ਸਾਡੇ ਹਿੰਦੂ-ਸਿੱਖ ਭਾਈਆਂ, ਭੈਣਾਂ ਨੇ ਸਾਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ। ਅਸੀਂ ਵੀ ਜਾਣਾ ਨਹੀਂ ਚਾਹੁੰਦੇ ਸੀ। ਪਿੰਡ ਵਾਸੀਆਂ ਨੇ ਸਾਨੂੰ ਬਖਤਗੜ੍ਹ ਪੁਚਾਇਆ, ਤਾਂ ਕਿ ਅਸੀਂ ਸੁਰੱਖਿਅਤ ਰਹਿ ਸਕੀਏ।’’
ਰਿਪੋਰਟ ਅਨੁਸਾਰ ਇਸ ਸਾਲ ਮਾਰਚ ਵਿੱਚ ਬਰਨਾਲਾ ਦੇ ਹੀ ਪਿੰਡ ਕੁਤਬਾ ਬਾਹਮਣੀਆਂ ਪਿੰਡ ਦੇ ਸਰਪੰਚ ਬੂਟਾ ਸਿੰਘ ਪਿੰਡ ਦੀ ਪਹਿਲੀ ਮਸਜਿਦ ਦੇ ਉਦਘਾਟਨ ਵਿੱਚ ਸ਼ਾਮਲ ਸਨ। ਵੰਡ ਤੋਂ ਬਾਅਦ ਪੁਰਾਣੀ ਮਸਜਿਦ ਵਰਤੋਂ ਯੋਗ ਨਹੀਂ ਰਹੀ ਸੀ, ਕਿਉਂਕਿ ਦੋ ਪਰਵਾਰਾਂ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ ਸਨ। ਹੁਣ ਉਸ ਦੀ ਥਾਂ ਨਵੀਂ ਮਸਜਿਦ ਨੇ ਲੈ ਲਈ ਹੈ। ਜਮਾਤੇ ਇਸਲਾਮੀ ਹਿੰਦ ਦੇ ਮੁਤਾਬਕ ਧੂਰੀ ਦੇ ਸ਼ੇਰਪੁਰ ਸੋਢੀਆਂ ਪਿੰਡ ਦੀ 120 ਸਾਲ ਪੁਰਾਣੀ ਮਸਜਿਦ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾ ਦੱਸਿਆ ਕਿ ਜਿਸ ਦਿਨ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਪਿੰਡ ਵਾਸੀਆਂ ਨੇ ਮਿੱਠੇ ਚੌਲਾਂ ਦਾ ਲੰਗਰ ਵਰਤਾ ਕੇ ਖੁਸ਼ੀ ਮਨਾਈ ਸੀ।
ਮਾਲੇਰਕੋਟਲਾ ਦੇ ਜਿਤਵਾਲ ਕਲਾਂ ਪਿੰਡ ਦੇ ਯੂਥ ਕਾਂਗਰਸੀ ਆਗੂ ਜਗਮੇਲ ਸਿੰਘ ਨੇ ਮਸਜਿਦ ਬਣਾਉਣ ਲਈ 1200 ਗਜ਼ ਜ਼ਮੀਨ ਤੇ 51000 ਰੁਪਏ ਦਿੱਤੇ ਸਨ। ਅਗਸਤ 2021 ਵਿੱਚ ਜਾਮਾ ਮਸਜਿਦ ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਨੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਸੀ। ਨਾਇਬ ਸ਼ਾਹੀ ਇਮਾਮ ਨੇ ਦੱਸਿਆ ਕਿ ਲੁਧਿਆਣਾ ਦੇ ਮੱਲਾ ਪਿੰਡ ਵਿੱਚ ਸਿਰਫ਼ ਇੱਕ ਮੁਸਲਮਾਨ ਪਰਵਾਰ ਰਹਿੰਦਾ ਹੈ। ਉੱਥੋਂ ਦੇ ਹਿੰਦੂਆਂ ਤੇ ਸਿੱਖਾਂ ਨੇ ਮਿਲ ਕੇ 2016 ਵਿੱਚ ਮਸਜਿਦ ਨੂੰ ਬਹਾਲ ਕਰ ਦਿੱਤਾ ਸੀ।
ਰਿਪੋਰਟ ਅਨੁਸਾਰ ਸ਼ਾਹੀ ਇਮਾਮ ਨੇ ਕਿਹਾ, ‘‘ਪੰਜਾਬ ਵਿੱਚ ਅਸੀਂ ਸਭ ਪੰਜਾਬੀਆਂ ਦੇ ਰੂਪ ਵਿੱਚ ਰਹਿੰਦੇ ਹਾਂ, ਨਾ ਕਿ ਸਿੱਖ, ਹਿੰਦੂ ਜਾਂ ਮੁਸਲਮਾਨ ਦੇ ਰੂਪ ਵਿੱਚ। ਪੰਜਾਬੀਅਤ ਸਾਨੂੰ ਅੱਗੇ ਵਧਾਉਂਦੀ ਹੈ। ਅਸੀਂ ਈਦ, ਗੁਰਪੁਰਬ ਤੇ ਦੀਵਾਲੀ ਮਿਲ ਕੇ ਮਨਾਉਂਦੇ ਹਾਂ ਤੇ ਲੰਗਰ ਵਰਤਾਉਂਦੇ ਹਾਂ।’’
ਰਿਪੋਰਟ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਮਾਜਿਕ ਵਿਗਿਆਨ ਦੀ ਪ੍ਰੋਫ਼ੈਸਰ ਡਾ. ਸ਼ਾਲਿਨੀ ਸ਼ਰਮਾ ਨੇ ਕਿਹਾ, ‘‘ਵੰਡ ਵਿੱਚੋਂ ਪੈਦਾ ਹੋਈ ਨਫ਼ਰਤ ਨੂੰ ਪੰਜਾਬ ਇਸ ਲਈ ਪਿੱਛੇ ਛੱਡ ਦੇਣ ਵਿੱਚ ਸਫ਼ਲ ਹੋਇਆ, ਕਿਉਂਕਿ ਸਿੱਖ ਗੁਰੂਆਂ ਦੀ ਵਿਚਾਰਧਾਰਾ ਲੋਕਾਂ ਨੂੰ ਸਦਭਾਵਨਾ ਤੇ ਭਾਈਚਾਰੇ ਵਿੱਚ ਰਹਿਣ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਦੀ ਹੈ। ਜੇਕਰ ਅਸੀਂ ਪਾਕਿਸਤਾਨ ਦੇ ਪੰਜਾਬ ਵਿੱਚ ਵੀ ਜਾਈਏ ਤਾਂ ਉੱਥੇ ਵੀ ਜੋ ਪ੍ਰਾਹੁਣਚਾਰੀ ਤੇ ਸਨਮਾਨ ਮਿਲਦਾ ਹੈ, ਉਹ ਕਾਬਲੇ-ਤਾਰੀਫ਼ ਹੈ। ਦੋਵਾਂ ਪਾਸਿਆਂ ਦੇ ਲੋਕ ਆਪਸੀ ਸੰਬੰਧਾਂ ਪ੍ਰਤੀ ਖੁੱਲ੍ਹੇ ਹਨ।’’
-ਚੰਦ ਫਤਿਹਪੁਰੀ



