ਚੇਨਈ : ਤਾਮਿਲਨਾਡੂ ਪੁਲਸ ਨੇ ਸ਼ਨਿਚਰਵਾਰ ਨੂੰ ਸਿਆਸੀ ਵਿਸ਼ਲੇਸ਼ਕ ਅਤੇ ਲੇਖਕ ਬਦਰੀ ਸੇਸ਼ਾਦਰੀ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗਿ੍ਰਫਤਾਰ ਕੀਤਾ ਹੈ। ਇਹ ਗਿ੍ਰਫਤਾਰੀ ਕਾਦੂਰ ਪਿੰਡ ਦੇ ਇੱਕ ਸਮਾਜ ਸੇਵੀ ਅਤੇ ਵਕੀਲ ਕਵੀਯਾਰਾਸੂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੇਖਕ ਬਦਰੀ ਸੇਸ਼ਾਦਰੀ ’ਤੇ ਮਨੀਪੁਰ ਹਿੰਸਾ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਆਲੋਚਨਾ ਕਰਨ ਦਾ ਦੋਸ਼ ਹੈ। ਪੁਲਸ ਸੂਤਰਾਂ ਅਨੁਸਾਰ ਬਦਰੀ ਸੇਸ਼ਾਦਰੀ ਨੂੰ ਉਨ੍ਹਾਂ ਦੇ ਮਾਈਲਾਪੁਰ ਸਥਿਤ ਘਰ ਤੋਂ ਗਿ੍ਰਫਤਾਰ ਕੀਤਾ ਗਿਆ ਤੇ ਬਾਅਦ ’ਚ ਪੇਰਮਬਲੂਰ ਜ਼ਿਲ੍ਹਾ ਪੁਲਸ ਹੈੱਡਕੁਆਰਟਰ ਲਿਆਂਦਾ ਗਿਆ। ਪੁਲਸ ਅਨੁਸਾਰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153, 153ਏ (ਧਰਮ, ਨਸਲ, ਜਨਮ ਸਥਾਨ, ਰਿਹਾਇਸ਼, ਭਾਸ਼ਾ ਆਦਿ ਦੇ ਆਧਾਰ ’ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ) ਅਤੇ ਧਾਰਾ 505 1 (ਬੀ) ਦਰਜ ਕੀਤੀ ਗਈ ਹੈ, ਜਦੋਂਕਿ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਕੇ. ਅੰਨਾਮਾਲਾਈ ਨੇ ਬਦਰੀ ਸੇਸ਼ਾਦਰੀ ਦੀ ਗਿ੍ਰਫਤਾਰੀ ਦੀ ਨਿੰਦਾ ਕੀਤੀ ਅਤੇ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਡੀ ਐੱਮ ਕੇ ਸਰਕਾਰ ਆਪਣੀ ਰਾਇ ਲਈ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।



