ਨਵੀਂ ਦਿੱਲੀ : ਮਹਿਲਾ ਭਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਜਾਂਚ ਕਮੇਟੀ ਦੇ ਇਰਾਦੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਮਾਮਲੇ ’ਚ ਦਿੱਲੀ ਪੁਲਸ ਵੱਲੋਂ ਦਾਇਰ ਚਾਰਜਸ਼ੀਟ ਦੇ ਆਧਾਰ ’ਤੇ ਦੋਸ਼ ਲਾਇਆ ਹੈ ਕਿ ਜਾਂਚ ਕਮੇਟੀ ਬਿ੍ਰਜ ਭੂਸ਼ਣ ਪ੍ਰਤੀ ਲਿਹਾਜ਼ੂ ਸੀ।
ਕੇਂਦਰ ਸਰਕਾਰ ਨੇ ਬਿ੍ਰਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਮੁੱਕੇਬਾਜ਼ ਮੈਰੀਕਾਮ ਦੀ ਅਗਵਾਈ ਹੇਠ ਛੇ ਮੈਂਬਰੀ ਕਮੇਟੀ ਕਾਇਮ ਕੀਤੀ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਪਰ ਇਸ ਨੂੰ ਜਨਤਕ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾਵਾਂ ਨੇ ਵੱਖਰੇ ਬਿਆਨਾਂ ’ਚ ਦੋਸ਼ ਲਾਇਆ ਕਿ ਜਾਂਚ ਕਮੇਟੀ ਬਿ੍ਰਜ ਭੂਸ਼ਣ, ਜੋ ਭਾਜਪਾ ਦਾ ਸੰਸਦ ਮੈਂਬਰ ਵੀ ਹੈ, ਪ੍ਰਤੀ ਲਿਹਾਜ਼ੂ ਰਹੀ ਹੈ। ਇਕ ਸ਼ਿਕਾਇਤਕਰਤਾ ਨੇ ਕਿਹਾ-ਜਦੋਂ ਵੀ ਮੈਂ ਜਾਂਚ ਕਮੇਟੀ ਦੇ ਸਾਹਮਣੇ ਆਪਣਾ ਬਿਆਨ ਦੇਣ ਤੋਂ ਬਾਅਦ ਫੈਡਰੇਸ਼ਨ ਦੇ ਦਫਤਰ ਜਾਂਦੀ ਸੀ ਤਾਂ ਮੁਲਜ਼ਮ ਮੇਰੇ ਵੱਲ ਨਫਰਤ ਤੇ ਗੰਦੀਆਂ ਨਜ਼ਰਾਂ ਨਾਲ ਵੇਖਦਾ ਸੀ ਅਤੇ ਅਸ਼ਲੀਲ ਇਸ਼ਾਰੇ ਕਰਦਾ ਸੀ, ਜਿਸ ਨਾਲ ਮੈਂ ਅਸੁਰੱਖਿਅਤ ਮਹਿਸੂਸ ਕਰਦੀ ਸੀ। ਉਸ ਨੇ ਦੋਸ਼ ਲਗਾਇਆ-ਜਦੋਂ ਮੈਂ ਆਪਣਾ ਬਿਆਨ ਦੇ ਰਹੀ ਸੀ ਉਦੋਂ ਵੀ ਵੀਡੀਓ ਰਿਕਾਰਡਿੰਗ ਨੂੰ ਕਦੇ ਰੋਕਿਆ ਜਾਂਦਾ ਤੇ ਕਦੇ ਚਲਾਇਆ ਜਾਂਦਾ ਸੀ। ਕਮੇਟੀ ਨੇ ਮੇਰੀ ਬੇਨਤੀ ਦੇ ਬਾਵਜੂਦ ਮੈਨੂੰ ਮੇਰੇ ਬਿਆਨ ਦੀ ਵੀਡੀਓ ਰਿਕਾਰਡਿੰਗ ਦੀ ਕਾਪੀ ਨਹੀਂ ਦਿੱਤੀ। ਮੈਨੂੰ ਸ਼ੱਕ ਹੈ ਕਿ ਸ਼ਾਇਦ ਮੇਰਾ ਪੂਰਾ ਬਿਆਨ ਦਰਜ ਨਹੀਂ ਕੀਤਾ ਗਿਆ ਅਤੇ ਦੋਸ਼ੀ ਨੂੰ ਬਚਾਉਣ ਲਈ ਇਸ ਨਾਲ ਛੇੜਛਾੜ ਕੀਤੀ ਗਈ ਹੋ ਸਕਦੀ ਹੈ। ਇੱਕ ਹੋਰ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਨੂੰ ਉਸ ਦੀ ਸਹਿਮਤੀ ਤੋਂ ਬਿਨਾਂ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਲਈ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ।




