ਨਫਰਤੀ ਜ਼ਹਿਰ ਦੇ ਡੰਗ ਨੂੰ ਬੇਅਸਰ ਕਰਨ ਲਈ ਮਾਰਕਸਵਾਦ ਕਾਰਗਰ : ਕਮਿਊਨਿਸਟ ਆਗੂ

0
277

ਸ਼ਾਹਕੋਟ (ਗਿਆਨ ਸੈਦਪੁਰੀ)
ਮਨੀਪੁਰ ਦੀਆਂ ਸ਼ਰਮਨਾਕ ਅਤੇ ਦਿਲ-ਕੰਬਾਊ ਘਟਨਾਵਾਂ ਵਿਰੁੱਧ ਸੀ ਪੀ ਆਈ, ਆਰ ਐੱਮ ਪੀ ਆਈ, ਜਬਰ ਵਿਰੋਧੀ ਸੰਘਰਸ਼ ਕਮੇਟੀ ਸ਼ਾਹਕੋਟ ਅਤੇ ਹੋਰ ਖੱਬੀਆਂ ਧਿਰਾਂ ਨੇ ਸਾਂਝੇ ਤੌਰ ’ਤੇ ਸਨਿੱਚਰਵਾਰ ਰੋਸ ਮਾਰਚ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਪੁਤਲਾ ਫੂਕਣ ਤੋਂ ਪਹਿਲਾਂ ਵੱਖ-ਵੱਖ ਬੁਲਾਰਿਆਂ ਨੇ ਰੋਹ ਭਰਪੂਰ ਤਕਰੀਰਾਂ ਵਿੱਚ ਮਨੀਪੁਰ ਵਿੱਚ ਹੋਈ ਦਰਿੰਦਗੀ ਕਾਰਨ ਦੇਸ਼ ਨੂੰ ਦੁਨੀਆ ਭਰ ਵਿੱਚ ਸ਼ਰਮਸਾਰ ਹੋਣ ਲਈ ਮੋਦੀ ਅਤੇ ਮਨੀਪੁਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਖੱਬੀਆਂ ਧਿਰਾਂ ਦੀ ਮਜ਼ਬੂਤ ਕਰੰਘੜੀ ਨੂੰ ਮੌਜੂਦਾ ਸਮਿਆਂ ਦੀ ਅਹਿਮ ਲੋੜ ਦੱਸਿਆ। ਇਸ ਦੇ ਨਾਲ ਹੀ ਆਰ ਐੱਸ ਐੱਸ ਅਤੇ ਭਾਜਪਾ ਦੇ ਫਿਰਕਾਪ੍ਰਸਤ ਤੇ ਫਾਸ਼ੀਵਾਦ ਨੂੰ ਗਹਿਰਾਈ ਨਾਲ ਸਮਝ ਕੇ ਸੰਘਰਸ਼ ਦਾ ਮੈਦਾਨ ਮੱਲ ਕੇ ਮਾਰਕਸਵਾਦ ਦੇ ਵਿਗਿਆਨਿਕ ਫਲਸਫੇ ਨਾਲ ਲੈਸ ਹੋਣ ਦਾ ਵੀ ਸੱਦਾ ਦਿੱਤਾ।
ਸੀ ਪੀ ਆਈ ਆਗੂ ਸੰਦੀਪ ਅਰੋੜਾ ਨੇ ਕਿਹਾ ਕਿ ਮਨੀਪੁਰ ਸਰਕਾਰ ਬਦਅਮਨੀ ’ਤੇ ਕਾਬੂ ਪਾਉਣ ਦੀ ਥਾਂ ਲੱਗੇ ਹੋਏ ਲਾਂਬੂ ’ਤੇ ਤੇਲ ਪਾਉਣ ਦਾ ਕੰਮ ਕਰਦੀ ਰਹੀ ਹੈ। ਇਸ ਲਈ ਇਸ ਸਰਕਾਰ ਨੂੰ ਫੌਰੀ ਤੌਰ ’ਤੇ ਚਲਦਾ ਕਰਨਾ ਬਣਦਾ ਹੈ। ਉਨ੍ਹਾ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖ ਕੇ ਦੇਸ਼ ਦੋਖੀ ਤਾਕਤਾਂ ਨੂੰ ਪਛਾਨਣ ਦੀ ਲੋੜ ’ਤੇ ਜ਼ੋਰ ਦਿੱਤਾ।
