ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਵਿਰੋਧੀ ਗਠਜੋੜ ‘ਇੰਡੀਆ’ ਦਾ ਮਜ਼ਾਕ ਉਡਾਉਂਦੇ ਹੋਏ ਈਸਟ ਇੰਡੀਆ ਕੰਪਨੀ ਅਤੇ ਪਾਪੂਲਰ ਫਰੰਟ ਆਫ ਇੰਡੀਆ ਵਰਗੇ ਬਦਨਾਮ ਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਨਾਂਅ ਦੀ ਵਰਤੋਂ ਨਾਲ ਲੋਕਾਂ ਨੂੰ ਕੁਰਾਹੇ ਨਹੀਂ ਪਾਇਆ ਜਾ ਸਕਦਾ।
ਭਾਜਪਾ ਸੰਸਦੀ ਦਲ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਨਿਰਾਸ਼ ਹੈ ਅਤੇ ਇਸ ਦਾ ਵਿਹਾਰ ਦਰਸਾਉਂਦਾ ਹੈ ਕਿ ਉਸ ਨੇ ਵਿਰੋਧੀ ਧਿਰ ਵਿਚ ਲੰਮੇ ਅਰਸੇ ਤੱਕ ਬੈਠਣ ਦਾ ਮਨ ਬਣਾ ਲਿਆ ਹੈ। ਉਨ੍ਹਾ ਭਰੋਸਾ ਜ਼ਾਹਰ ਕੀਤਾ ਕਿ ਭਾਜਪਾ 2024 ਦੀਆਂ ਚੋਣਾਂ ਤੋਂ ਬਾਅਦ ਲੋਕਾਂ ਦੇ ਸਮਰਥਨ ਨਾਲ ਸੱਤਾ ’ਚ ਆਵੇਗੀ ਅਤੇ ਉਨ੍ਹਾ ਦੀ ਸਰਕਾਰ ਦੇ ਅਗਲੇ ਕਾਰਜਕਾਲ ’ਚ ਭਾਰਤ ਤੀਜੀ ਸਭ ਤੋਂ ਵੱਡੀ ਆਰਥਿਕਤਾ ਬਣ ਜਾਵੇਗਾ। ਭਾਜਪਾ ਆਗੂ ਰਮੇਸ਼ ਬਿਧੂੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਿਹੜੇ ਦੇਸ਼ ਨੂੰ ਤੋੜਨਾ ਚਾਹੰੁਦੇ ਹਨ, ਉਨ੍ਹਾਂ ਇੰਡੀਅਨ ਮੁਜਾਹਦੀਨ ਵਰਗੇ ਨਾਂਅ ਰੱਖੇ ਹਨ।
ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਨੇ ਕਿਹਾ ਕਿ ਮੋਦੀ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਤੇ ਈਸਟ ਇੰਡੀਆ ਕੰਪਨੀ ਵਿਦੇਸ਼ੀ ਨਾਗਰਿਕਾਂ ਨੇ ਬਣਾਈ ਸੀ।
26 ਆਪੋਜ਼ੀਸ਼ਨ ਪਾਰਟੀਆਂ ਨੇ ਬੈਂਗਲੁਰੂ ਵਿਚ ਕੀਤੀ ਮੀਟਿੰਗ ਤੋਂ ਬਾਅਦ ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦਾ ਗਠਨ ਕੀਤਾ ਸੀ ਤੇ ਭਾਜਪਾ ਉਸ ਦਿਨ ਤੋਂ ਹੀ ਇੰਡੀਆ ਸ਼ਬਦ ਨੂੰ ਲੈ ਕੇ ਆਪੋਜ਼ੀਸ਼ਨ ਦੀ ਖਿੱਲੀ ਉਡਾਉਣ ’ਤੇ ਲੱਗੀ ਹੋਈ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾਅਸੀਂ ਮਨੀਪੁਰ ਦੀ ਗੱਲ ਕਰ ਰਹੇ ਹਾਂ ਤੇ ਪ੍ਰਧਾਨ ਮੰਤਰੀ ਈਸਟ ਇੰਡੀਆ ਕੰਪਨੀ ਨਾਲ ਤੁਲਨਾ ਕਰ ਰਹੇ ਹਨ। ਮਨੀਪੁਰ ’ਤੇ ਗੱਲ ਕਰੋ ਨਾ। ਪ੍ਰਧਾਨ ਮੰਤਰੀ ਜੀ ਤੁਹਾਨੂੰ ਨਾਰਥ-ਈਸਟ ’ਤੇ ਐਕਟ ਈਸਟ ਪਾਲਿਸੀ ਨਹੀਂ ਦਿਸ ਰਹੀ, ਪਰ ਤੁਹਾਨੂੰ ਈਸਟ ਇੰਡੀਆ ਕੰਪਨੀ ਦਿਸ ਰਹੀ ਹੈ। ਇਸ ਇੰਡੀਆ ਨੇ ਹੀ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਨੂੰ ਹਰਾਇਆ ਸੀ। ਇਸ ਇੰਡੀਆ ਨੇ ਹੀ ਇੰਡੀਅਨ ਮੁਜਾਹਦੀਨ ਨੂੰ ਵੀ ਹਰਾਇਆ ਸੀ। ਤੁਸੀਂ ਮਨੀਪੁਰ ਵਿਚ ਹੋ ਰਹੀ ਬਰਬਰਤਾ ਤੇ ਭਿਆਨਕ ਹਿੰਸਾ ’ਤੇ ਸੰਸਦ ਵਿਚ ਕਦੋਂ ਬਿਆਨ ਦਿਓਗੇ? ਮਨੀਪੁਰ ਦੇ ਲੋਕਾਂ ਦੇ ਜ਼ਖਮਾਂ ’ਤੇ ਮਰਹਮ ਲਾ ਕੇ ਉਥੇ ਅਮਨ ਕਦੋਂ ਬਹਾਲ ਕਰੋਗੇ? ਆਪੋਜ਼ੀਸ਼ਨ ਦੇਸ਼ ਨੂੰ ਦਿਸ਼ਾ ਦੇ ਰਹੀ ਹੈ। ਪ੍ਰਧਾਨ ਮੰਤਰੀ ਖੁਦ ਹੀ ਦਿਸ਼ਾਹੀਣ ਹੋ ਗਏ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾਤੁਸੀਂ ਸਾਨੂੰ ਜੋ ਚਾਹੋ ਬੁਲਾਓ, ਮਿਸਟਰ ਮੋਦੀ। ਅਸੀਂ ਇੰਡੀਆ ਹਾਂ। ਅਸੀਂ ਮਨੀਪੁਰ ਦੇ ਜ਼ਖਮਾਂ ’ਤੇ ਮਰਹਮ ਲਾਉਣ ਵਿਚ ਮਦਦ ਕਰਾਂਗੇ। ਹਰ ਮਹਿਲਾ ਤੇ ਬੱਚੇ ਦੇ ਹੰਝੂ ਪੰੂਝਾਂਗੇ। ਉੱਥੋਂ ਦੇ ਲੋਕਾਂ ਲਈ ਪਿਆਰ ਤੇ ਅਮਨ ਵਾਪਸ ਲਿਆਵਾਂਗੇ। ਅਸੀਂ ਮਨੀਪੁਰ ਵਿਚ ਭਾਰਤ ਦੇ ਵਿਚਾਰ ਨੂੰ ਦੁਬਾਰਾ ਬਣਾਵਾਂਗੇ।
ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਟਵੀਟ ਕੀਤਾਮੋਦੀ ਜੀ, ਤੁਸੀਂ ਕਾਂਗਰਸ ਵਿਰੋਧ ’ਚ ਏਨੇ ਅੰਨ੍ਹੇ ਹੋ ਗਏ ਹੋ ਕਿ ਤੁਸੀਂ ਇੰਡੀਆ ਨੂੰ ਹੀ ਨਫਰਤ ਕਰਨ ਲੱਗੇ ਹੋ। ਮੈਂ ਸੁਣਿਆ ਹੈ ਕਿ ਅੱਜ ਤੁਸੀਂ ਨਿਰਾਸ਼ ਹੋ ਕੇ ਇੰਡੀਆ ’ਤੇ ਹਮਲਾ ਕੀਤਾ। ਸੰਵਿਧਾਨ ਦੇ ਆਰਟੀਕਲ 1 ਵਿਚ ਭਾਰਤ ਦੇ ਨਾਂਅ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈਇੰਡੀਆ, ਦੈਟ ਇਜ਼ ਭਾਰਤ, ਰਾਜਾਂ ਦਾ ਸੰਘ ਹੋਵੇਗਾ। ਸਾਹਿਬ ਦਾ ਨਾਂਅ ਗਲਤੀ ਨਾਲ ਕੋਈ ਗਲਤ ਬੋਲ ਦੇਵੇ ਤਾਂ ਪੁਲਸ ਭੇਜ ਦਿੰਦੇ ਹਨ ਅਤੇ ਖੁਦ ਇੰਡੀਆ ਦੈਟ ਇਜ਼ ਭਾਰਤ ਦਾ ਸਰੇਆਮ ਮਜ਼ਾਕ ਉਡਾ ਰਹੇ ਹਨ।
ਕਾਂਗਰਸ ਦੀ ਤਰਜਮਾਨ ਸੁਪਿ੍ਰਆ ਸ਼੍ਰੀਨੇਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਚੰਗਾ ਇੰਡੀਆ ਤੇ ਮਾੜਾ ਇੰਡੀਆ ਕਰਨ ਲੱਗ ਪਏ ਹਨ। ਪ੍ਰਧਾਨ ਮੰਤਰੀ ਇਖਲਾਕੀ ਦੀਵਾਲੀਏਪਨ ਦੇ ਰੋਗੀ ਹੋ ਗਏ ਹਨ। ਜ਼ਬਾਨੀ ਜਮ੍ਹਾਂ-ਖਰਚ ਕਰਨ ਦੀ ਥਾਂ ਮਨੀਪੁਰ ਬਾਰੇ ਬੋਲਣਾ ਚਾਹੀਦਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਾਫ ਹੈ ਕਿ ਮੋਦੀ 26 ਪਾਰਟੀਆਂ ਦੇ ਇੰਡੀਆ ਤੋਂ ਘਬਰਾ ਗਏ ਹਨ। ਇਸੇ ਦੌਰਾਨ ਆਪੋਜ਼ੀਸ਼ਨ ਆਗੂਆਂ ਦੀ ਹੋਈ ਮੀਟਿੰਗ ਵਿਚ ਮੋਦੀ ਸਰਕਾਰ ਵਿਰੋਧੀ ਬੇਵਿਸਾਹੀ ਮਤਾ ਲਿਆਉਣ ’ਤੇ ਵਿਚਾਰ ਹੋਈ। ਆਪੋਜ਼ੀਸ਼ਨ ਗੱਠਜੋੜ ਵਿਚ ਸ਼ਾਮਲ ਕੁਝ ਪਾਰਟੀਆਂ ਇਸ ਦਾ ਨੋਟਿਸ ਦੇ ਸਕਦੀਆਂ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ, ਕਿਉਕਿ ਮੋਦੀ ਸਰਕਾਰ ਮਨੀਪੁਰ ਸੰਕਟ ’ਤੇ ਸੰਸਦ ਵਿਚ ਚੱਲ ਰਹੇ ਡੈਡਲਾਕ ਦਰਮਿਆਨ ਬਿੱਲ ਪਾਸ ਕਰਵਾਈ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਸੰਸਦ ਵਿਚ ਬਿਆਨ ਨਹੀਂ ਦੇ ਰਹੇ ਤੇ ਬੇਵਿਸਾਹੀ ਮਤੇ ’ਤੇ ਬਹਿਸ ਤੋਂ ਬਾਅਦ ਉਨ੍ਹਾ ਨੂੰ ਮਨੀਪੁਰ ਬਾਰੇ ਉਠਾਏ ਸਵਾਲਾਂ ਦਾ ਜਵਾਬ ਦੇਣਾ ਹੀ ਪੈਣਾ।



