ਬੇਂਗਲੁਰੂ : ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ (ਆਈ ਐੱਨ ਡੀ ਆਈ ਏ-ਇੰਡੀਆ)। ਇੱਥੇ ਜੁੜੀਆਂ 26 ਆਪੋਜ਼ੀਸ਼ਨ ਪਾਰਟੀਆਂ ਨੇ ਮੰਗਲਵਾਰ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦਾ ਲੋਕ ਸਭਾ ਚੋਣਾਂ ਵਿਚ ਟਾਕਰਾ ਕਰਨ ਲਈ ਬਣਾਏ ਗਏ ਗੱਠਜੋੜ ਦਾ ਨਾਂਅ ‘ਇੰਡੀਆ’ ਰੱਖਿਆ। ਇਸ ਦਾ ਬਕਾਇਦਾ ਐਲਾਨ ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤਾ।
ਪਾਰਟੀਆਂ ਨੇ ਸੰਵਿਧਾਨ ਵਿਚ ਦਰਜ ਭਾਰਤ ਦੇ ਆਈਡੀਏ ਦੀ ਰਾਖੀ ਦਾ ਸੰਕਲਪ ਲਿਆ, ਕਿਉਕਿ ਭਾਰਤੀ ਸੰਵਿਧਾਨ ਦੇ ਬੁਨਿਆਦੀ ਥੰਮ੍ਹਾਂਸੈਕੂਲਰ ਜਮਹੂਰੀਅਤ, ਆਰਥਕ ਖੁਦਮੁਖਤਿਆਰੀ, ਸਮਾਜੀ ਨਿਆਂ ਤੇ ਫੈਡਰਲਿਜ਼ਮ ਨੂੰ ਗਿਣਮਿਥ ਕੇ ਢਾਹਿਆ ਜਾ ਰਿਹਾ ਹੈ।
ਖੜਗੇ ਨੇ ਕਿਹਾ ਕਿ ਸਾਰੀਆਂ ਧਿਰਾਂ ਭਾਜਪਾ ਗੱਠਜੋੜ ਖਿਲਾਫ ਮੋਰਚਾ ਖੜ੍ਹਾ ਕਰਨ ਲਈ ਸਹਿਮਤ ਹੋਈਆਂ। ਇਸ ਗੱਠਜੋੜ ਦੀ 11 ਮੈਂਬਰਾਂ ਦੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਅਤੇ ਇਸ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਮੁੰਬਈ ’ਚ ਛੇਤੀ ਕੀਤੀ ਜਾਣ ਵਾਲੀ ਅਗਲੀ ਮੀਟਿੰਗ ’ਚ ਕੀਤਾ ਜਾਵੇਗਾ। ਚੋਣ ਮੈਨੇਜਮੈਂਟ ਲਈ ‘ਇੰਡੀਆ’ ਦਾ ਸਕੱਤਰੇਤ ਨਵੀਂ ਦਿੱਲੀ ਵਿਚ ਕਾਇਮ ਕੀਤਾ ਜਾਵੇਗਾ। ਉਨ੍ਹਾ ਕਿਹਾਦੇਸ਼ ਅਤੇ ਇਸ ਦੇ ਲੋਕਾਂ ਨੂੰ ਬਚਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ ਅਸੀਂ ਆਪਣੇ ਮਤਭੇਦਾਂ ਨੂੰ ਪਿੱਛੇ ਰੱਖਣ ਦਾ ਫੈਸਲਾ ਕੀਤਾ ਹੈ। ਖੜਗੇ ਨੇ ਕਿਹਾ ਕਿ ਆਪੋਜ਼ੀਸ਼ਨ ਪਾਰਟੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਨਗੀਆਂ ਤੇ ਫਤਿਹ ਹਾਸਲ ਕਰਨਗੀਆਂ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਐੱਨ ਡੀ ਏ ‘ਇੰਡੀਆ’ ਨੂੰ ਚੈਲੰਜ ਕਰਕੇ ਦਿਖਾਏ। ਰਾਹੁਲ ਗਾਂਧੀ ਨੇ ਕਿਹਾਮੀਟਿੰਗ ਨਤੀਜਾਖੇਜ ਰਹੀ। ਆਪੋਜ਼ੀਸ਼ਨ ਦੀ ਲੜਾਈ ਭਾਜਪਾ ਦੀ ਵਿਚਾਰਧਾਰਾ ਨਾਲ ਹੈ, ਅਸੀਂ ਆਪਣੇ ਮਹਾਨ ਦੇਸ਼ ਇੰਡੀਆ ਦੇ ਆਈਡੀਏ ਦੀ ਰਾਖੀ ਕਰ ਰਹੇ ਹਾਂ। ਤੁਸੀਂ ਇਤਿਹਾਸ ਦੇਖ ਕੇ ਕਹਿ ਸਕਦੇ ਹੋ ਕਿ ਕੋਈ ਵੀ ਭਾਰਤ ਦੇ ਆਈਡੀਏ ਨੂੰ ਹਰਾ ਨਹੀਂ ਸਕਿਆ। ਲੜਾਈ ਭਾਜਪਾ ਤੇ ਆਪੋਜ਼ੀਸ਼ਨ ਵਿਚਾਲੇ ਨਹੀਂ ਹੈ। ਦੇਸ਼ ਦਾ ਗਲਾ ਘੁੱਟਿਆ ਜਾ ਰਿਹਾ ਹੈ, ਇਹ ਉਸ ਵਿਰੁੱਧ ਲੜਾਈ ਹੈ। ਇਸੇ ਕਰਕੇ ਅਸੀਂ ਗੱਠਜੋੜ ਦਾ ਨਾਂਅ ‘ਇੰਡੀਆ’ ਰੱਖਿਆ ਹੈ। ਖੜਗੇ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਨ੍ਹਾ ਦੀ ਪਾਰਟੀ ਨਾ ਸੱਤਾ ਤੇ ਨਾ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਪਿੱਛੇ ਹੈ। ਉਹ ਆਪੋਜ਼ੀਸ਼ਨ ਪਾਰਟੀਆਂ ਵਿਚਾਲੇ ਸੂਬਾ ਪੱਧਰ ’ਤੇ ਮਤਭੇਦਾਂ ਤੋਂ ਵਾਕਫ ਹਨ, ਪਰ ਇਹ ਮਤਭੇਦ ਵਿਚਾਰਧਾਰਕ ਨਹੀਂ ਹਨ। ਇਹ ਮਤਭੇਦ ਏਨੇ ਵੱਡੇ ਨਹੀਂ ਹਨ ਕਿ ਲੋਕਾਂ ਖਾਤਰ ਪਾਸੇ ਨਾ ਰੱਖੇ ਜਾ ਸਕਣ। ਉਨ੍ਹਾ ਕਿਹਾਸਾਡੀਆਂ 26 ਪਾਰਟੀਆਂ ਦੀਆਂ 11 ਸੂਬਿਆਂ ਵਿਚ ਸਰਕਾਰਾਂ ਹਨ। ਭਾਜਪਾ ਨੇ ਆਪਣੇ ਤੌਰ ’ਤੇ ਲੋਕ ਸਭਾ ਵਿਚ 303 ਸੀਟਾਂ ਨਹੀਂ ਜਿੱਤੀਆਂ ਸਨ। ਇਸ ਵਿਚ ਇਸ ਦੀਆਂ ਇਤਿਹਾਦੀ ਪਾਰਟੀਆਂ ਦੀਆਂ ਵੋਟਾਂ ਵੀ ਸਨ, ਜਿਨ੍ਹਾਂ ਨੂੰ ਇਸ ਨੇ ਬਾਅਦ ਵਿਚ ਲਾਂਭੇ ਕਰ ਦਿੱਤਾ। ਹੁਣ ਘਬਰਾਈ ਹੋਈ ਭਾਜਪਾ ਇਨ੍ਹਾਂ ਪਾਰਟੀਆਂ ਨੂੰ ਇਕੱਠੀਆਂ ਕਰਨ ਲਈ ਭੱਜੀ ਫਿਰ ਰਹੀ ਹੈ। ਸੁਣਿਆ ਹੈ ਕਿ ਮੰਗਲਵਾਰ ਦਿੱਲੀ ਵਿਚ ਐੱਨ ਡੀ ਏ ਵਾਲੇ 38 ਪਾਰਟੀਆਂ ਦੀ ਮੀਟਿੰਗ ਕਰ ਰਹੇ ਹਨ। ਕੁਝ ਪਾਰਟੀਆਂ ਦੇ ਤਾਂ ਅਸੀਂ ਨਾਂਅ ਕਦੇ ਸੁਣੇ ਨਹੀਂ। ਮੀਟਿੰਗ ਤੋਂ ਬਾਅਦ ਜਾਰੀ ‘ਸਮੂਹਿਕ ਸੰਕਲਪ’ ਨਾਂਅ ਦੇ ਸਾਂਝੇ ਐਲਾਨਨਾਮੇ ਵਿਚ ਦੋਸ਼ ਲਾਇਆ ਗਿਆ ਹੈ ਕਿ ਸੰਵਿਧਾਨ ਦੇ ਬੁਨਿਆਦੀ ਥੰਮ੍ਹਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਮਨੀਪੁਰ ਦੀ ਹਿੰਸਾ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ਸਦਮਾ ਪਹੁੰਚਾਉਣ ਵਾਲੀ ਤੇ ਅਸਾਧਾਰਨ ਹੈ। ਮਨੀਪੁਰ ਵਿਚ ਅਮਨ ਬਹਾਲੀ ਦੀ ਫੌਰੀ ਲੋੜ ਹੈ। 26 ਪਾਰਟੀਆਂ ਨੇ ਜਾਤ ਅਧਾਰਤ ਮਰਦਮਸ਼ੁਮਾਰੀ ’ਤੇ ਵੀ ਜ਼ੋਰ ਦਿੱਤਾ ਹੈ। ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਗੈਰਭਾਜਪਾ ਰਾਜਾਂ ਵਿਚ ਗਵਰਨਰ ਤੇ ਲੈਫਟੀਨੈਂਟ ਗਵਰਨਰ ਆਪਣੀਆਂ ਸੰਵਿਧਾਨਕ ਹੱਦਾਂ ਉਲੰਘ ਰਹੇ ਹਨ। ਆਪੋਜ਼ੀਸ਼ਨ ਪਾਰਟੀਆਂ ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਸੰਘਰਸ਼ ਕਰਨਗੀਆਂ। ਨੋਟਬੰਦੀ ਨੇ ਛੋਟੇ ਕਾਰਖਾਨਿਆਂ ਤੇ ਗੈਰਜਥੇਬੰਦ ਖੇਤਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ, ਨਤੀਜੇ ਵਜੋਂ ਵੱਡੀ ਗਿਣਤੀ ਵਿਚ ਨੌਜਵਾਨ ਬੇਰੁਜ਼ਗਾਰ ਹਨ। ਆਪੋਜ਼ੀਸ਼ਨ ਪਾਰਟੀਆਂ ਹੁਕਮਰਾਨਾਂ ਵੱਲੋਂ ਦੋਸਤਾਂ ਨੂੰ ਵੰਡੀ ਜਾ ਰਹੀ ਕੌਮੀ ਦੌਲਤ ਖਿਲਾਫ ਡਟਣਗੀਆਂ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ।
ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਘੱਟ ਗਿਣਤੀਆਂ ਖਿਲਾਫ ਫੈਲਾਈ ਜਾ ਰਹੀ ਨਫਰਤ ਤੇ ਹਿੰਸਾ, ਮਹਿਲਾਵਾਂ, ਦਲਿਤਾਂ, ਆਦਿਵਾਸੀਆਂ ਤੇ ਕਸ਼ਮੀਰੀ ਪੰਡਤਾਂ ਖਿਲਾਫ ਅਪਰਾਧਾਂ ਨੂੰ ਰੋਕਣ ਲਈ ਸੰਘਰਸ਼ ਕੀਤਾ ਜਾਵੇਗਾ।
ਐਲਾਨਨਾਮੇ ਵਿਚ ਕਿਹਾ ਗਿਆ ਹੈਅਸੀਂ ਦੇਸ਼ ਅੱਗੇ ਬਦਲਵਾਂ ਸਿਆਸੀ, ਸਮਾਜੀ ਤੇ ਆਰਥਕ ਏਜੰਡਾ ਪੇਸ਼ ਕਰਨ ਦਾ ਪ੍ਰਣ ਕਰਦੇ ਹਾਂ। ਅਸੀਂ ਅਜਿਹੀ ਸਰਕਾਰ ਲਈ ਕੰਮ ਕਰਾਂਗੇ, ਜਿਹੜੀ ਲੋਕਾਂ ਦੀ ਗੱਲ ਸੁਣ ਕੇ ਕੰਮ ਕਰੇ।
ਲਾਲੂ ਦੀ ਪਾਰਟੀ ਰਾਜਦ ਨੇ ਟਵੀਟ ਕੀਤਾਹੁਣ ਪ੍ਰਧਾਨ ਮੰਤਰੀ ਮੋਦੀ ਨੂੰ ‘ਇੰਡੀਆ’ ਕਹਿਣ ਵਿਚ ਵੀ ਪੀੜਾ ਹੋਵੇਗੀ। ਟੀ ਐੱਮ ਸੀ ਸਾਂਸਦ ਨੇ ਟਵੀਟ ਕੀਤਾਚੱਕ ਦੇ ਇੰਡੀਆ। ਕਾਂਗਰਸ ਸਾਂਸਦ ਮਣੀਕਮ ਟੈਗੋਰ ਨੇ ਲਿਖਿਆਇੰਡੀਆ ਜੀਤੇਗੀ। ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਯੂ ਪੀ ਏ ਭਿ੍ਰਸ਼ਟਾਚਾਰ ਪਿਛਾਖੜੀ ਸਿਆਸਤ ਦਾ ਦੂਜਾ ਰੂਪ ਬਣ ਗਿਆ ਸੀ ਤੇ ਗੱਠਜੋੜ ਦਾ ਨਵਾਂ ਨਾਂਅ ਇਸ ਦੀ ਸਾਖ ਵਧਾਉਣ ਨਹੀਂ ਲੱਗਾ। 2024 ਵਿਚ ਦੇਸ਼ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਆਗੂ ਚੁਣੇਗਾ।