ਆਰ ਐੱਮ ਪੀ ਆਈ ਦੇ ਆਗੂ ਨਿਰਮਲ ਸਿੰਘ ਮਲਸੀਆਂ ਨੇ ਮਨੀਪੁਰ ਵਿੱਚ ਔਰਤਾਂ ਦੇ ਸਰੇਆਮ ਹੋਏ ਜਿਨਸੀ ਸ਼ੋਸ਼ਣ ਦੇ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਕਾਰਿਆਂ ਨੂੰ ਰੋਕਣ ਲਈ ਭਾਜਪਾ ਦਾ ਬੋਰੀ-ਬਿਸਤਰਾ ਗੋਲ ਕਰਨਾ ਲਾਜ਼ਮੀ ਹੈ। ਉਨ੍ਹਾ ਕਿਹਾ ਕਿ 2024 ਦੀਆਂ ਆਮ ਚੋਣਾਂ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਢੁਕਵਾਂ ਸਮਾਂ ਹੋਣਗੀਆਂ। ਜਬਰ ਵਿਰੋਧੀ ਸੰਘਰਸ਼ ਕਮੇਟੀ ਸ਼ਾਹਕੋਟ ਦੇ ਆਗੂ ਕੇਵਲ ਸਿੰਘ ਦਾਨੇਵਾਲ ਨੇ ਕਿਹਾ ਕਿ ਮਨੀਪੁਰ ਦੀਆਂ ਦੁਖਦਾਈ ਘਟਨਾਵਾਂ ਲਈ ਮੋਦੀ ਅਤੇ ਮਨੀਪੁਰ ਸਰਕਾਰ ਨੂੰ ਲੋਕ ਕਦੇ ਵੀ ਮਾਫ ਨਹੀ ਕਰਨਗੇ। ਵਰਿੰਦਰਪਾਲ ਕਾਲਾ ਨੇ ਆਪਣੇ ਸੰਬੋਧਨ ਵਿੱਚ ਭਾਜਪਾ ਅਤੇ ਆਰ ਐੱਸ ਐਸ ਦੇ ਫਿਰਕੂ ਚਿਹਰੇ ਨੂੰ ਨੰਗਿਆਂ ਕੀਤਾ। ਉਨ੍ਹਾ ਕਿਹਾ ਕਿ ਭਾਈਚਾਰਿਆਂ ਦਰਮਿਆਨ ਨਫਰਤੀ ਜ਼ਹਿਰ ਫੈਲਾਉਣ ਵਾਲਿਆਂ ਦੇ ਜ਼ਹਿਰੀ ਡੰਗ ਨੂੰ ਬੇਅਸਰ ਕਰਨ ਲਈ ਮਾਰਕਸਵਾਦ ਦਾ ਅਧਿਐਨ ਜ਼ਰੂਰੀ ਹੈ। ਸਾਡੇ ਗਿਆਨ ਵਿਗਿਆਨ ਵਿੱਚ ਵਾਧਾ ਹੀ ਚੌਦਵੀਂ ਸਦੀ ਦੀ ਸੋਚ ਵਾਲੇ ਮੌਜੂਦਾ ਹਾਕਮਾਂ ਨੂੰ ਅਗਿਆਨਤਾ ਫੈਲਾਉਣ ਤੋਂ ਰੋਕ ਸਕਦਾ ਹੈ। ਇਸ ਮੌਕੇ ਮੋਦੀ ਸਰਕਾਰ ਵਿਰੁੱਧ ਨਾਹਰੇਬਾਜ਼ੀ ਵੀ ਕੀਤੀ ਗਈ। ਹੋਰਨਾਂ ਤਂੋ ਇਲਾਵਾ ਸੁਨੀਲ ਕੁਮਾਰ ਰਾਜੇਵਾਲ, ਤਾਰਾ ਸਿੰਘ ਥੰਮੂਵਾਲ, ਮਨਦੀਪ ਸਿੰਘ ਸਿੱਧੂ, ਸੱਤਪਾਲ ਮੁਰੀਦਵਾਲ, ਸਰਵਣ ਕੁਮਾਰ ਬਿੱਲਾ, ਰਜਿੰਦਰ ਕੁਮਾਰ ਹੈਪੀ, ਸਵਰਨ ਸਿੰਘ ਕਾਕੜਾ, ਸੁਰਜੀਤ ਪੂਨੀਆਂ, ਰਾਕੇਸ਼ ਕੁਮਾਰ ਸੂਦ ਤੇ ਰਮੇਸ਼ ਸਿੰਘ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here