ਪੈਸਿਆਂ ਖਾਤਰ ਮਾਂ ਮਾਰ’ਤੀ!
ਸ੍ਰੀ ਹਰਗੋਬਿੰਦਪੁਰ ਸਾਹਿਬ : ਨੇੜਲੇ ਪਿੰਡ ਸਮਰਾਏ ਦੇ ਨੌਜਵਾਨ ਨੇ ਪੈਸਿਆਂ ਦੀ ਖਾਤਰ ਮਾਂ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਪਿੰਡ ਵਾਲਿਆਂ ਮੁਤਾਬਕ ਸਤਪਾਲ ਵੈਲਡਿੰਗ ਦਾ ਕੰਮ ਕਰਦਾ ਸੀ। ਉਸ ਦੇ ਪਿਤਾ ਮੰਗਤ ਸਿੰਘ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਹੜਾ ਕਿ ਸਰਕਾਰੀ ਮੁਲਾਜ਼ਮ ਸੀ। ਉਸ ਦੀ ਪੈਨਸ਼ਨ ਜਸਬੀਰ ਕੌਰ ਨੂੰ ਮਿਲ ਰਹੀ ਸੀ। ਸਤਪਾਲ ਸ਼ਰਾਬ ਦਾ ਆਦੀ ਸੀ ਤੇ ਮਾਂ ਕੋਲੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਸੋਮਵਾਰ ਸ਼ਾਮ ਸਤਪਾਲ ਨੇ ਪੈਸਿਆਂ ਖਾਤਰ ਮਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸ੍ਰੀ ਹਰਗੋਬਿੰਦਪੁਰ ਦੀ ਥਾਣਾ ਮੁਖੀ ਬਲਜੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ। ਪੁਲਸ ਨੂੰ ਮਿ੍ਰਤਕਾ ਦੇ ਇਕ ਹੋਰ ਪੁੱਤਰ ਰਛਪਾਲ ਸਿੰਘ ਨੇ ਦੱਸਿਆ ਕਿ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਸਤਪਾਲ ਨੇ ਡਾਂਗਾਂ ਨਾਲ ਮਾਤਾ ਨੂੰ ਕੁੱਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।




