ਭਾਖੜਾ ਡੈਮ ਦੀ ਸਥਿਤੀ ਕੰਟਰੋਲ ’ਚ, ਅਫਵਾਹਾਂ ਤੋਂ ਬਚੋ : ਮਾਨ

0
317

ਨੰਗਲ (ਸੁਰਜੀਤ ਢੇਰ)
ਭਾਖੜਾ ਡੈਮ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੈ। ਡੈਮ ਵਿੱਚ 1680 ਫੁੱਟ ਤੱਕ ਪਾਣੀ ਇਕੱਠਾ ਕਰਨ ਦੀ ਸਮਰਥਾ ਹੈ ਤੇ ਐਤਵਾਰ ਸਵੇਰ ਸਮੇਂ 1653 ਦੇ ਕਰੀਬ ਪਾਣੀ ਦਾ ਪੱਧਰ ਦਰਜ ਕੀਤਾ ਗਿਆ। ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਲ ਬੀ ਬੀ ਐੱਮ ਬੀ ਸਤਲੁਜ ਵਿੱਚ ਪ੍ਰੈੱਸ ਵਾਰਤਾ ਦੌਰਾਨ ਕੀਤਾ। ਉਨ੍ਹਾ ਨਾਲ ਮੰਤਰੀ ਹਰਜੋਤ ਸਿੰਘ ਬੈਂਸ, ਸੈਕਟਰੀ ਇਰੀਗੇਸ਼ਨ ਕਿ੍ਰਸ਼ਨ ਕੁਮਾਰ, ਡੀ ਸੀ ਰੂਪਨਗਰ ਪ੍ਰੀਤੀ ਯਾਦਵ ਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾਮੈਂ ਸਤਲੁਜ, ਬਿਆਸ ਦੇ ਲਾਗਲੇ ਪਿੰਡਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਾਡੀ ਬੀ ਬੀ ਐੱਮ ਬੀ ਅਧਿਕਾਰੀਆਂ ਨਾਲ ਨੰਗਲ ਡੈਮ ਲਾਗੇ ਬਣੇ ਸਤਲੁਜ ਸਦਨ ਵਿੱਚ ਮੀਟਿੰਗ ਹੋਈ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਤਲੁਜ ਦਰਿਆ ਨੇੜੇ ਵਸੇ ਪਿੰਡਾਂ ਤੋਂ ਹੜ੍ਹਾਂ ਦੀ ਸਥਿਤੀ ਵਾਲੀਆਂ ਖ਼ਬਰਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਸਨ। ਚੰਗੀ ਖ਼ਬਰ ਹੈ ਕਿ ਪਹਾੜਾਂ ਵਿੱਚ ਜਾ ਕਿਤੇ ਹੋਰ ਹੁਣ ਭਾਰੀ ਵਰਖਾ ਦੀ ਸੰਭਵਾਨਾ ਨਹੀਂ, ਪਰ ਕੁਦਰਤ ਤੋਂ ਵੱਡਾ ਕੋਈ ਨਹੀਂ। ਡੈਮ ਵਿੱਚ ਹਾਲੇ 27 ਫੱੁਟ ਦੇ ਕਰੀਬ ਮਾਰਜਨ ਹੈ, ਢਾਈ ਲੱਖ ਕਿਊਸਿਕ ਪਾਣੀ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ’ਚ ਹੈ। ਜੇਕਰ ਪਾਣੀ ਆਉਂਦਾ ਵੀ ਹੈ ਤਾਂ ਕੰਟਰੋਲ ਨਾਲ ਹੀ ਛੱਡਿਆ ਜਾਵੇਗਾ ਤਾਂ ਜੋ ਹੜ੍ਹ ਦੀ ਸਥਿਤੀ ਵਾਲਾ ਮਾਹੌਲ ਨਾ ਬਣੇ। ਉਨ੍ਹਾ ਕਿਹਾ ਕਿ ਡੈਮ ਦੇ ਗੇਟ ਖੁੱਲ੍ਹ ਗਏ, ਸਤਲੁਜ ’ਚ ਆਵੇਗੀ ਭਾਰੀ ਤਬਾਹੀ ਵਰਗੀਆਂ ਅਫਵਾਹਾਂ ਬਿਲਕੁਲ ਵੀ ਨਾ ਫੈਲਾਓ, ਕਿਉਂਕਿ ਸਥਿਤੀ ਪੂਰੀ ਕੰਟਰੋਲ ਵਿੱਚ ਹੈ। ਮਾਨ ਨੇ ਕਿਹਾ ਕਿ ਹਾਲੇ ਤੱਕ ਲੋਕਾਂ ਦੇ ਘਰਾਂ ਤੇ ਖ਼ੇਤਾਂ ਵਿੱਚ ਪਾਣੀ ਹੈ। ਸਾਰੇ ਅਧਿਕਾਰੀ, ਵਿਧਾਇਕ, ਮੰਤਰੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਲੋਕਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਗਿਆ ਹੈ। ਬੀਤੀਆਂ ਸਰਕਾਰਾਂ ਸਮੇਂ ਸਿੰਚਾਈ ਦੇ ਨਾਂਅ ’ਤੇ ਘਪਲੇ ਹੋਏ ਹਨ। ਸਿੰਚਾਈ ਦਾ ਪੰਜਾਬ ਵਿੱਚ ਬਹੁਤ ਵੱਡਾ ਘਪਲਾ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਜਿਨ੍ਹਾਂ ਕਦੀ ਸਵਾਂ/ ਸੂਏ ਨਹੀਂ ਵੇਖੇ, ਉਹ ਨੁਕਤਾਚੀਨੀ ਕਰਦੇ ਚੰਗੇ ਨਹੀਂ ਲਗਦੇ। ਉਨ੍ਹਾ ਕਿਹਾ ਕਿ ਕੁਦਰਤ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ, ਜੇ ਹਿਮਾਚਲ ਵਾਲੇ ਅੱਜ ਦੇ ਸਮੇਂ ’ਚ ਪਾਣੀ ਰੋਕ ਸਕਦੇ ਹਨ ਤਾਂ ਰੋਕ ਕੇ ਵੇਖ ਲੈਣ! ਪਾਣੀ ਨੇ ਆਉਣਾ ਹੀ ਹੈ ਤੇ ਪੰਜਾਬ ’ਚੋਂ ਲੰਘਣਾ ਵੀ ਹੈ। ਅਸੀਂ ਪਾਣੀ ਫਸਲਾਂ ਲਈ ਵਰਤ ਸਕਦੇ ਹਾਂ ਤੇ ਵਰਤਾਂਗੇ ਵੀ। ਉਨ੍ਹਾ ਕਿਹਾ ਕਿ ਸਾਡਾ ਮੁੱਖ ਟੀਚਾ ਹਜ਼ਾਰਾਂ ਕਿਲੋਮੀਟਰ ਹੇਠਾਂ ਭੜੋਲੀਆਂ/ ਪਾਈਪਾਂ ਪਾ ਕੇ ਘਰ-ਘਰ ਨਹਿਰੀ ਪਾਣੀ ਪਹੰੁਚਾਉਣਾ ਹੈ, ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਗਿਆ ਹੈ। ਇਸੇ ਕਾਰਨ ਅੱਜ ਭਾਖੜਾ ਡੈਮ ਆਏ ਸੀ ਕਿ ਪਾਣੀ ਇਸ ਤਰੀਕੇ ਨਾਲ ਛੱਡਿਆ ਜਾਵੇ ਕਿ ਫਲੱਡ ਗੇਟ ਖੋਲ੍ਹਣ ਦੀ ਨੌਬਤ ਨਾ ਆਵੇ, ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਕਾਫੀ ਤਬਾਹੀ ਹੋ ਚੱੁਕੀ ਹੈ।
ਨੰਗਲ ਬਹੁਤ ਜਲਦ ਬਣੇਗਾ ਟੂਰਿਸਟ ਹੱਬ
ਪੰਜਾਬ ਦੇ ਜੋ ਇਲਾਕੇ ਲੋਕਾਂ ਨੇ ਨਹੀਂ ਵੇਖੇ, ਅਸੀਂ ਉਨ੍ਹਾਂ ਨੂੰ ਨਵੀਂ ਦਿੱਖ ਦੇ ਕੇ ਲੋਕਾਂ ਨੂੰ ਵਿਖਾਉਣਾ ਹੈ। ਮੈਨੂੰ ਯਾਦ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਂ ਨੰਗਲ ਵਿਖੇ ਰੋਡ ਸ਼ੋਅ ਕੀਤਾ ਸੀ, ਉਦੋਂ ਵੀ ਨੰਗਲ ਸਤਲੁਜ ਦਰਿਆ ਦੇ ਨੀਲੇ ਪਾਣੀ ਦਾ ਜ਼ਿਕਰ ਕੀਤਾ ਸੀ। ਬੀਤੇ ਕੱਲ੍ਹ ਵੀ ਟੂਰਿਜ਼ਮ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ, ਨੰਗਲ ਨੂੰ ਫਿਲਮ ਸਿਟੀ ’ਚ ਪਾਉਣ ’ਤੇ ਵੀ ਵਿਚਾਰ ਕੀਤਾ ਗਿਆ ਹੈ। ਚਾਹੇ ਕੰਢੀ ਏਰੀਆ, ਚਾਹੇ ਪਹਾੜੀ, ਜਿੱਥੇ ਪਾਣੀ ਹੈ, ੳੱੁਥੇ ਵੱਡੇ-ਵੱਡੇ ਹੋਟਲ ਬਣਾਉਣ ’ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ’ਤੇ ਅਸੀਂ ਹੱਟ ਬਣਾ ਰਹੇ ਹਾਂ, ਹੁਸ਼ਿਆਰਪੁਰ ’ਚ ਫੋਰੈਸਟ ਦਾ ਚੋਹਾਲ ਕੱਲ੍ਹ ਚੱਲ ਪਿਆ ਸੀ।

LEAVE A REPLY

Please enter your comment!
Please enter your name here