ਦੋ ਭੈਣਾਂ ਦੀ ਬਲਾਤਕਾਰ ਤੋਂ ਬਾਅਦ ਹੱਤਿਆ

0
201

ਇੰਫਾਲ : ਮਨੀਪੁਰ ਦੇ ਬੀ ਫੈਨਾਸ ਪਿੰਡ ’ਚ ਦੋ ਔਰਤਾਂ ਨੂੰ ਨੰਗਾ ਕਰਕੇ ਘੁਮਾਉਣ ਅਤੇ ਉਨ੍ਹਾਂ ਨਾਲ ਗੈਂਗਰੇਪ ਦੇ ਦੋਸ਼ਾਂ ਤੋਂ ਬਾਅਦ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਸ ਮੁਤਾਬਕ ਦੋ ਹੋਰ ਔਰਤਾਂ ਦੀ ਵੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਐੱਫ ਆਈ ਆਰ ਮੁਤਾਬਕ ਇਹ ਘਟਨਾ ਰਾਜਧਾਨੀ ਇੰਫਾਲ ਦੀ ਦੱਸੀ ਗਈ ਹੈ। ਇਹ ਦੋਵੇਂ ਘਟਨਾਵਾਂ ਇੱਕ ਘੰਟੇ ਦੇ ਅੰਦਰ ਹੋਈਆਂ ਅਤੇ ਦੋਵੇਂ ਹੀ ਪੀੜਤ ਕੁੱਕੀ ਭਾਈਚਾਰੇ ਤੋਂ ਹਨ ਅਤੇ ਦੋਸ਼ੀ ਮੈਤੇਈ ਭਾਈਚਾਰੇ ਦੇ ਹਨ। ਇੱਕ ਪਾਸੇ ਜਿੱਥੇ ਪਹਿਲੀ ਘਟਨਾ ਦਾ ਵੀਡੀਓ ਵਾਇਰਲ ਹੋਣ ਦੇ ਕੁਝ ਹੀ ਦੇਰ ਬਾਅਦ ਦੋਸ਼ੀਆਂ ਦੀ ਗਿ੍ਰਫ਼ਤਾਰੀ ਹੋ ਗਈ, ਉਥੇ ਦੂਜੀ ਘਟਨਾ ’ਚ ਕੋਈ ਗਿ੍ਰਫ਼ਤਾਰੀ ਨਹੀਂ ਹੋਈ।
ਪੁਲਸ ਅਧਿਕਾਰੀਆਂ ਮੁਤਾਬਕ ਬਲਾਤਕਾਰ ਅਤੇ ਹੱਤਿਆ ਦੀ ਸ਼ਿਕਾਰ ਦੋਵੇਂ ਔਰਤਾਂ ਭੈਣਾਂ ਸਨ। ਪੀੜਤ ਪਿਤਾ ਵੱਲੋਂ ਦਰਜ ਕਰਾਈ ਗਈ ਐੱਫ ਆਈ ਆਰ ਮੁਤਾਬਕ ਇਹ ਦੋਵੇਂ ਸ਼ਹਿਰ ਦੇ ਇੱਕ ਕਾਰਵਾਸ਼ ’ਚ ਬਤੌਰ ਕੇਅਰਟੇਕਰ ਕੰਮ ਕਰਦੀਆਂ ਸਨ। ਦੋਵਾਂ ਦੀ ਉਮਰ ਕ੍ਰਮਵਾਰ 21 ਅਤੇ 24 ਸਾਲ ਸੀ ਅਤੇ ਦੋਵੇਂ ਕਿਰਾਏ ਦੇ ਘਰ ’ਚ ਰਹਿੰਦੀਆਂ ਸਨ।
ਇਸੇ ਘਰ ’ਚ ਭੀੜ ਨੇ ਉਨ੍ਹਾਂ ਨਾਲ ਦਰਿੰਦਗੀ ਕੀਤੀ ਅਤੇ ਫਿਰ ਉਨ੍ਹਾਂ ਨੂੰ ਮਾਰ ਦਿੱਤਾ। ਗੱਲਬਾਤ ’ਚ ਔਰਤਾਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾ ਦੀ ਵੱਡੀ ਲੜਕੀ ਦਾ ਦੋਸਤ ਮੈਤੇਈ ਹੈ, ਜਦਕਿ ਅਸੀਂ ਲੋਕ ਕੁੱਕੀ ਹਾਂ। ਲੜਕੀ ਦੇ ਦੋਸਤ ਨੇ ਦੱਸਿਆ ਕਿ ਮਰਦਾਂ ਅਤੇ ਔਰਤਾਂ ਦੀ ਭੀੜ ਉਨ੍ਹਾ ਦੇ ਘਰ ’ਚ ਆ ਵੜੀ ਅਤੇ ਹੱਤਿਆ ਕਰ ਦਿੱਤੀ।
ਉਨ੍ਹਾ ਕਿਹਾ ਕਿ ਮੈਂ ਪੁਲਸ ਅਫਸਰ ਦੇ ਨਾਲ ਮੋਰਚਰੀ ’ਚ ਗਿਆ। ਉਥੇ ਇੱਕ ਡਾਕਟਰ ਨੇ ਦੱਸਿਆ ਕਿ ਮੇਰੀਆਂ ਲੜਕੀਆਂ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ।
ਲੜਕੀਆਂ ਦੇ ਪਿਤਾ ਨੇ ਕਿਹਾ ਕਿ ਮੈਂ ਥਾਣੇ ’ਚ ਬਲਾਤਕਾਰ ਅਤੇ ਹੱਤਿਆ ਦੀ ਰਿਪੋਰਟ ਦਰਜ ਕਰਾਈ ਹੈ। ਲੜਕੀਆਂ ਦੇ ਮਿ੍ਰਤਕ ਸਰੀਰਾਂ ਨੂੰ ਜਾਂਚ ਲਈ ਸੁਰੱਖਿਅਤ ਰੱਖਿਆ ਗਿਆ ਹੈ।
ਇਹ ਘਟਨਾ ਇੰਫਾਲ ਦੇ ਮੈਤੇਈ ਭਾਈਚਾਰੇ ਦੇ ਪ੍ਰਭੂਤਾ ਵਾਲੇ ਕੋਨੂੰਗ ਮਨਾਂਗ ਇਲਾਕੇ ’ਚ ਬੀਤੀ 4 ਮਈ ਨੂੰ ਹੀ ਹੋਈ। ਮਨੀਪੁਰ ’ਚ ਹੋਈ ਹਿੰਸਾ ਦਾ ਦੂਜਾ ਦਿਨ ਸੀ, ਜਿਸ ’ਚ 150 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਸਨ।

LEAVE A REPLY

Please enter your comment!
Please enter your name here