ਤਹਿਰਾਨ : ਇਜ਼ਰਾਈਲ ਨੇ ਈਰਾਨ ਦੇ ਇੰਟੈਲੀਜੈਂਸ ਮੰਤਰੀ ਇਸਮਾਈਲ ਖਤੀਬ ਨੂੰ ਵੀ ਮਾਰ ਦੇਣ ਦਾ ਦਾਅਵਾ ਕੀਤਾ ਹੈ | ਖਤੀਬ ਨੂੰ ਮਾਰਨ ਦਾ ਦਾਅਵਾ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਦੇ ਮੁਖੀ ਅਲੀ ਲਾਰੀਜਾਨੀ ਤੇ ਬਸੀਜ ਫੋਰਸ ਦੇ ਮੁਖੀ ਗੋਲਾਮਰੇਜ਼ਾ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਕੀਤਾ ਗਿਆ ਹੈ | ਖਤੀਬ ਸ਼ੀਆ ਧਰਮ ਗੁਰੂ ਸਨ ਤੇ 1980 ਦੇ ਦਹਾਕੇ ‘ਚ ਈਰਾਨ-ਇਰਾਕ ਜੰਗ ‘ਚ ਰੈਵੋਲਿਊਸ਼ਨਰੀ ਗਾਰਡ ‘ਚ ਸੇਵਾ ਨਿਭਾ ਚੁੱਕੇ ਸਨ |
ਈਰਾਨ ਨੇ ਦੇਸ਼ ਦੇ ਕੱਦਾਵਰ ਨੇਤਾ ਤੇ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਦੇ ਮੁਖੀ ਅਲੀ ਲਾਰੀਜਾਨੀ (67) ਤੇ ਬਸੀਜ ਫੋਰਸ ਦੇ ਮੁਖੀ ਜਨਰਲ ਗੁਲਾਮ ਰਜ਼ਾ ਸੁਲੇਮਾਨੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ | ਹਮਲੇ ਵਿੱਚ ਲਾਰੀਜਾਨੀ ਦਾ ਪੁੱਤਰ ਮੁਰਤਜ਼ਾ ਲਾਰੀਜਾਨੀ ਵੀ ਮਾਰਿਆ ਗਿਆ ਹੈ | ਪਿਛਲੇ ਮਹੀਨੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਇਤੁੱਲ੍ਹਾ ਖਾਮਨੇਈ ਦੀ ਮੌਤ ਤੋਂ ਬਾਅਦ, ਲਾਰੀਜਾਨੀ ਨੂੰ ਹੀ ਦੇਸ਼ ਦਾ ਅਣ-ਅਧਿਕਾਰਤ ਮੁਖੀ ਮੰਨਿਆ ਜਾ ਰਿਹਾ ਸੀ | ਹਾਲਾਂਕਿ ਸ਼ੀਆ ਧਰਮ ਗੁਰੂ ਨਾ ਹੋਣ ਕਰਕੇ ਉਹ ਰਸਮੀ ਤੌਰ ‘ਤੇ ਸੁਪਰੀਮ ਲੀਡਰ ਨਹੀਂ ਬਣ ਸਕਦੇ ਸਨ, ਪਰ ਮੰਨਿਆ ਜਾਂਦਾ ਹੈ ਕਿ ਈਰਾਨੀ ਲੀਡਰਸ਼ਿਪ ਦੇ ਰੂਪੋਸ਼ ਹੋਣ ਤੋਂ ਬਾਅਦ ਸਾਰਾ ਸ਼ਾਸਨ ਉਹੀ ਚਲਾ ਰਹੇ ਸਨ | ਉਹ ਪ੍ਰਮਾਣੂ ਵਾਰਤਾਵਾਂ ਵਿੱਚ ਆਇਤੁੱਲਾ ਖਾਮਨੇਈ ਦੇ ਮੁੱਖ ਸਲਾਹਕਾਰ ਵੀ ਰਹੇ ਸਨ | ਲਾਰੀਜਾਨੀ ਈਰਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਪਰਵਾਰ ਨਾਲ ਸੰਬੰਧ ਰੱਖਦੇ ਸਨ, ਜਿਸ ਦੀ ਤੁਲਨਾ ਅਮਰੀਕਾ ਦੇ ਕੈਨੇਡੀ ਪਰਵਾਰ ਨਾਲ ਕੀਤੀ ਜਾਂਦੀ ਹੈ | ਉਨ੍ਹਾਂ ਦੇ ਇੱਕ ਭਰਾ ਸਾਬਕਾ ਨਿਆਂਪਾਲਿਕਾ ਮੁਖੀ ਅਤੇ ਦੂਜੇ ਭਰਾ ਸੀਨੀਅਰ ਡਿਪਲੋਮੈਟ ਰਹਿ ਚੁੱਕੇ ਹਨ | ਲਾਰੀਜਾਨੀ ਨੇ 1990 ਦੇ ਦਹਾਕੇ ਵਿੱਚ ਸੱਭਿਆਚਾਰ ਮੰਤਰੀ ਵਜੋਂ ਸੈਂਸਰਸ਼ਿਪ ਨੂੰ ਸਖਤ ਕੀਤਾ | ਉਹ 2008 ਤੋਂ 2020 ਤੱਕ ਲਗਾਤਾਰ 12 ਸਾਲ ਈਰਾਨੀ ਸੰਸਦ (ਮਜਲਿਸ) ਦੇ ਸਪੀਕਰ ਰਹੇ |
ਸਿਰਫ ਇੱਕ ਹਫਤਾ ਪਹਿਲਾਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਰਮੁਜ਼ ਜਲਡਮਰੂ ਮੱਧ ਵਿੱਚ ਤੇਲ ਦੀ ਸਪਲਾਈ ਰੋਕਣ ‘ਤੇ ਈਰਾਨ ਨੂੰ ‘ਵੀਹ ਗੁਣਾ ਸਖਤ’ ਹਮਲੇ ਦੀ ਧਮਕੀ ਦਿੱਤੀ ਸੀ, ਤਾਂ ਲਾਰੀਜਾਨੀ ਨੇ ਸੋਸ਼ਲ ਮੀਡੀਆ ਐਕਸ ‘ਤੇ ਜਵਾਬ ਦਿੱਤਾ ਸੀ | ਉਨ੍ਹਾ ਲਿਖਿਆ ਸੀ, Tਈਰਾਨੀ ਕੌਮ ਤੁਹਾਡੀਆਂ ਖੋਖਲੀਆਂ ਧਮਕੀਆਂ ਤੋਂ ਨਹੀਂ ਡਰਦੀ… ਸਾਵਧਾਨ ਰਹੋ ਕਿ ਕਿਤੇ ਤੁਸੀਂ ਖੁਦ ਹੀ ਖਤਮ ਨਾ ਹੋ ਜਾਵੋ |” ਸਿਆਸਤਦਾਨ ਹੋਣ ਦੇ ਨਾਲ-ਨਾਲ ਲਾਰੀਜਾਨੀ ਇੱਕ ਬੁੱਧੀਜੀਵੀ ਵੀ ਸਨ | ਉਨ੍ਹਾ ਫਲਸਫੇ ‘ਤੇ ਛੇ ਕਿਤਾਬਾਂ ਲਿਖੀਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਕਿਤਾਬਾਂ ਜਰਮਨ ਦਾਰਸ਼ਨਿਕ ਇਮੈਨੁਅਲ ਕਾਂਟ ਦੇ ਕੰਮ ‘ਤੇ ਆਧਾਰਤ ਸਨ | ਹਾਲਾਂਕਿ, ਜਨਵਰੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਸਖਤੀ ਨਾਲ ਕੁਚਲਣ ਵਿੱਚ ਉਨ੍ਹਾ ਦੀ ਭੂਮਿਕਾ ਕਾਰਨ ਉਹ ਕੌਮਾਂਤਰੀ ਪੱਧਰ ‘ਤੇ ਪਾਬੰਦੀਆਂ ਦਾ ਸਾਹਮਣਾ ਵੀ ਕਰ ਰਹੇ ਸਨ |



