ਪੀ ਆਰ ਟੀ ਸੀ ਦਾ ਇੰਸਪੈਕਟਰ ਗਿ੍ਰਫਤਾਰ

0
183

ਬਠਿੰਡਾ (ਪਰਵਿੰਦਰ ਜੀਤ ਸਿੰਘ)-ਵਿਜੀਲੈਂਸ ਬਿਊਰੋ ਨੇ ਸੋਮਵਾਰ ਪੀ ਆਰ ਟੀ ਸੀ ਡਿਪੂ, ਬਠਿੰਡਾ ਵਿਖੇ ਤਾਇਨਾਤ ਇੰਸਪੈਕਟਰ ਦਵਿੰਦਰ ਸਿੰਘ ਨੂੰ 2 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਪੀ ਆਰ ਟੀ ਸੀ ਦੇ ਇੰਸਪੈਕਟਰ ਨੂੰ ਹਰਦੇਵ ਸਿੰਘ ਵਾਸੀ ਪਿੰਡ ਰੱਲਾ, ਜ਼ਿਲ੍ਹਾ ਮਾਨਸਾ ਦੀ ਸ਼ਿਕਾਇਤ ’ਤੇ ਗਿ੍ਰਫਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਹਰਦੇਵ ਸਿੰਘ ਨੇ ਭਿ੍ਰਸ਼ਟਾਚਾਰ ਰੋਕੂ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕੀਤੀ ਸੀ ਕਿ ਉਹ ਪੀ ਆਰ ਟੀ ਸੀ ਡਿਪੂ ਬਠਿੰਡਾ ਵਿਖੇ ਡਰਾਈਵਰ ਵਜੋਂ ਤਾਇਨਾਤ ਸੀ ਅਤੇ ਉਸ ਨੂੰ ਪੰਜ ਲੀਟਰ ਡੀਜ਼ਲ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ’ਤੇ 16 ਮਾਰਚ ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਨੇ ਉਸ ਨੂੰ ਬਹਾਲ ਕਰਵਾਉਣ ਬਦਲੇ 2 ਲੱਖ ਰੁਪਏ ਰਿਸ਼ਵਤ ਮੰਗੀ ਸੀ। ਉਸ ਨੇ ਇੰਸਪੈਕਟਰ ਵੱਲੋਂ ਰਿਸ਼ਵਤ ਮੰਗਣ ਦੀ ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਇੰਸਪੈਕਟਰ ਦਵਿੰਦਰ ਸਿੰਘ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਐੱਫ ਆਈ ਆਰ ਦਰਜ ਕੀਤੀ ਗਈ ਹੈ। ਸੰਬੰਧਤ ਮਾਮਲੇ ’ਚ ਹੋਰ ਮੁਲਾਜ਼ਮਾਂ ਦੀ ਭੂਮਿਕਾ ਦਾ ਪਤਾ ਲਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here