ਨਵੀਂ ਦਿੱਲੀ : ਦੇਸ਼ ’ਚ 2019 ਤੋਂ 2021 ਵਿਚਾਲੇ ਤਿੰਨ ਸਾਲਾਂ ’ਚ 13.13 ਲੱਖ ਲੜਕੀਆਂ ਅਤੇ ਔਰਤਾਂ ਗੁੰਮ ਹੋਈਆਂ, ਜਿਨ੍ਹਾਂ ’ਚੋਂ ਸਭ ਤੋਂ ਵੱਧ ਮੱਧ ਪ੍ਰਦੇਸ਼ ਦੀਆਂ ਹਨ। ਗੁੰਮ ਔਰਤਾਂ ਦੀ ਗਿਣਤੀ ਦੇ ਹਿਸਾਬ ਨਾਲ ਪੱਛਮੀ ਬੰਗਾਲ ਦੂਜੇ ਨੰਬਰ ’ਤੇ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੰਸਦ ’ਚ ਪਿਛਲੇ ਹਫ਼ਤੇ ਪੇਸ਼ ਕੀਤੇ ਅੰਕੜਿਆਂ ਮੁਤਾਬਕ ਦੇਸ਼ ’ਚ 2019 ਤੋਂ 2021 ਵਿਚਾਲੇ 18 ਸਾਲ ਤੋਂ ਜ਼ਿਆਦਾ ਉਮਰ ਦੀਆਂ 10,61,648 ਔਰਤਾਂ ਗੁੰਮ ਹੋਈਆਂ, ਜਦਕਿ ਇਸੇ ਸਮੇਂ ਦੌਰਾਨ 18 ਸਾਲ ਦੀਆਂ 2,51,430 ਲੜਕੀਆਂ ਗੁੰਮ ਹੋਈਆਂ। ਇਨ੍ਹਾਂ ਅੰਕੜਿਆਂ ਨੂੰ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ ਸੀ ਆਰ ਬੀ) ਨੇ ਇਕੱਠਾ ਕੀਤਾ। ਸੰਸਦ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ ’ਚ 2019 ਤੋਂ 2021 ਵਿਚਾਲੇ 1, 60,180 ਔਰਤਾਂ ਅਤੇ 38, 234 ਲੜਕੀਆਂ ਗੁੰਮ ਹੋਈਆਂ। ਇਸ ਸਮੇਂ ਦੌਰਾਨ ਪੱਛਮੀ ਬੰਗਾਲ ’ਚ 1,56, 905 ਔਰਤਾਂ ਅਤੇ 36,606 ਲੜਕੀਆਂ ਗੁੰਮ ਹੋਈਆਂ। ਅੰਕੜਿਆਂ ਮੁਤਾਬਕ ਮਹਾਰਾਸ਼ਟਰ ਤੋਂ 2019 ਤੋਂ 2021 ਵਿਚਾਲੇ 1,78,400 ਔਰਤਾਂ ਅਤੇ 13,033 ਲੜਕੀਆਂ ਗੁੰਮ ਹੋਈਆਂ। ਉਡੀਸ਼ਾ ’ਚ ਉਪਰੋਕਤ ਤਿੰਨਾਂ ਸਾਲਾਂ ਦੌਰਾਨ 70, 222 ਔਰਤਾਂ ਅਤੇ 16,649 ਲੜਕੀਆਂ ਗੁੰਮ ਹੋਈਆਂ, ਜਦਕਿ ਛੱਤੀਸਗੜ੍ਹ ’ਚ ਇਸ ਸਮੇਂ ਦੌਰਾਨ 49,116 ਔਰਤਾਂ ਅਤੇ 10,187 ਲੜਕੀਆਂ ਗੁੰਮ ਹੋਈਆਂ। ਸੰਸਦ ’ਚ ਪੇਸ਼ ਅੰਕੜਿਆਂ ਮੁਤਾਬਕ ਕੇਂਦਰ ਸ਼ਾਸਤ ਪ੍ਰਦੇਸ਼ ’ਚ ਦਿੱਲੀ ਸਿਖਰਲੇ ਸਥਾਨ ’ਤੇ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਅਤੇ ਲੜਕੀਆਂ ਗੁੰਮ ਹੋਈਆਂ। ਰਾਸ਼ਟਰੀ ਰਾਜਧਾਨੀ ਤੋਂ 61, 054 ਔਰਤਾਂ ਅਤੇ 22, 919 ਲੜਕੀਆਂ 2019 ਤੋਂ 2021 ਵਿਚਾਲੇ ਗੁੰਮ ਹੋਈਆਂ। ਜੰਮੂ-ਕਸ਼ਮੀਰ ’ਚ ਇਸ ਸਮੇਂ ਦੌਰਾਨ 8,617 ਔਰਤਾਂ ਅਤੇ 1,148 ਲੜਕੀਆਂ ਗੁੰਮ ਹੋਈਆਂ। ਸਰਕਾਰ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਉਸ ਨੇ ਪੂਰੇ ਦੇਸ਼ ’ਚ ਔਰਤਾਂ ਦੀ ਸੁਰੱਖਿਆ ਲਈ ਕਦਮ ਚੁੱਕੇ ਹਨ, ਜਿਨ੍ਹਾਂ ’ਚ ਜਿਨਸੀ ਸ਼ੋਸ਼ਣ ਅਪਰਾਧਾਂ ਨੂੰ ਰੋਕਣ ਲਈ ਅਪਰਾਧਿਕ ਕਾਨੂੰਨ (ਸੋਧ) ਨਿਯਮ 2013 ਨੂੰ ਲਾਗੂ ਕਰਨਾ ਸ਼ਾਮਲ ਹੈ।


