ਚੰਡੀਗੜ੍ਹ : ਇੱਥੇ ਸੈਕਟਰ 9 ਵਿੱਚ ਬੁੱਧਵਾਰ ਸਵੇਰੇ ਨੌਜਵਾਨ ਪ੍ਰਾਪਰਟੀ ਡੀਲਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਚਰਨਪ੍ਰੀਤ ਸਿੰਘ ਨਾਗਰਾ ਬੌਡੀ ਜ਼ੋਨ ਜਿੰਮ ਤੋਂ ਨਿਕਲ ਕੇ ਆਪਣੀ ਫਾਰਚੂਨਰ ਵਿੱਚ ਬੈਠਾ ਹੀ ਸੀ ਕਿ ਮੋਟਰਸਾਈਕਲ ‘ਤੇ ਆਏ ਦੋ ਵਿਅਕਤੀ ਕਈ ਗੋਲੀਆਂ ਚਲਾ ਕੇ ਫਰਾਰ ਹੋ ਗਏ | ਨਾਗਰਾ ਮੁੱਲਾਂਪੁਰ ਦੇ ਕੁੱਬਾਹੇੜੀ ਪਿੰਡ ਦਾ ਰਹਿਣ ਵਾਲਾ ਸੀ | ਉਹ ਇੰਸਟਾਗ੍ਰਾਮ ‘ਤੇ ਵੀ ਮਸ਼ਹੂਰ ਸੀ | ਨਾਗਰਾ ਨੂੰ ਤੁਰੰਤ ਪੀ ਜੀ ਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ | ਮੰਗਲਵਾਰ ਪੰਜਾਬ ਯੂਨੀਵਰਸਿਟੀ ਵਿੱਚ ਸੋਪੂ ਜਥੇਬੰਦੀ ਦੇ ਵਿਦਿਆਰਥੀ ਆਗੂ ਜਸ਼ਨਦੀਪ ਸਿੰਘ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ | ਹਾਲਾਂਕਿ ਉਸ ਦੀ ਜਾਨ ਵਾਲ-ਵਾਲ ਬਚ ਗਈ ਸੀ, ਪਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ | ਦਿਨ-ਦਿਹਾੜੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ | ਨਾਗਰਾ ਦੀ ਹੱਤਿਆ ਦੀ ਜ਼ਿੰਮੇਵਾਰੀ ਪੋਸਟ ਪਾ ਕੇ ਗੈਂਗਸਟਰ ਲੱਕੀ ਪਟਿਆਲ ਨੇ ਲੈਂਦਿਆਂ ਕਿਹਾ ਕਿ ਉਹ ਉਨ੍ਹਾ ਦੇ ਐਂਟੀ ਗਰੁੱਪ ਦਾ ਖਬਰੀ ਸੀ ਅਤੇ ਉਸ ਨੂੰ ਉਨ੍ਹਾਂ ਦੇ ਮੈਂਬਰਾਂ ਦੀ ਸੂਚਨਾ ਦਿੰਦਾ ਸੀ | ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ, ਪਰ ਉਹ ਹਟਿਆ ਨਹੀਂ |





