25 C
Jalandhar
Sunday, September 8, 2024
spot_img

ਮਹਾਂਗੱਠਜੋੜ ਤੇ ਐੱਨ ਡੀ ਏ ਦੀ ਬਹਾਲੀ

23 ਜੂਨ ਨੂੰ ਵਿਰੋਧੀ ਪਾਰਟੀਆਂ ਦੀ ਪਟਨਾ ਵਿੱਚ ਹੋਈ ਸਫ਼ਲ ਮੀਟਿੰਗ ਵਿੱਚ 15 ਪਾਰਟੀਆਂ ਨੇ ਹਿੱਸਾ ਲਿਆ ਸੀ। ਬੇਂਗਲੁਰੂ ਵਿੱਚ ਹੋਈ ਦੂਜੀ ਮੀਟਿੰਗ ਵਿੱਚ ਇਹ ਗਿਣਤੀ 26 ਤੱਕ ਪੁੱਜ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਦਲਾਂ ਦੀ ਏਕਤਾ ਤੇ ਪ੍ਰਤੀਬੱਧਤਾ ਨੇ ਭਾਜਪਾ ਨੂੰ ਭਾਜੜਾਂ ਪਾ ਦਿੱਤੀਆਂ ਹਨ। ਜਿਹੜੀ ਭਾਜਪਾ ਇਹ ਕਿਹਾ ਕਰਦੀ ਸੀ ਕਿ ਸਾਰੇ ਵਿਰੋਧੀ ਦਲਾਂ ਨਾਲੋਂ ਇੱਕੋ ਮੋਦੀ ਭਾਰੂ ਹੈ, ਹੁਣ ਉਨ੍ਹਾਂ ਹੀ ਪਾਰਟੀਆਂ ਨੂੰ ਜੋੜ ਕੇ ਮਰ ਚੁੱਕੇ ਐਨ ਡੀ ਏ ਦੀ ਅਰਥੀ ਸਜਾਉਣ ਲੱਗੀ ਹੋਈ ਹੈ, ਜਿਨ੍ਹਾਂ ਨੂੰ ਉਸ ਨੇ ਖੁਦ ਲੱਤ ਮਾਰ ਕੇ ਬੂਹਿਓਂ ਬਾਹਰ ਕੀਤਾ ਸੀ।
ਭਾਜਪਾ ਦੇ ਦੂਜੇ ਦੌਰ ਦੀ ਨੀਤੀ ਸੀ ਕਿ ਦੂਜੀਆਂ ਪਾਰਟੀਆਂ ਨੂੰ ਤੋੜ ਕੇ ਆਪਣਾ ਅਧਾਰ ਮਜ਼ਬੂਤ ਕੀਤਾ ਜਾਵੇ। ਇਸ ਨੀਤੀ ਤਹਿਤ ਉਸ ਨੇ ਆਪਣੇ ਸਹਿਯੋਗੀਆਂ ਨੂੰ ਵੀ ਨਾ ਬਖਸ਼ਿਆ। ਸ਼ੋ੍ਰਮਣੀ ਅਕਾਲੀ ਦਲ, ਤੇਲਗੂ ਦੇਸਮ, ਅਪਨਾ ਦਲ ਤੇ ਲੋਕ ਜਨਸ਼ਕਤੀ ਪਾਰਟੀ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼, ਕਰਨਾਟਕ ਤੇ ਗੋਆ ਵਿੱਚ ਕਾਂਗਰਸ ਨੂੰ ਸੰਨ੍ਹ ਲਾਈ ਗਈ। ਕਰਨਾਟਕ ਵਿੱਚ ਇਹ ਦਾਅ ਉਲਟਾ ਪੈ ਗਿਆ ਤੇ ਮੱਧ ਪ੍ਰਦੇਸ਼ ਵਿੱਚ ਵੀ ਇਹੋ ਆਸਾਰ ਬਣੇ ਹੋਏ ਹਨ। ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਤੇ ਐੱਨ ਸੀ ਪੀ ਨੂੰ ਤੋੜਨ ਦੀ ਖੇਡ ਨੇ ਭਾਜਪਾ ਦੀ ਉਥੇ ਹਾਲਤ ਹੋਰ ਵਿਗਾੜ ਦਿੱਤੀ ਹੈ। ਮਹਾਰਾਸ਼ਟਰ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਮਰਾਠੀ ਅਖਬਾਰ ‘ਸਕਾਲ’ ਨੇ ਪਿਛਲੀ 1 ਜੂਨ ਤੇ 16 ਜੁਲਾਈ ਨੂੰ ਦੋ ਸਰਵੇਖਣ ਕੀਤੇ ਸਨ। 1 ਜੂਨ ਦੇ ਸਰਵੇਖਣ ਸਮੇਂ ਹਾਲੇ ਐੱਨ ਸੀ ਪੀ ਦੋਫਾੜ ਨਹੀਂ ਸੀ ਹੋਈ। ਉਸ ਸਰਵੇਖਣ ਮੁਤਾਬਕ ਭਾਜਪਾ ਨੂੰ 33.8 ਫ਼ੀਸਦੀ ਤੇ ਸ਼ਿਵ ਸੈਨਾ (ਸ਼ਿੰਦੇ) ਨੂੰ 5.5 ਫ਼ੀਸਦੀ ਯਾਨੀ ਕੁੱਲ 39.3 ਫ਼ੀਸਦੀ ਵੋਟ ਮਿਲ ਰਹੇ ਸਨ। ਦੂਜੇ ਪਾਸੇ ਮਹਾਂ ਵਿਕਾਸ ਅਗਾੜੀ ਦੇ ਹਿੱਸੇ ਕਾਂਗਰਸ ਨੂੰ 19.9 ਫ਼ੀਸਦੀ, ਐੱਨ ਸੀ ਪੀ ਨੂੰ 15.3 ਫੀਸਦੀ ਤੇ ਸ਼ਿਵ ਸੈਨਾ (ਠਾਕਰੇ) ਨੂੰ 12.5 ਫ਼ੀਸਦੀ ਭਾਵ ਕੁੱਲ 47.7 ਫ਼ੀਸਦੀ ਵੋਟ ਮਿਲ ਰਹੇ ਸਨ। ਇਸ ਤਰ੍ਹਾਂ ਮਹਾਂ ਵਿਕਾਸ ਅਗਾੜੀ ਭਾਜਪਾ ਗੱਠਜੋੜ ਨਾਲੋਂ 8.4 ਫ਼ੀਸਦੀ ਵੋਟਾਂ ਨਾਲ ਅੱਗੇ ਸੀ। ਅਗਲਾ ਸਰਵੇਖਣ 16 ਜੁਲਾਈ, ਅੱੈਨ ਸੀ ਪੀ ਦੇ ਅਜੀਤ ਪਵਾਰ ਵੱਲੋਂ ਭਾਜਪਾ ਨਾਲ ਮਿਲ ਜਾਣ ਤੋਂ ਬਾਅਦ ਦਾ ਹੈ। ਇਸ ਮੁਤਾਬਕ ਭਾਜਪਾ ਨੂੰ 26.8 ਫੀਸਦੀ, ਐੱਨ ਸੀ ਪੀ (ਅਜੀਤ ਪਵਾਰ) 5.7 ਨੂੰ ਫ਼ੀਸਦੀ ਤੇ ਸ਼ਿਵ ਸੈਨਾ (ਸ਼ਿੰਦੇ) ਨੂੰ 4.9 ਫ਼ੀਸਦੀ ਭਾਵ ਕੁੱਲ 37.4 ਫ਼ੀਸਦੀ ਹਮਾਇਤ ਮਿਲ ਰਹੀ ਹੈ। ਦੂਜੇ ਪਾਸੇ ਮਹਾਂ ਵਿਕਾਸ ਅਗਾੜੀ ਨੂੰ, ਕਾਂਗਰਸ 19.1 ਫ਼ੀਸਦੀ, ਐੱਨ ਸੀ ਪੀ (ਸ਼ਰਦ ਪਵਾਰ) 14.9 ਫ਼ੀਸਦੀ ਤੇ ਸ਼ਿਵ ਸੈਨਾ (ਠਾਕਰੇ) 12.7 ਫ਼ੀਸਦੀ, ਕੁੱਲ 46.7 ਫ਼ੀਸਦੀ ਵੋਟ ਮਿਲ ਰਹੇ ਹਨ। ਉਪਰੋਕਤ ਦੋਹਾਂ ਸਰਵੇਖਣਾਂ ਮੁਤਾਬਕ ਸਿਰਫ਼ ਡੇਢ ਮਹੀਨੇ ਵਿੱਚ ਹੀ ਭਾਜਪਾ ਦੇ ਸਮਰਥਨ ਵਿੱਚ 7 ਫ਼ੀਸਦੀ ਦੀ ਕਮੀ ਆਈ ਹੈ। ਭਾਜਪਾ ਦੇ ਗੱਠਜੋੜ ਨੂੰ ਵੀ 2 ਫ਼ੀਸਦੀ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਵਿਰੋਧੀ ਦਲਾਂ ਦੇ ਗਠਜੋੜ ਨੂੰ 1 ਫ਼ੀਸਦੀ ਦਾ ਲਾਭ ਹੋ ਰਿਹਾ ਹੈ। ਇਸ ਸਰਵੇਖਣ ਨੇ ਭਾਜਪਾ ਆਗੂਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਪਿਛਲੇ ਦੋ ਦਿਨਾਂ ਤੋਂ ਅਜੀਤ ਪਵਾਰ ਤੇ ਉਸ ਦੇ ਹਮਾਇਤੀ ਦੋ ਵਾਰ ਸ਼ਰਦ ਪਵਾਰ ਨੂੰ ਮਿਲ ਕੇ ਉਸ ਦੀਆਂ ਲੇਲ੍ਹੜੀਆਂ ਕੱਢ ਰਹੇ ਹਨ।
ਇਸ ਸਥਿਤੀ ਵਿੱਚ ਭਾਜਪਾ ਨੇ ਦਿੱਲੀ ਵਿੱਚ ਐੱਨ ਡੀ ਏ ਦੀ ਮੁੜ ਸੁਰਜੀਤੀ ਲਈ ਮੀਟਿੰਗ ਕੀਤੀ ਹੈ। ਐਧਰੋਂ-ਉਧਰੋਂ ਫੜ ਕੇ ਭਾਨਮਤੀ ਨੇ ਕੁਨਬਾ ਜੋੜ ਲਿਆ ਹੈ, ਕਿਉਂਕਿ ਮੁੱਖ ਵਿਰੋਧੀ ਦਲ ਤਾਂ ਮਹਾਂਗੱਠਜੋੜ ਨਾਲ ਜੁੜ ਚੁੱਕੇ ਹਨ। ਵਿਰੋਧੀ ਧਿਰਾਂ ਵਿੱਚ ਸਭ ਤੋਂ ਵੱਡੀ ਪਾਰਟੀ ਕਾਂਗਰਸ ਹੈ, ਜਿਸ ਨੂੰ ਮਾਰਨ ਦੀਆਂ ਭਾਜਪਾ ਨੇ ਨੌਂ ਸਾਲ ਕੋਸ਼ਿਸ਼ਾਂ ਕੀਤੀਆਂ, ਪਰ ਉਹ ਫਿਰ ਜੀ ਉਠਦੀ ਹੈ। ਕਦੇ ਐੱਨ ਡੀ ਏ ਦਾ ਵੱਡਾ ਸਹਿਯੋਗੀ ਰਹੇ ਜਨਤਾ ਦਲ (ਯੂਨਾਈਟਿਡ) ਦਾ ਮੁਖੀ ਨਿਤੀਸ਼ ਕੁਮਾਰ ਹੁਣ ਵਿਰੋਧੀ ਧਿਰ ਨਾਲ ਹੈ ਤੇ ਬਿਹਾਰ ਵਿੱਚ ਮਹਾਂਗੱਠਜੋੜ ਦੀ ਸਰਕਾਰ ਚਲਾ ਰਿਹਾ ਹੈ। ਭਾਜਪਾ ਦੀ ਬੀ ਟੀਮ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਵੀ ਵਿਰੋਧੀ ਧਿਰਾਂ ਨਾਲ ਹੈ। ਉਹ ਕੌਮੀ ਪਾਰਟੀ ਹੈ। ਦੋ ਰਾਜਾਂ ਵਿੱਚ ਉਸ ਦੀ ਸਰਕਾਰ ਹੈ। ਤਿ੍ਰਣਮੂਲ ਕਾਂਗਰਸ, ਡੀ ਐੵਮ ਕੇ ਤੇ ਲੈਫਟ ਦੀਆਂ ਵੀ ਬੰਗਾਲ, ਤਾਮਿਲਨਾਡੂ ਤੇ ਕੇਰਲਾ ਵਿੱਚ ਸਰਕਾਰਾਂ ਹਨ। ਕੁੱਲ ਮਿਲਾ ਕੇ ਮਹਾਂਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੀਆਂ 11 ਰਾਜਾਂ ਵਿੱਚ ਸਰਕਾਰਾਂ ਹਨ। ਭਾਜਪਾ ਨੇ ਐਲਾਨ ਕੀਤਾ ਹੈ ਕਿ ਉਸ ਦੀ ਮੀਟਿੰਗ ਵਿੱਚ 38 ਪਾਰਟੀਆਂ ਸ਼ਾਮਲ ਹੋਈਆਂ। ਇਨ੍ਹਾਂ ਵਿੱਚ 8 ਉੱਤਰ-ਪੂਰਬੀ ਰਾਜਾਂ ਦੀਆਂ ਹਨ, ਜਿੱਥੋਂ ਦੀਆਂ ਅਸਾਮ ਸਮੇਤ ਕੁੱਲ 25 ਲੋਕ ਸਭਾ ਸੀਟਾਂ ਹਨ। ਏਨੀਆਂ ਕੁ ਪਾਰਟੀਆਂ ਬਿਹਾਰ ਦੀਆਂ ਹਨ, ਜਿਹੜੀਆਂ ਪਾਟੋਧਾੜ ਕਾਰਨ ਦੋ-ਦੋ ਬਣ ਕੇ ਗਿਣਤੀ ਵਧਾ ਰਹੀਆਂ ਹਨ। ਅਸਲ ਵਿੱਚ ਵਿਰੋਧੀ ਧਿਰਾਂ ਤੋਂ ਬਾਹਰ ਸਿਰਫ਼ ਤਿੰਨ ਪਾਰਟੀਆਂ ਹਨ, ਜਿਨ੍ਹਾਂ ਦਾ ਆਪਣੇ-ਆਪਣੇ ਸੂਬੇ ਵਿੱਚ ਰਾਜ ਵੀ ਹੈ ਤੇ ਅਧਾਰ ਵੀ। ਇਹ ਹਨ, ਤੇਲੰਗਾਨਾ ਦੀ ਭਾਰਤ ਰਾਸ਼ਟਰ ਸੰਮਤੀ, ਆਂਧਰਾ ਦੀ ਵਾਈ ਐਸ ਆਰ ਕਾਂਗਰਸ ਤੇ ਓਡੀਸ਼ਾ ਦੀ ਬੀਜੂ ਜਨਤਾ ਦਲ। ਇਨ੍ਹਾਂ ਤਿੰਨਾਂ ਵਿੱਚੋਂ ਹਾਲੇ ਕਿਸੇ ਨੇ ਵੀ ਐੱਨ ਡੀ ਏ ਵਿੱਚ ਸ਼ਾਮਲ ਹੋਣਾ ਠੀਕ ਨਹੀਂ ਸਮਝਿਆ।
ਇਸ ਤੋਂ ਸਪੱਸ਼ਟ ਹੈ ਕਿ ਗਿਣਤੀ ਦੇ ਹਿਸਾਬ ਨਾਲ ਐੱਨ ਡੀ ਏ ਗੱਠਜੋੜ ਵੱਡਾ, ਪਰ ਤਾਕਤ ਦੇ ਹਿਸਾਬ ਨਾਲ ਯੂ ਪੀ ਏ। ਦੇਸ਼ ਦੀ ਰਾਜਨੀਤੀ ਅੱਜ ਉਸ ਦੌਰ ਵਿੱਚ ਪੁੱਜ ਚੁੱਕੀ ਹੈ, ਜਿੱਥੇ ਕੋਈ ਵੀ ਪਾਰਟੀ ਆਪਣੇ ਦਮ ਉੱਤੇ ਸੱਤਾ ਹਾਸਲ ਨਹੀਂ ਕਰ ਸਕਦੀ। ਇਸ ਸਮੇਂ ਲੜਾਈ ਦੋ ਵਿਚਾਰਧਾਰਾਵਾਂ ਦੀ ਬਣ ਚੁੱਕੀ ਹੈ। ਇੱਕ ਪਾਸੇ ਉਹ ਲੋਕ ਹਨ, ਜਿਹੜੇ ਲੋਕਤੰਤਰ ਨੂੰ ਬਚਾਉਣ ਲਈ ਸਭ ਮਤਭੇਦ ਭੁਲਾ ਕੇ ਇਕਜੁੱਟ ਹੋ ਰਹੇ ਹਨ, ਦੂਜੇ ਪਾਸੇ ਫਾਸ਼ੀਵਾਦੀ ਹਾਕਮ ਹਨ, ਜਿਹੜੇ ਸੰਖਿਆ ਬਲ ਨਾਲ ਲੋਕਾਂ ਨੂੰ ਭਰਮਾ ਕੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ। ਦੋਵੇਂ ਧਿਰਾਂ 2024 ਦੇ ਮਹਾਂਯੁੱਧ ਲਈ ਕਮਰਕੱਸੇ ਕਰਨ ਲੱਗ ਪਈਆਂ ਹਨ। ਆਖ਼ਰੀ ਫੈਸਲਾ ਜਨਤਾ ਨੇ ਕਰਨਾ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles