ਲੋਹੀਆਂ/ਜਲੰਧਰ (ਰੀਨਾ ਸ਼ਰਮਾ, ਯੋਗੇਸ਼ਵਰ/ਸੁਰਿੰਦਰ ਕੁਮਾਰ, ਸ਼ੈਲੀ ਅਲਬਰਟ)-ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਆਪਣੇ ਯਤਨ ਜਾਰੀ ਰੱਖਦਿਆਂ ਸ਼ੁੱਕਰਵਾਰ ਪਿੰਡ ਮੰਡਾਲਾ ਛੰਨਾ ‘ਚ ਧੁੱਸੀ ਬੰਨ੍ਹ ‘ਚ ਪਏ ਪਾੜ ਨੂੰ ਪੂਰਨ ਸੰਬੰਧੀ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ | ਮੁੱਖ ਮੰਤਰੀ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਵਿਚਕਾਰ ਗਏ | ਉਨ੍ਹਾ ਉੱਘੇ ਵਾਤਾਵਰਣ ਪ੍ਰੇਮੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਵਲੰਟੀਅਰਾਂ ਵੱਲੋਂ ਇਸ ਪਾੜ ਨੂੰ ਪੂਰਨ ਲਈ ਜੰਗੀ ਪੱਧਰ ‘ਤੇ ਕੀਤੇ ਗਏ ਮਿਸਾਲੀ ਕਾਰਜਾਂ ਦੀ ਸ਼ਲਾਘਾ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਹ ਸ਼ੇਖੀ ਮਾਰ ਰਹੇ ਹਨ ਕਿ ਕੇਂਦਰ ਨੇ 218 ਕਰੋੜ ਰੁਪਏ ਜਾਰੀ ਕੀਤੇ ਹਨ, ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਫੰਡ 10 ਜੁਲਾਈ ਨੂੰ ਜਾਰੀ ਕੀਤੇ ਗਏ ਸਨ | ਉਨ੍ਹਾ ਕਿਹਾ ਕਿ ਸੂਬਾ ਸਰਕਾਰ ਇਹ ਰਾਸ਼ੀ ਚਾਰ ਦਿਨਾਂ ਵਿੱਚ ਖਰਚ ਨਹੀਂ ਕਰ ਸਕਦੀ | ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਰੋਕਥਾਮ ਦੇ ਕੀਤੇ ਪ੍ਰਬੰਧਾਂ ਸਦਕਾ ਘੱਟ ਨੁਕਸਾਨ ਹੋਇਆ ਹੈ | ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੇਸ਼ਰਮ ਆਗੂਆਂ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ | ਮੁੱਖ ਮੰਤਰੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਂਡੂ ਵਿਕਾਸ ਫੰਡਾਂ ਦੀ ਦੁਰਵਰਤੋਂ ਕੀਤੀ ਸੀ ਤਾਂ ਉਦੋਂ ਉਹ ਚੁੱਪ ਕਿਉਂ ਸਨ? ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਉਸ ਸਮੇਂ ਕਾਂਗਰਸ ਦੇ ਸੂਬਾ ਪ੍ਰਧਾਨ ਸਨ, ਜਦੋਂ ਕੇਂਦਰ ਵੱਲੋਂ ਫੰਡ ਰੋਕੇ ਗਏ ਸਨ | ਭਗਵੰਤ ਮਾਨ ਨੇ ਕਿਹਾ ਕਿ ਸੂਬਾ ਭਾਜਪਾ ਪ੍ਰਧਾਨ ਵਿਕਾਸ ਕਾਰਜਾਂ ਨੂੰ ਰੋਕਣ ਲਈ ਪੰਜਾਬ ਅਤੇ ਪੰਜਾਬ ਵਾਸੀਆਂ ਪ੍ਰਤੀ ਜਵਾਬਦੇਹ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਬਲਕਾਰ ਸਿੰਘ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਵੀ ਹਾਜ਼ਰ ਸਨ |
ਫਿਰੋਜ਼ਪੁਰ ਇਲਾਕੇ ‘ਚ ਪਿੰਡ ਨਿਹਾਲਾ ਲਵੇਰਾ ਦਾ ਦੌਰਾ ਕਰਨ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ | ਉਨ੍ਹਾ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਬਰਸਾਤ ਕਾਰਨ ਹੋਏ ਨੁਕਸਾਨ ਦਾ ਪਹਿਲ ਦੇ ਅਧਾਰ ‘ਤੇ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਕਰਨ ਲਈ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |
ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਕੁਦਰਤ ਦੇ ਕਹਿਰ ਤੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਯਕੀਨੀ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਵਹਿ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਥਾਈਾ ਖੇਤਾਂ ਵਿੱਚ ਝੋਨੇ ਦੀ ਫਸਲ ਤਬਾਹ ਹੋ ਗਈ ਹੈ |
ਉਨ੍ਹਾ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਜਲਦੀ ਕਿਸਾਨਾਂ ਨੂੰ ਵੱਧ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਪਨੀਰੀ ਮੁਫਤ ਮੁਹੱਈਆ ਕਰਵਾਏਗੀ | ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਹੀ ਖੇਤੀਬਾੜੀ ਯੂਨੀਵਰਸਿਟੀ, ਪਨਸੀਡ, ਖੇਤੀਬਾੜੀ ਵਿਭਾਗ ਅਤੇ ਹੋਰਾਂ ਨੂੰ ਇਨ੍ਹਾਂ ਕਿਸਮਾਂ ਦੀ ਪਨੀਰੀ ਤਿਆਰ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਪਨੀਰੀ ਅਗਲੇ ਚਾਰ-ਪੰਜ ਦਿਨਾਂ ਵਿੱਚ ਤਿਆਰ ਹੋ ਜਾਵੇਗੀ, ਜਿਸ ਤੋਂ ਬਾਅਦ ਇਹ ਕਿਸਾਨਾਂ ਨੂੰ ਮੁਫਤ ਵੰਡੀ ਜਾਵੇਗੀ | ਉਨ੍ਹਾ ਕਿਹਾ ਕਿ ਸੂਬੇ ਦੇ ਕਰੀਬ 15 ਜ਼ਿਲ੍ਹੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਹਨ, ਜਿੱਥੇ ਲੋੜ ਪੈਣ ‘ਤੇ ਇਹ ਪਨੀਰੀ ਅੰਨਦਾਤਿਆਂ ਨੂੰ ਦਿੱਤੀ ਜਾਵੇਗੀ | ਭਗਵੰਤ ਮਾਨ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਸੂਬਾ ਸਰਕਾਰ ਸੂਬੇ ਦੇ ਕਿਸਾਨਾਂ ਦੇ ਨਾਲ ਖੜ੍ਹੀ ਹੈ |



