ਨਵੀਂ ਦਿੱਲੀ : ਮੌਜੂਦਾ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਨੇ ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ਲਈ ਚੋਣ ਟਰਾਇਲਾਂ ਤੋਂ ਛੋਟ ਦੇਣ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਸਿਰਫ ਉਹ ਹੀ ਨਹੀਂ, ਸਗੋਂ ਹੋਰ ਵੀ ਕਈ ਭਾਰਤੀ ਭਲਵਾਨ ਵਿਨੇਸ਼ ਨੂੰ 53 ਕਿੱਲੋ ਵਰਗ ਵਿੱਚ ਹਰਾਉਣ ਦੇ ਸਮਰੱਥ ਹਨ। ਵਿਨੇਸ਼ (53 ਕਿੱਲੋ) ਅਤੇ ਬਜਰੰਗ ਪੂਨੀਆ (65 ਕਿੱਲੋ) ਨੂੰ ਮੰਗਲਵਾਰ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਨੇ ਏਸ਼ੀਆਈ ਖੇਡਾਂ ’ਚ ਸਿੱਧਾ ਦਾਖਲਾ ਦਿੱਤਾ, ਜਦਕਿ ਬਾਕੀ ਭਲਵਾਨਾਂ ਨੂੰ 22 ਅਤੇ 23 ਜੁਲਾਈ ਨੂੰ ਟਰਾਇਲਾਂ ’ਚੋਂ ਲੰਘਣਾ ਹੋਵੇਗਾ। ਹਿਸਾਰ ਦੀ ਰਹਿਣ ਵਾਲੀ 19 ਸਾਲਾ ਪੰਘਾਲ ਵੀ 53 ਕਿੱਲੋ ਭਾਰ ਵਰਗ ’ਚ ਦਾਅਵੇਦਾਰ ਹੈ। ਉਸ ਨੇ ਪੁੱਛਿਆ ਕਿ ਇੰਨੇ ਲੰਬੇ ਸਮੇਂ ਤੱਕ ਅਭਿਆਸ ਨਾ ਕਰਨ ਦੇ ਬਾਵਜੂਦ ਵਿਨੇਸ਼ ਕਿਵੇਂ ਚੁਣੀ ਗਈ। ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੂ ਪੰਘਾਲ ਨੇ ਵੀਡੀਓ ’ਚ ਕਿਹਾ-ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ’ਚ ਸਿੱਧਾ ਦਾਖਲਾ ਮਿਲ ਗਿਆ, ਚਾਹੇ ਉਸ ਨੇ ਸਾਲ ਤੋਂ ਅਭਿਆਸ ਵੀ ਨਹੀਂ ਕੀਤਾ। ਇੱਕ ਸਾਲ ’ਚ ਉਸ ਦੀ ਕੋਈ ਪ੍ਰਾਪਤੀ ਨਹੀਂ ਹੈ। ਪਿਛਲੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਮੈਂ ਸੋਨ ਤਮਗਾ ਜਿੱਤਿਆ ਸੀ ਅਤੇ ਇਹ ਪ੍ਰਾਪਤੀ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣੀ ਸੀ। ਏਸ਼ੀਅਨ ਚੈਂਪੀਅਨਸ਼ਿਪ 2023 ’ਚ ਮੈਂ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਵਿਨੇਸ਼ ਨੇ ਕੁਝ ਨਹੀਂ ਕੀਤਾ। ਸਾਕਸ਼ੀ ਮਲਿਕ ਨੇ ਉਲੰਪਿਕ ਤਮਗਾ ਜਿੱਤਿਆ ਹੈ, ਪਰ ਉਸ ਨੂੰ ਵੀ ਨਹੀਂ ਭੇਜਿਆ ਜਾ ਰਿਹਾ ਹੈ। ਵਿਨੇਸ਼ ’ਚ ਅਜਿਹਾ ਕੀ ਖਾਸ ਹੈ ਕਿ ਉਸ ਨੂੰ ਸਿੱਧਾ ਭੇਜਿਆ ਜਾ ਰਿਹਾ ਹੈ। ਟਰਾਇਲ ਕਰਵਾਓ। ਸਿਰਫ ਮੈਂ ਹੀ ਨਹੀਂ, ਕਈ ਕੁੜੀਆਂ ਹਨ, ਜੋ ਵਿਨੇਸ਼ ਨੂੰ ਮਾਤ ਦੇ ਸਕਦੀਆਂ ਹਨ।



