ਮਾਨਸਾ (ਆਤਮਾ ਸਿੰਘ ਪਮਾਰ)
ਵਧ ਰਹੇ ਨਸ਼ਿਆਂ ਨੇ ਚੋਰੀਆਂ, ਡਕੈਤੀਆਂ, ਕੁੱਟਮਾਰ ਤੇ ਕਤਲਾਂ ਦੀਆਂ ਘਟਨਾਵਾਂ ਨੂੰ ਜਨਮ ਦੇਣ ਦੇ ਨਾਲ-ਨਾਲ ਇਸ ’ਚ ਵਾਧਾ ਵੀ ਕੀਤਾ ਹੈ। ਨਸ਼ਾ ਤਸਕਰਾਂ ਤੇ ਪੁਲਸ ਦਾ ਗਠਜੋੜ ਪੰਜਾਬ ਦੇ ਭਵਿੱਖ ਨੂੰ ਖਤਮ ਕਰਨ ਤੇ ਨੌਜਵਾਨ ਜ਼ਿੰਦਗੀਆਂ ਨੂੰ ਤਬਾਹ ਕਰਨ ਦੇ ਰਾਹ ਪੈ ਚੁੱਕਾ ਹੈ। ਨਸ਼ਿਆਂ ਕਰਕੇ ਘਰਾਂ ਵਿੱਚ ਕੀਰਨੇ ਪੈ ਰਹੇ ਹਨ। ਭੈਣਾਂ ਭਰਾਵਾਂ ਤੇ ਮਾਵਾਂ ਪੁੱਤਾਂ ਨੂੰ ਚੇਤੇ ਕਰਕੇ ਹੰਝੂ ਵਹਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਮਾਨਸਾ ਵਿਖੇ ਐਂਟੀ ਡਰੱਗਜ਼ ਕਮੇਟੀ ਦੇ ਕਾਰਕੁਨਾਂ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਮੱਠੀ ਕਰਨ ਤੇ ਰੋਕਣ ਲਈ ਪੁਲਸ ਵੱਲੋਂ ਨੌਜਵਾਨਾਂ ’ਤੇ ਝੂਠੇ ਪਰਚੇ ਦਰਜ ਕੀਤੇ ਜਾ ਚੁੱਕੇ ਹਨ, ਜਿਹਨਾਂ ਨੂੰ ਰੱਦ ਕਰਾਉਣ ਸੰਬੰਧੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਮਾਨਸਾ ਵੱਲੋਂ ਜ਼ਿਲ੍ਹਾ ਕਚਹਿਰੀਆਂ ਵਿਖੇ ਪੱਕਾ ਮੋਰਚਾ ਵੀ ਲਾਇਆ ਗਿਆ ਹੈ, ਜਿਸ ਦੀ ਹਮਾਇਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਪਾਣੀਆਂ ਦੀ ਪਵਿੱਤਰ ਧਰਤੀ ’ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ, ਜੋ ਕਿ ਪੰਜਾਬ ਅਤੇ ਨੌਜਵਾਨਾਂ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾ ਨਸ਼ਾ ਤਸਕਰਾਂ ਤੇ ਪੁਲਸ ਗੱਠਜੋੜ ਨੂੰ ਤੋੜਨ ਲਈ ਲੋਕ ਲਾਮਬੰਦੀ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਅਪੀਲ ਕੀਤੀ ਕਿ ਨੌਜਵਾਨ ਅੱਗੇ ਹੋ ਕੇ ਸੰਘਰਸ਼ ਦੀ ਅਗਵਾਈ ਕਰਨ, ਤਾਂ ਹੀ ਅਜਿਹੇ ਲੋਕ ਅੰਦੋਲਨ ਸਰ ਕੀਤੇ ਜਾ ਸਕਦੇ ਹਨ। ਕਮਿਊਨਿਸਟ ਆਗੂ ਨੇ ਕਿਹਾ ਕਿ ਬੇਰੁਜ਼ਗਾਰੀ ਦੇ ਕਾਰਨ ਨੌਜਵਾਨ ਵਰਗ ਨਸ਼ਿਆ ਦੀ ਦਲਦਲ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਗੈਰ-ਸਮਾਜਕ ਵਰਤਾਰੇ ਲਈ ਨੌਜਵਾਨਾਂ ਨੂੰ ਹਥਿਆਰ ਵਜੋਂ ਵਰਤਿਆ ਵਰਤਿਆ ਜਾ ਰਿਹਾ ਹੈ। ਉਹਨਾ ਨੌਜਵਾਨਾਂ ਲਈ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਮੰਗ ਕੀਤੀ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਐਕਸ਼ਨ ਲੈਣ ਸੰਬੰਧੀ ਸਰਕਾਰ ’ਤੇ ਜ਼ੋਰ ਦਿੱਤਾ। ਅੰਤ ਵਿੱਚ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਤੇ ਧਰਨਾਕਾਰੀਆਂ ਨੂੰ ਵਧਾਈ ਦਿੰਦਿਆ ਅਰਸ਼ੀ ਨੇ ਕਿਹਾ ਕਿ ਮਾਨਸਾ ਦੇ ਸਾਥੀਆਂ ਵੱਲੋਂ ਵਿੱਢਿਆ ਗਿਆ ਪਵਿੱਤਰ ਕਾਰਜ ਪੂਰੇ ਪੰਜਾਬ ਦੇ ਨੌਜਵਾਨਾ ਨੂੰ ਪ੍ਰੇਰਤ ਕਰਕੇ ਨਵੀਂ ਜ਼ਿੰਦਗੀ ਜਿਉਣ ਦਾ ਰਾਹ ਪੱਧਰਾ ਕਰੇਗਾ, ਜੋ ਕਿ ਪੰਜਾਬ ਨੂੰ ਅਸਲੀ ਅਰਥਾਂ ਵਿਚ ਖੁਸ਼ਹਾਲੀ ਦੇ ਰਾਹ ਵੱਲ ਤੋਰਨ ਦਾ ਸਰੋਤ ਬਣੇਗਾ।





