27.9 C
Jalandhar
Sunday, September 8, 2024
spot_img

ਇਤਿਹਾਸ ਦਾ ਕਾਲਾ ਦੌਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਹਿੰਦੇ ਰਹੇ ਹਨ ਕਿ, ‘‘ਅਜ਼ਾਦੀ ਦੇ 75 ਸਾਲਾਂ ਦੌਰਾਨ ਜੋ ਕਿਸੇ ਪ੍ਰਧਾਨ ਮੰਤਰੀ ਤੋਂ ਨਹੀਂ ਹੋਇਆ, ਉਹ ਮੈਂ ਕਰਕੇ ਦਿਖਾ ਦਿੱਤਾ ਹੈ।’’ ਇਹ ਬਿਲਕੁਲ ਸੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 75 ਸਾਲਾਂ ’ਚ ਨਹੀਂ, ਸਿਰਫ਼ 75 ਦਿਨਾਂ ਵਿੱਚ ਮਨੀਪੁਰ ਵਿੱਚ ਉਹ ਕਰ ਦਿਖਾਇਆ ਹੈ, ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਇੱਕ ਹੀ ਸੂਬੇ ਵਿੱਚ ਦੋ ਭਾਈਚਾਰੇ ਆਧੁਨਿਕ ਹਥਿਆਰਾਂ ਨਾਲ ਇੱਕ-ਦੂਜੇ ਦਾ ਖ਼ੂਨ ਵਹਾ ਰਹੇ ਹਨ। ਦੋ ਸਰਹੱਦਾਂ ਬਣ ਚੁੱਕੀਆਂ ਹਨ। ਬੰਕਰ ਬਣਾ ਲਏ ਗਏ ਹਨ। ਇੱਕ ਪਾਸੇ ਕੁੱਕੀ ਤੇ ਦੂਜੇ ਪਾਸੇ ਮੈਤੇਈ ਹਨ ਤੇ ਵਿਚਕਾਰ ਨੋਮੈਨ ਲੈਂਡ ਹੈ, ਜਿੱਥੇ ਸੁਰੱਖਿਆ ਜਵਾਨ ਪਹਿਰੇਦਾਰੀ ਕਰ ਰਹੇ ਹਨ। ਹੁਣ ਤੱਕ 150 ਦੇ ਕਰੀਬ ਲੋਕ ਮਾਰੇ ਗਏ ਹਨ। ਪਿੰਡਾਂ ਦੇ ਪਿੰਡ ਜਲਾ ਦਿੱਤੇ ਗਏ ਹਨ। ਹਜ਼ਾਰਾਂ ਲੋਕ, ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਤੇ ਔਰਤਾਂ ਸ਼ਾਮਲ ਹਨ, ਕੈਂਪਾਂ ਵਿੱਚ ਦਿਨ ਕਟੀ ਕਰ ਰਹੇ ਹਨ।
ਇਸ ਸਭ ਦਾ ਸਿਹਰਾ ਪ੍ਰਧਾਨ ਮੰਤਰੀ ਨੂੰ ਦੇਣਾ ਬਣਦਾ ਹੈ। ਇਸੇ ਕਰਕੇ ਹੀ ਵਿਸ਼ਵ ਗੁਰੂ ਦਾ ਅੱਜ ਦੁਨੀਆ ਵਿੱਚ ਡੰਕਾ ਵੱਜ ਰਿਹਾ ਹੈ। ਹਾਲੇ ਪਿਛਲੇ ਹਫ਼ਤੇ ਹੀ ਪ੍ਰਧਾਨ ਮੰਤਰੀ ਫ਼ਰਾਂਸ ਦੇ ਦੌਰੇ ਉੱਤੇ ਸਨ। ਉਥੋਂ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਲਾ ਮੋਂਡੇ’ ਨੇ ਪ੍ਰਧਾਨ ਮੰਤਰੀ ਨੂੰ ‘ਗੁਜਰਾਤ ਦੇ ਕਸਾਈ’ ਦਾ ਤਮਗਾ ਦਿੱਤਾ ਸੀ। ਇਹ ਤਮਗਾ ਸਿਰਫ਼ ਗੁਜਰਾਤ ਲਈ ਨਹੀਂ ਸਗੋਂ ਮਨੀਪੁਰ ’ਚ ਉਨ੍ਹਾਂ ਦੀ ਡਬਲ ਇੰਜਣ ਸਰਕਾਰ ਵੱਲੋਂ ਭੜਕਾਈ ਅੱਗ ਕਾਰਨ ਸੀ। ਇਸੇ ਦੌਰਾਨ ਯੂਰਪੀ ਯੂਨੀਅਨ ਨੇ ਮਨੀਪੁਰ ਦੀਆਂ ਘਟਨਾਵਾਂ ਉੱਤੇ ਮਤਾ ਪਾਸ ਕਰਕੇ ਇਨ੍ਹਾਂ ਲਈ ਮਨੀਪੁਰ ਪ੍ਰਸ਼ਾਸਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਸੀ।
ਸਪੱਸ਼ਟ ਤੌਰ ’ਤੇ ਦੇਖਿਆ ਜਾਵੇ ਤਾਂ ਭਾਜਪਾ ਸਰਕਾਰ ਮਨੀਪੁਰ ਵਿੱਚ ਮੋਦੀ ਦੇ ਗੁਜਰਾਤ ਮਾਡਲ ਨੂੰ ਹੀ ਦੁਹਰਾ ਰਹੀ ਹੈ। ਗੁਜਰਾਤ ਵਿੱਚ ਮੁਸਲਮਾਨ ਨਿਸ਼ਾਨੇ ਉੱਤੇ ਸਨ ਤੇ ਮਨੀਪੁਰ ਵਿੱਚ ਈਸਾਈ ਭਾਈਚਾਰਾ। ਗੁਜਰਾਤ ਵਿੱਚ ਮਸਜਿਦਾਂ ਜਲਾਈਆਂ ਗਈਆਂ ਸਨ ਤੇ ਮਨੀਪੁਰ ਵਿੱਚ 250 ਤੋਂ ਵੱਧ ਚਰਚ ਜਲਾ ਦਿੱਤੇ ਗਏ ਹਨ। ਮੁਸਲਮਾਨ ਔਰਤਾਂ ਦੇ ਬਲਾਤਕਾਰ ਦਾ ਜਿਹੜਾ ਪੈਟਰਨ ਗੁਜਰਾਤ ਵਿੱਚ ਲਾਗੂ ਕੀਤਾ ਗਿਆ ਸੀ, ਉਹੀ ਮਨੀਪੁਰ ਵਿੱਚ ਜਾਰੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਮਨੀਪੁਰ ਦੀ ਹਿੰਸਾ ਗੁਜਰਾਤ ਵਾਂਗ ਹੀ ਸਰਕਾਰ ਦੀ ਸਰਪ੍ਰਸਤੀ ਹੇਠ ਚਲ ਰਹੀ ਹੈ। ਸਰਕਾਰੀ ਅਸਲਾਖਾਨੇ ਮੈਤੇਈ ਗੁੰਡਾ ਗਰੋਹਾਂ ਲਈ ਖੋਲ੍ਹ ਦਿੱਤੇ ਗਏ ਸਨ। ਪ੍ਰਸ਼ਾਸਨ ਅਸਲਾਖਾਨੇ ਲੁੱਟੇ ਜਾਣ ਦੀ ਗੱਲ ਕਰ ਰਿਹਾ ਹੈ, ਜੋ ਨਿਰਾ ਝੂਠ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਅਸਲਾਖਾਨੇ ਲੁੱਟੇ ਗਏ, ਪਰ ਨਾ ਮੁਕਾਬਲਾ ਹੋਇਆ ਤੇ ਨਾ ਪਹਿਰੇਦਾਰ ਮਾਰੇ ਗਏ। ਇਹ ਗੱਲ ਤਿੰਨ ਔਰਤਾਂ ਨੂੰ ਨੰਗੇ ਕਰਨ ਤੇ ਇੱਕ ਨਾਲ ਬਲਾਤਕਾਰ ਦੀ ਘਟਨਾ ਵੀ ਸਾਬਤ ਕਰਦੀ ਹੈ ਕਿ ਮਨੀਪੁਰ ਵਿੱਚ ਜੋ ਹੋ ਰਿਹਾ ਹੈ, ਉਸ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਇਸ ਅਣਮਨੁੱਖੀ ਕਾਰੇ ਦੀ ਇੱਕ ਪੀੜਤ ਨੇ ਬਿਆਨ ਦਿੱਤਾ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਜੰਗਲ ਵਿੱਚੋਂ ਫੜ ਕੇ ਮੈਤੇਈ ਭੀੜ ਦੇ ਹਵਾਲੇ ਕੀਤਾ ਸੀ। ਪੀੜਤਾਂ ਨੇ ਭੀੜ ਦੀ ਅਗਵਾਈ ਕਰ ਰਹੇ 5 ਵਿਅਕਤੀਆਂ ਦੇ ਨਾਂਅ ਵੀ ਦੱਸੇ ਹਨ। ਇਸ ਦੇ ਬਾਵਜੂਦ ਪੁਲਸ ਵੱਲੋਂ ਦਰਜ ਕੀਤੀ ਰਿਪੋਰਟ ਵਿੱਚ ਅਣਪਛਾਤੇ ਲਿਖ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਹੋ ਨਹੀਂ 4 ਮਈ ਨੂੰ ਵਾਪਰੇ ਇਸ ਘਿਨੌਣੇ ਕਾਂਡ ਉੱਤੇ ਸਰਕਾਰ ਤੇ ਪ੍ਰਸ਼ਾਸਨ ਨੇ 75 ਦਿਨ ਪਰਦਾ ਪਾਈ ਰੱਖਿਆ ਤੇ ਕਿਸੇ ਵੀ ਦੋਸ਼ੀ ਨੂੰ ਗਿ੍ਰਫ਼ਤਾਰ ਨਾ ਕੀਤਾ। ਤੇ ਜਦੋਂ ਵੀਡੀਓ ਵਾਇਰਲ ਹੋ ਗਈ ਤਦ ਦੋਸ਼ੀ ਝੱਟ ਗਿ੍ਰਫ਼ਤਾਰ ਕਰ ਲਏ ਗਏ। ਹੁਣ ਸਮਾਚਾਰ ਵੈੱਬਸਾਈਟ ਨਿਊਜ਼ਲਾਂਡਰੀ ਨੇ ਇੰਕਸ਼ਾਫ਼ ਕੀਤਾ ਹੈ ਕਿ ਇਸ ਘਟਨਾ ਬਾਰੇ ਦੋ ਮਨੀਪੁਰੀ ਔਰਤਾਂ ਨੇ ਕੌਮੀ ਮਹਿਲਾ ਕਮਿਸ਼ਨ ਨੂੰ 12 ਜੂਨ ਨੂੰ ਹੀ ਸ਼ਿਕਾਇਤ ਕਰ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।
ਦੁਨੀਆ ਭਰ ਵਿੱਚ ਮਨੀਪੁਰ ਦੀਆਂ ਘਟਨਾਵਾਂ ਕਾਰਨ ਹੋ ਰਹੀ ਬਦਨਾਮੀ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਚੁੱਪ ਵੱਟੀ ਰੱਖੀ। ਅਸਲ ਵਿੱਚ ਫਾਸ਼ੀਵਾਦੀ ਵਿਅਕਤੀ ਦੀ ਇਹ ਜ਼ਹਿਨੀਅਤ ਹੁੰਦੀ ਹੈ ਕਿ ਅਜਿਹੀਆਂ ਘਿਨੌਣੀਆਂ ਹਰਕਤਾਂ ਉਸ ਨੂੰ ਖੁਸ਼ੀ ਦਿੰਦੀਆਂ ਹਨ। ਔਰਤਾਂ ਦੇ ਬਲਾਤਕਾਰ, ਦੁੱਧ ਚੁੰਘਦੇ ਬੱਚਿਆਂ ਨੂੰ ਨੇਜ਼ਿਆਂ ’ਤੇ ਟੰਗਣ ਅਤੇ ਗਰਭਵਤੀ ਔਰਤਾਂ ਦੇ ਪੇਟ ਚੀਰ ਕੇ ਭਰੂਣਾਂ ਨੂੰ ਤੜਫਦੇ ਦੇਖ ਕੇ ਉਸ ਨੂੰ ਸਕੂਨ ਮਿਲਦਾ ਹੈ।
ਹੁਣ ਜਦੋਂ ਮਨੀਪੁਰ ਕਾਂਡ ਨੇ ਸਾਰੇ ਦੇਸ਼ ਨੂੰ ਦਹਿਲਾ ਦਿੱਤਾ ਹੈ ਤਾਂ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਸੱਚ ਦਾ ਸਾਹਮਣਾ ਕਰਨ ਦੀ ਥਾਂ ਪ੍ਰੈੱਸ ਕਾਨਫ਼ਰੰਸ ਵਿੱਚ ਗੋਂਗਲੂਆਂ ਤੋਂ ਮਿੱਟੀ ਝਾੜਨ ਵਰਗਾ ਬਿਆਨ ਦੇ ਦਿੱਤਾ ਹੈ। ਮਨੀਪੁਰ ਦੇ ਨਾਲ ਕਾਂਗਰਸ ਸ਼ਾਸਤ ਦੋ ਰਾਜਾਂ ਰਾਜਸਥਾਨ ਤੇ ਛੱਤੀਸਗੜ੍ਹ ਦਾ ਨਾਂਅ ਨਾਲ ਜੋੜ ਕੇ ਮਨੀਪੁਰ ਦੀ ਭਾਜਪਾ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਦੀ ਡੇਢ ਮਹੀਨੇ ਦੀ ਚੁੱਪ ਤੋਂ ਬਾਅਦ ਲੋੜ 36 ਸਕਿੰਟਾਂ ਦੇ ਬਿਆਨ ਦੀ ਨਹੀਂ ਸਗੋਂ ਹਿੰਸਾ ਨੂੰ ਰੋਕਣ ਲਈ ਐਕਸ਼ਨ ਦੀ ਸੀ। ਪ੍ਰਧਾਨ ਮੰਤਰੀ ਨੇ ਤਾਂ ਮਨੀਪੁਰ ਦੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਵੀ ਨਹੀਂ ਕੀਤੀ। ਇਸ ਤੋਂ ਸਾਫ਼ ਹੈ ਕਿ ਉਹ ਸ਼ਾਂਤੀ ਚਾਹੁੰਦੇ ਹੀ ਨਹੀਂ ।
ਪ੍ਰਧਾਨ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਬੜਾ ਬੇਕਿਰਕ ਹੁੰਦਾ ਹੈ। ਆਉਣ ਵਾਲਾ ਸਮਾਂ ਜਦੋਂ ਇਤਿਹਾਸ ਦੀ ਇਬਾਰਤ ਲਿਖੇਗਾ ਤਾਂ ਗੁਜਰਾਤ ਨੂੰ ਵੀ ਯਾਦ ਰੱਖੇਗਾ ਤੇ ਮਨੀਪੁਰ ਨੂੰ ਵੀ। ਉਸ ਸਮੇਂ ਇਤਿਹਾਸ ਦੇ ਸਫ਼ਿਆਂ ਉੱਤੇ ਨਰਿੰਦਰ ਮੋਦੀ ਦੀ ਤਸਵੀਰ ਹਿਟਲਰ ਤੇ ਚੰਗੇਜ਼ ਖਾਨ ਵਰਗੇ ਨਿਰਦਈਆਂ ਦੇ ਨਾਲ ਸੁਸ਼ੋਭਤ ਹੋਵੇਗੀ। ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਇਤਿਹਾਸ ਦੇ ਇੱਕ ਕਾਲੇ ਦੌਰ ਦੇ ਜਨਕ ਵਜੋਂ ਨਫ਼ਰਤ ਨਾਲ ਯਾਦ ਕਰਿਆ ਕਰਨਗੀਆਂ। ਉਹ ਹੈਰਾਨ ਹੋਣਗੀਆਂ ਕਿ ਮਹਾਤਮਾ ਗਾਂਧੀ ਦੀ ਧਰਤੀ ਉੱਤੇ ਇੱਕ ਅਜਿਹਾ ਵਿਅਕਤੀ ਵੀ ਹੋਇਆ ਸੀ, ਜਿਸ ਵਿੱਚ ਇਨਸਾਨੀਅਤ ਨੂੰ ਛੱਡ ਕੇ ਬਾਕੀ ਸਭ ਕੁਝ ਸੀ। ਇੱਕ ਵਿਅਕਤੀ ਜਿਹੜਾ ਨਫ਼ਰਤ ਤੇ ਹਿੰਸਾ ਨਾਲ ਲਬਾਲਬ ਭਰਿਆ ਪਿਆ ਸੀ, ਪਰ ਪ੍ਰੇਮ ਤੇ ਭਾਈਚਾਰੇ ਦਾ ਦੁਸ਼ਮਣ ਸੀ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles