ਨਵੀਂ ਦਿੱਲੀ : ਸਪੈਸ਼ਲ ਜੱਜ ਵਿਕਾਸ ਢੱਲ ਨੇ ਸਾਬਕਾ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਕੇਸ ਵਿਚ ਹਰਿਆਣਾ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਗੋਪਾਲ ਗੋਇਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ। ਸਹਿ-ਮੁਲਜ਼ਮ ਅਰੁਣਾ ਚੱਢਾ ਵੀ ਬਰੀ ਹੋ ਗਈ ਹੈ। ਫਾਜ਼ਲ ਜੱਜ ਨੇ ਕਿਹਾ ਕਿ ਇਸਤਗਾਸਾ ਧਿਰ ਠੋਸ ਸਬੂਤ ਪੇਸ਼ ਕਰਨ ਵਿਚ ਨਾਕਾਮ ਰਹੀ।
ਗੀਤਿਕਾ ਕਾਂਡਾ ਦੀ ਐੱਮ ਐੱਲ ਡੀ ਆਰ ਏਅਰਲਾਈਨਜ਼ ਵਿਚ ਮੁਲਾਜ਼ਮ ਸੀ ਤੇ 5 ਅਗਸਤ 2012 ਨੂੰ ਉੱਤਰ-ਪੱਛਮੀ ਦਿੱਲੀ ਵਿਚ ਅਸ਼ੋਕ ਵਿਹਾਰ ’ਚ ਆਪਣੇ ਘਰ ਮਰੀ ਪਾਈ ਗਈ ਸੀ। ਉਸ ਨੇ ਚਾਰ ਅਗਸਤ ਨੂੰ ਲਿਖੇ ਖੁਦਕੁਸ਼ੀ ਨੋਟ ਵਿਚ ਕਿਹਾ ਸੀ ਕਿ ਉਹ ਕਾਂਡਾ ਤੇ ਚੱਢਾ ਤੋਂ ਦੁਖੀ ਹੋ ਕੇ ਜ਼ਿੰਦਗੀ ਖਤਮ ਕਰ ਰਹੀ ਹੈ। ਕੇਸ ਦਰਜ ਹੋਣ ਤੋਂ ਬਾਅਦ ਕਾਂਡਾ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਗੀਤਿਕਾ ਦੇ ਭਰਾ ਅੰਕਿਤ ਸ਼ਰਮਾ ਨੇ ਕਿਹਾਜਿਸ ਸਮੇਂ ਕੋਰਟ ਨੇ ਕਾਂਡਾ ਨੂੰ ਬਰੀ ਕੀਤਾ, ਇੰਜ ਲੱਗਿਆ ਕਿ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਗੀਤਿਕਾ ਦੇ ਪਰਵਾਰ ਵਿਚ ਉਸ ਦੇ ਮਾਤਾ-ਪਿਤਾ ਤੇ ਛੋਟਾ ਭਰਾ ਸਨ। ਗੀਤਿਕਾ ਦੀ ਮੌਤ ਦੇ ਕਰੀਬ ਛੇ ਮਹੀਨੇ ਬਾਅਦ ਮਾਂ ਨੇ ਖੁਦਕੁਸ਼ੀ ਕਰ ਲਈ ਸੀ। ਉਸ ਨੇ ਪਿੱਛੇ ਛੱਡੇ ਖੁਦਕੁਸ਼ੀ ਨੋਟ ਵਿਚ ਕਾਂਡਾ ਤੇ ਉਸ ਦੇ ਸਾਥੀਆਂ ਵੱਲੋਂ ਦਬਾਅ ਦਾ ਜ਼ਿਕਰ ਕੀਤਾ ਸੀ। ਉਧਰ, ਹਰਿਆਣਾ ਲੋਕ ਹਿੱਤ ਪਾਰਟੀ ਦੇ ਇੱਕੋ-ਇਕ ਵਿਧਾਇਕ ਕਾਂਡਾ ਦੇ ਬਰੀ ਹੋਣ ਤੋਂ ਬਾਅਦ ਹਰਿਆਣਾ ਭਾਜਪਾ ਦੇ ਮੁੱਖ ਬੁਲਾਰੇ ਸੰਜੇ ਸ਼ਰਮਾ ਨੇ ਕਿਹਾਕਾਂਡਾ ਭਾਜਪਾ ਨਾਲ ਜੁੜਨਾ ਚਾਹੁੰਦੇ ਹਨ ਤਾਂ ਸਵਾਗਤ ਹੈ।





