ਕਾਰਗਿਲ-ਉੱਤਰਾਖੰਡ ’ਚ ਬੱਦਲ ਫਟੇ

0
191

ਦੇਹਰਾਦੂਨ : ਬੀਤੇ ਦਿਨਾਂ ਤੋਂ ਪਹਾੜਾਂ ਤੋਂ ਲੈ ਕੇ ਮੈਦਾਨ ਤੱਕ ਕਈ ਜਗ੍ਹਾ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਖਾਸ ਤੌਰ ’ਤੇ ਪਹਾੜੀ ਖੇਤਰਾਂ ’ਚ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ’ਚ ਕੁਦਰਤ ਨੇ ਭਾਰੀ ਤਬਾਹੀ ਮਚਾਈ ਹੈ। ਉਤਰਾਖੰਡ ’ਚ ਕਈ ਜਗ੍ਹਾ ਬੱਦਲ ਫਟਣ ਕਾਰਨ ਨਦੀਆਂ-ਨਾਲੇ ਪਾਣੀ ਨਾਲ ਭਰ ਗਏ ਹਨ, ਸੜਕਾਂ ਰੁੜ੍ਹ ਗਈਆਂ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਸੂਬੇ ’ਚ ਕਈ ਜਗ੍ਹਾ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।
ਉੱਤਰਕਾਸ਼ੀ ਅਤੇ ਕਾਰਗਿਲ ’ਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਯਮੁਨੋਤਰੀ ਹਾਈਵੇ ’ਤੇ ਢਿਗਾਂ ਡਿੱਗਣ ਕਾਰਨ ਕਈ ਗੱਡੀਆਂ ਦਬ ਗਈਆਂ, ਉਥੇ ਹੀ ਸਕੂਲਾਂ ’ਚ ਵੀ ਮਲਬਾ ਆ ਗਿਆ। ਪਿਥੌਰਾਗੜ੍ਹ ਜ਼ਿਲ੍ਹੇ ਬੰਗਾਪਨੀ ’ਚ ਤੇਜ਼ ਵਹਾਅ ਕਾਰਨ ਡੇਢ ਸੌ ਮੀਟਰ ਸੜਕ ਪਾਣੀ ’ਚ ਬਹਿ ਗਈ। ਹਰਿਦੁਆਰ ਦੇ ਸ਼ਿਆਮਪੁਰ ਖੇਤਰ ਦੇ ਕੋਟਾ ਵਾਲੀ ਨਦੀ ’ਚ 50 ਤੋਂ ਜ਼ਿਆਦਾ ਯਾਤਰੀਆਂ ਨਾਲ ਭਰੀ ਬੱਸ ਨਦੀ ’ਚ ਬਹਿਣ ਤੋਂ ਬਚ ਗਈ। ਬਾਰਿਸ਼ ਤੋਂ ਬਾਅਦ ਨਦੀ ਦਾ ਪਾਣੀ ਅਚਾਨਕ ਵਧ ਗਿਆ, ਜਿਸ ਨੂੰ ਜਲਦੀ ਹੀ ਕ੍ਰੇਨ ਦੀ ਮਦਦ ਨਾਲ ਨਦੀ ’ਚੋਂ ਬਾਹਰ ਕੱਢ ਲਿਆ ਗਿਆ। ਹਿਮਾਚਲ ਦੇ ਰੋਹੜੂ ਵਿਚਲੇ ਪਿੰਡ ’ਚ ਸ਼ਨੀਵਾਰ ਸਵੇਰੇ ਹੜ੍ਹ ਕਾਰਨ ਬਜ਼ੁਰਗ ਜੋੜੇ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ। ਰੋਹੜੂ ਖੇਤਰ ਦੇ ਬਦਿਆਰਾ ਪਿੰਡ ’ਚ ਤਿੰਨਾਂ ਦਾ ਪਤਾ ਲਗਾਉਣ ਲਈ ਬਚਾਅ ਕਾਰਜ ਚੱਲ ਰਿਹਾ ਹੈ, ਜਿੱਥੇ ਲੈਲਾ ਨਾਲੇ ’ਚ ਅਚਾਨਕ ਹੜ੍ਹ ਆਉਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਬਜ਼ੁਰਗ ਜੋੜਾ ਰੋਸ਼ਨ ਲਾਲ ਅਤੇ ਉਸ ਦੀ ਪਤਨੀ ਭਾਗਾ ਦੇਵੀ ਪਿੰਡ ’ਚ ਢਾਬਾ ਚਲਾਉਂਦੇ ਸਨ ਅਤੇ ਉਨ੍ਹਾਂ ਦਾ ਪੋਤਾ ਕਾਰਤਿਕ ਉਨ੍ਹਾਂ ਨੂੰ ਮਿਲਣ ਗਿਆ ਸੀ। ਉਨ੍ਹਾ ਕਿਹਾ ਕਿ ਅਚਾਨਕ ਹੜ੍ਹ ਤੋਂ ਬਾਅਦ ਰੋਹੜੂ ’ਚ ਕਈ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। ਮੌਸਮ ਵਿਭਾਗ ਨੇ ਦੇਹਰਾਦੂਨ, ਉਤਰਕਾਸ਼ੀ, ਟੀਹਰੀ, ਪੌੜੀ ਅਤੇ ਨੈਨੀਤਾਲ ’ਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਉਧਰ ਰਾਜਸਥਾਨ ਦੇ ਜੋਧਪੁਰ ਅਤੇ ਬੀਕਾਨੇਰ ’ਚ ਭਾਰੀ ਬਾਰਿਸ਼ ਹੋਈ। ਜੋਧਪੁਰ ਦੀ ਇੱਕ ਗਲੀ ’ਚ ਪਾਣੀ ਦੇ ਤੇਜ਼ ਵਹਾਅ ’ਚ ਮੋਟਰਸਾਈਕਲ ਸਵਾਰ ਰੁੜ੍ਹ ਗਿਆ। ਮਹਾਰਾਸ਼ਟਰ ਦੇ ਪਾਲਘਰ, ਮੁੰਬਈ, ਠਾਣੇ, ਰਾਏਗੜ੍ਹ ਅਤੇ ਰਤਨਾਗਿਰੀ ’ਚ ਬਾਰਿਸ਼ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਯਵਤਮਾਲ ’ਚ ਬਾਰਿਸ਼ ਦੇ ਚਲਦੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਕਈ ਘਰਾਂ ’ਚ ਪਾਣੀ ਭਰ ਗਿਆ। ਇੱਕ ਘਰ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਰਾਏਗੜ੍ਹ ਦੇ ਇਰਸ਼ਾਲਵਾਡੀ ’ਚ ਢਿਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ, 82 ਲੋਕ ਹਾਲੇ ਵੀ ਲਾਪਤਾ ਹਨ। 3000 ਤੋਂ ਵੱਧ ਅਮਰਨਾਥ ਸ਼ਰਧਾਲੂਆਂ ਦਾ ਜਥਾ ਸ਼ਨੀਵਾਰ ਸਵੇਰੇ ਜੰਮੂ ਦੇ ਬੇਸ ਕੈਂਪ ਤੋਂ ਕਸ਼ਮੀਰ ਲਈ ਰਵਾਨਾ ਹੋਇਆ, ਪਰ ਉਸ ਨੂੰ ਭਾਰੀ ਮੀਂਹ ਅਤੇ ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਨਾਲ ਰਾਮਬਨ ਵਿਖੇ ਰੋਕ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਮਿਹਰ ਅਤੇ ਦਲਵਾਸ ਖੇਤਰਾਂ ’ਚ ਮੀਂਹ ਕਾਰਨ ਢਿੱਗਾਂ ਡਿੱਗੀਆਂ ਹਨ।

LEAVE A REPLY

Please enter your comment!
Please enter your name here