ਵਾਸ਼ਿੰਗਟਨ : ਅਮਰੀਕਾ ਨੇ ਤਾਇਵਾਨ ਲਈ 28 ਹਜ਼ਾਰ ਕਰੋੜ ਰੁਪਏ ਦਾ ਮਿਲਟਰੀ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਇਸ ਪੈਕੇਜ ’ਚ ਹਥਿਆਰ, ਮਿਲਟਰੀ ਐਜੂਕੇਸ਼ਨ ਅਤੇ ਟ੍ਰੇਨਿੰਗ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਪੈਕੇਜ ’ਚ ਪੋਰਟੇਬਲ ਏਅਰ ਡਿਫੈਂਸ ਸਿਸਟਮ, ਪਿਸਟਲ, ਰਾਇਫਲ ਅਤੇ ਦੁਸ਼ਮਣ ’ਤੇ ਨਜ਼ਰ ਰੱਖਣ ਲਈ ਜ਼ਰੂਰੀ ਉਪਕਰਨ ਵੀ ਸ਼ਾਮਲ ਹਨ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਪੈਕੇਜ ਨਾਲ ਤਾਇਵਾਨ ਭਵਿੱਖ ’ਚ ਉਸ ’ਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦੇਣ ਲਈ ਤਿਆਰ ਹੋ ਸਕੇਗਾ। ਅਮਰੀਕਾ ਦੇ ਮਿਲਟਰੀ ਪੈਕੇਜ ਨੇ ਚੀਨ ਨੂੰ ਭੜਕਾ ਦਿੱਤਾ ਹੈ। ਵਾਸ਼ਿੰਗਟਨ ’ਚ ਚੀਨ ਦੇ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਇਨ੍ਹਾਂ ਹਰਕਤਾਂ ਨਾਲ ਤਾਇਵਾਨ ਇਲਾਕੇ ’ਚ ਤਣਾਅ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਨੂੰ ਤਾਇਵਾਨ ਨੂੰ ਹਥਿਆਰ ਵੇਚਣੇ ਬੰਦ ਕਰਨੇ ਚਾਹੀਦੇ ਹਨ। ਅਸਲ ’ਚ ਅਮਰੀਕਾ ਜੋ ਹਥਿਆਰ ਤਾਇਵਾਨ ਨੂੰ ਦੇ ਰਿਹਾ ਹੈ, ਉਹ ਵੱਖਰੇ ਤੌਰ ’ਤੇ ਤਿਆਰ ਨਹੀਂ ਕੀਤੇ ਜਾ ਰਹੇ। ਇਹ ਹਥਿਆਰ ਖੁਦ ਅਮਰੀਕਾ ਦੇ ਰਿਜ਼ਰਵ ਤੋਂ ਕੱਢ ਕੇ ਦਿੱਤੇ ਜਾ ਰਹੇ ਹਨ। ਇਸ ਨਾਲ ਤਾਇਵਾਨ ਨੂੰ ਉਨ੍ਹਾਂ ਦੀ ਡਲਿਵਰੀ ਛੇਤੀ ਮਿਲ ਜਾਵੇਗੀ। ਅਮਰੀਕੀ ਸੰਸਦ ਨੇ ਰਾਸ਼ਟਰਪਤੀ ਬਾਇਡੇਨ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਆਪਣੇ ਰਿਜ਼ਰਵ ’ਚੋਂ ਤਾਇਵਾਨ ਨੂੰ ਹਥਿਆਰ ਦੇ ਸਕਦਾ ਹੈ। ਅਮਰੀਕਾ ਇਸੇ ਤਰ੍ਹਾਂ ਨਾਲ ਯੂਕਰੇਨ ਦੀ ਵੀ ਮਦਦ ਕਰ ਰਿਹਾ ਹੈ।