72 ਪਿ੍ਰੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ ਸਿੰਗਾਪੁਰ ਲਈ ਕੀਤਾ ਰਵਾਨਾ

0
259

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਨਵੀਂ ਸਿੱਖਿਆ ਕ੍ਰਾਂਤੀ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇੱਥੋਂ 72 ਪਿ੍ਰੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ ‘ਸਿੰਗਾਪੁਰ ਪਿ੍ਰੰਸੀਪਲਜ਼ ਟ੍ਰੇਨਿੰਗ ਅਕੈਡਮੀ’ ਲਈ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਉਨ੍ਹਾਂ ਵੱਲੋਂ ਦਿੱਤੀ ਗਾਰੰਟੀ ਦੇ ਮੁਤਾਬਕ ਇਨ੍ਹਾਂ ਪਿ੍ਰੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਇਨ੍ਹਾਂ 72 ਪਿ੍ਰੰਸੀਪਲਾਂ ’ਚੋਂ 92-93 ਫੀਸਦੀ ਪਿ੍ਰੰਸੀਪਲ ਪਹਿਲੀ ਵਾਰ ਵਿਦੇਸ਼ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਦੌਰਾ ਸਿੱਖਿਆ ਦੇ ਖੇਤਰ ’ਚ ਸੁਧਾਰ ਲਿਆਉਣ ਲਈ ਮੀਲ ਪੱਥਰ ਸਾਬਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮਨੋਰਥ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਵਿਦਿਆਰਥੀ ਪੰਜਾਬ ’ਚ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰ ਸਕਣ, ਜਿਸ ਨਾਲ ਉਹ ਆਪਣੇ ਕਾਨਵੈਂਟ ਸਕੂਲਾਂ ’ਚ ਪੜ੍ਹੇ ਰਹੇ ਹਾਣੀਆਂ ਦਾ ਮੁਕਾਬਲਾ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ, ਜਿੱਥੇ ਪਿ੍ਰੰਸੀਪਲ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ ਅਤੇ ਵਿਦਿਆਰਥੀ ਇਸਰੋ ਵਿਖੇ ਚੰਦਰਯਾਨ-3 ਵਰਗੇ ਸ਼ਾਨਦਾਰ ਮੌਕਿਆਂ ਦੇ ਗਵਾਹ ਬਣ ਰਹੇ ਹਨ। ਉਨ੍ਹਾ ਕਿਹਾ ਕਿ ‘ਸਕੂਲ ਆਫ ਐਮੀਨੈਂਸ’ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਦਿਅਕ ਅਤੇ ਸਿਲੇਬਸ ਤੋਂ ਬਾਹਰੀ ਗਤੀਵਿਧੀਆਂ ਦੇ ਕੇਂਦਰ ਵਜੋਂ ਉਭਰਿਆ ਹੈ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਸਿਖਲਾਈ ਦੌਰਾਨ ਇਨ੍ਹਾਂ ਪਿ੍ਰੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਪ੍ਰਚੱਲਤ ਆਧੁਨਿਕ ਅਧਿਆਪਨ ਮੁਹਾਰਤ ਨਾਲ ਲੈਸ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਦਾ ਪਹਿਲਾ ਬੈਚ ਫਰਵਰੀ ਵਿੱਚ ਸਿਖਲਾਈ ਲਈ ਸਿੰਗਾਪੁਰ ਗਿਆ ਸੀ, ਜਦਕਿ ਦੂਜੇ ਬੈਚ ਨੇ ਮਾਰਚ ਵਿੱਚ ਸਿੰਗਾਪੁਰ ਦਾ ਦੌਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਿੰਗਾਪੁਰ ਵਿਖੇ ਪੰਜ ਦਿਨਾਂ ਦੀ ਸਿਖਲਾਈ ਤੋਂ ਬਾਅਦ ਪਿ੍ਰੰਸੀਪਲਾਂ ਦਾ ਤੀਜਾ ਅਤੇ ਚੌਥਾ ਬੈਚ 29 ਜੁਲਾਈ ਨੂੰ ਦੇਸ਼ ਪਰਤ ਆਵੇਗਾ। ਮਾਨ ਨੇ ਦੱਸਿਆ ਕਿ ਇਨ੍ਹਾਂ ਪਿ੍ਰੰਸੀਪਲਾਂ ਤੋਂ ਸਿਖਲਾਈ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਨ੍ਹਾਂ ਦੀ ਚੋਣ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਹੈ।

LEAVE A REPLY

Please enter your comment!
Please enter your name here