ਮੌਜੂਦਾ ਹਾਕਮ ਚਾਹੁੰਦੇ ਹਨ ਕਿ ਬੇਰੁਜ਼ਗਾਰੀ ਬਣੀ ਰਹੇ : ਅਮਿਤ ਕੁਮਾਰ

0
183

ਚੰਡੀਗੜ੍ਹ (ਗਿਆਨ ਸੈਦਪੁਰੀ)
‘ਮੌਜੂਦਾ ਹਾਕਮ ਚਾਹੁੰਦੇ ਹਨ ਕਿ ਬੇਰੁਜ਼ਗਾਰੀ ਬਣੀ ਰਹੇ। ਇਸੇ ਵਿੱਚ ਹੀ ਸਰਕਾਰਾਂ ਅਤੇ ਪੂੰਜੀਪਤੀਆਂ ਦੇ ਸਾਂਝੇ ਹਿੱਤ ਵਧਦੇ-ਫੁਲਦੇ ਹਨ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਪੀ ਐੱਚ ਡੀ ਦੇ ਵਿਦਿਆਰਥੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਿੱਦਿਆ ਵਿਭਾਗ ਦੇ ਮੈਂਬਰ ਅਮਿਤ ਕੁਮਾਰ ਨੇ ਕੀਤਾ। ਉਹ ਸੀ ਪੀ ਆਈ ਦੇ ਸਦਰ ਮੁਕਾਮ ’ਤੇ ਚੱਲ ਰਹੇ ਤਿੰਨ ਰੋਜ਼ਾ ਸਕੂਲ ਦੇ ਦੂਸਰੇ ਦਿਨ ਪੂੰਜੀਵਾਦੀ ਬਾਰੇ ਪੜ੍ਹਾ ਰਹੇ ਸਨ। ਉਨ੍ਹਾ ਖੁਸ਼ਕ ਵਿਸ਼ੇ ਨੂੰ ਦਿਲਚਸਪ ਢੰਗ ਨਾਲ ਪੜ੍ਹਾਉਂਦਿਆਂ ਹਾਕਮਾਂ ਅਤੇ ਪੂੰਜੀਪਤੀਆਂ ਦੇ ਲੋਕ ਵਿਰੋਧੀ ਮਨਸ਼ਿਆਂ ਨੂੰ ਵੀ ਜੱਗ-ਜ਼ਾਹਰ ਕੀਤਾ। ਪਾਰਟੀ ਸਕੂਲ ਦੀ ਦੇਖ-ਰੇਖ ਪਾਰਟੀ ਵਿਦਿਆ ਵਿਭਾਗ ਦੇ ਸਕੱਤਰ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਕਰ ਰਹੇ ਹਨ। ਐੱਮ ਐੱਸ ਭਾਟੀਆ ਸਕੂਲ ਦੇ ਮੋਨੀਟਰ ਹਨ।
ਉਨ੍ਹਾ ਪੈਦਾਵਾਰ ਦੀ ਕਾਣੀ-ਵੰਡ, ਪੂੰਜੀ ਦੀਆਂ ਕਿਸਮਾਂ ਅਤੇ ਵਿੱਤੀ ਪੂੰਜੀ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾ ਦੱਸਿਆ ਕਿ ਮੌਜੂਦਾ ਦੌਰ ਪੂੰਜੀ ਦੀ ਆਰਾਜਕਤਾ ਦਾ ਦੌਰ ਹੈ। ਇਸ ਵਿੱਚ ਪੂੰਜੀਪਤੀਆਂ ਵੱਲੋਂ ਲੁੱਟ ਦੇ ਵੱਖ-ਵੱਖ ਢੰਗ ਖੋਜੇ ਜਾਂਦੇ ਹਨ। ਇਸ ਦੌਰ ’ਚ ਉਤਪਾਦਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈ, ਪਰ ਉਤਪਾਦਕਾਂ ਨੂੰ ਸਹੀ ਉਜਰਤਾਂ ਨਹੀਂ ਮਿਲ ਰਹੀਆਂ। ਇਹੀ ਦੌਰ ਮੰਦੀ ਵੀ ਪੈਦਾ ਕਰਨ ਵੱਲ ਵਧ ਰਿਹਾ ਹੈ, ਕਿਉਂਕਿ ਜ਼ਿਆਦਾ ਉਤਪਾਦਨ ਵੀ ਮੰਦੀ ਦਾ ਕਾਰਨ ਹੁੰਦਾ ਹੈ। ਜਦੋਂ ਕੁਝ ਮੁੱਠੀ ਭਰ ਲੋਕਾਂ ਦੇ ਹੱਥਾਂ ’ਚ ਪੂੰਜੀ ਚਲੇ ਜਾਂਦੀ ਹੈ ਤਾਂ ਫਿਰ ਸਟੇਟ ਪੂੰਜੀ ਸਿਸਟਮ ਦਾ ਸਹਾਰਾ ਲਿਆ ਜਾਂਦਾ ਹੈ। ਇਸ ’ਚ ਲਾਅ ਐਂਡ ਆਰਡਰ ਦੇ ਨਾਂਅ ’ਤੇ ਪੁਲਸ ਆਦਿ ਨੂੰ ਪੂੰਜੀਪਤੀਆਂ ਦੇ ਹਿੱਤਾਂ ਲਈ ਵਰਤਿਆ ਜਾਂਦਾ ਹੈ। ਪਿਛਲੇ ਦਸਾਂ ਸਾਲਾਂ ਤੋਂ ਇਹੀ ਕੁਝ ਹੋ ਰਿਹਾ ਹੈ। ਸਿੱਖਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਅਮਿਤ ਕੁਮਾਰ ਨੇ ਤਸੱਲੀਬਖਸ਼ ਜਵਾਬ ਦਿੱਤੇ। ਕੰਮ ਘੰਟੇ ਘੱਟ ਕਰਨ ਦਾ ਸਵਾਲ ਕਾਫੀ ਚਰਚਾ ਦਾ ਵਿਸ਼ਾ ਬਣਿਆ। ਸਕੂਲ ਦੇ ਅਗਲੇ ਸੈਸ਼ਨ ਵਿੱਚ ਅਨਿਲ ਰਾਜਮਵਾਲਾ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾ ਦੱਸਿਆ ਕਿ ਭਾਰਤ ਦੇ ਆਜ਼ਾਦੀ ਅੰਦੋਲਨ ’ਚ ਕਮਿਊਨਿਸਟਾਂ ਦਾ ਵੱਡਾ ਯੋਗਦਾਨ ਰਿਹਾ ਹੈ। ਭਾਰਤ ’ਚ ਵਿੱਦਿਆਰਥੀ ਸੰਗਠਨ, ਕਿਸਾਨ-ਮਜ਼ਦੂਰ ਸੰਗਠਨ ਤੇ ਇਪਟਾ ਵਰਗੇ ਸੱਭਿਆਚਾਰਕ ਸੰਗਠਨ ਉਸਾਰਨ ’ਚ ਵੀ ਕਮਿਊਨਿਸਟ ਪਾਰਟੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਪਾਰਟੀ ਸਕੂਲ 23 ਜੁਲਾਈ ਤੱਕ ਚੱਲੇਗਾ।

LEAVE A REPLY

Please enter your comment!
Please enter your name here