ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਤੜਕੇ ਦਿੱਲੀ ਦੀ ਆਜ਼ਾਦਪੁਰ ਮੰਡੀ ਪਹੁੰਚੇ। ਇੱਥੇ ਉਨ੍ਹਾ ਸਬਜ਼ੀਆਂ, ਫਲਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਪੁੱਛੀਆਂ। ਤਿੰਨ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਇੱਕ ਮੀਡੀਆ ਚੈਨਲ ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤਾ ਸੀ। ਰਾਹੁਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਸੀਦੇਸ਼ ਦੋ ਵਰਗਾਂ ’ਚ ਵੰਡਿਆ ਜਾ ਰਿਹਾ ਹੈ। ਇੱਕ ਪਾਸੇ ਸੱਤਾ ’ਤੇ ਕਾਬਜ਼ ਲੋਕ ਹਨ, ਜਿਨ੍ਹਾਂ ਦੇ ਇਸ਼ਾਰੇ ’ਤੇ ਦੇਸ਼ ਦੀਆਂ ਨੀਤੀਆਂ ਬਣ ਰਹੀਆ ਹਨ ਅਤੇ ਦੂਜੇ ਪਾਸੇ ਆਮ ਹਿੰਦੁਸਤਾਨੀ, ਜਿਨ੍ਹਾਂ ਦੀ ਪਹੁੰਚ ਤੋਂ ਸਬਜ਼ੀ ਵਰਗੀਆਂ ਬੁਨਿਆਦੀ ਚੀਜ਼ਾਂ ਵੀ ਦੂਰ ਹੋ ਰਹੀਆਂ ਹਨ। ਸਾਨੂੰ ਅਮੀਰ-ਗਰੀਬ ਵਿਚਾਲੇ ਇਸ ਵਧਦੀ ਖਾਈ ਨੂੰ ਪੂਰ ਕੇ ਇਨ੍ਹਾਂ ਅੱਥਰੂਆਂ ਨੂੰ ਪੂੰਝਣਾ ਹੋਵੇਗਾ। ਇਸ ਤੋਂ ਬਾਅਦ ਰਾਹੁਲ ਗਾਂਧੀ ਮੰਗਲਵਾਰ ਤੜਕੇ ਆਜ਼ਾਦਪੁਰ ਸਬਜ਼ੀ ਮੰਡੀ ਪਹੁੰਚੇ ਅਤੇ ਲੋਕਾਂ ਦੇ ਹਾਲਾਤ ਜਾਨਣ ਦੀ ਕੋਸ਼ਿਸ਼ ਕੀਤੀ।
ਵੀਡੀਓ ’ਚ ਇੱਕ ਵਿਅਕਤੀ ਆਜ਼ਾਦਪੁਰ ਦੀ ਸਬਜ਼ੀ ਮੰਡੀ ’ਚ ਟਮਾਟਰ ਦੀਆਂ ਉਚੀਆਂ ਕੀਮਤਾਂ ਕਾਰਨ ਉਸ ਨੂੰ ਖਰੀਦਣ ’ਚ ਅਸਮਰਥ ਸੀ। ਜਹਾਂਗੀਰਪੁਰੀ ’ਚ ਰਹਿਣ ਵਾਲੇ ਸਬਜ਼ੀ ਵਿਕਰੇਤਾ ਆਪਣੀ ਦੁਕਾਨ ਲਈ ਟਮਾਟਰ ਖਰੀਦਣ ਲਈ ਆਪਣੇ ਲੜਕੇ ਦੇ ਨਾਲ ਇੱਥੇ ਮੰਡੀ ਪਹੁੰਚਿਆ ਸੀ। ਉਸ ਨੇ ਕਿਹਾ ਕਿ ਟਮਾਟਰ ਬਹੁਤ ਮਹਿੰਗੇ ਹਨ। ਮੇਰੇ ਕੋਲ ਇਸ ਨੂੰ ਖਰੀਦਣ ਲਈ ਏਨੇ ਪੈਸੇ ਨਹੀਂ। ਇਹ ਦੱਸਦੇ ਹੋਏ ਸਬਜ਼ੀ ਵੇਚਣ ਵਾਲੇ ਰਾਮੇਸ਼ਵਰ ਦੀਆਂ ਅੱਖਾਂ ਭਰ ਆਈਆਂ। ਇਸ ਤੋਂ ਪਹਿਲਾਂ ਰਾਹੁਲ ਇੱਕ ਮੋਟਰ ਮਕੈਨਿਕ ਦੇ ਕੋਲ ਪਹੁੰਚੇ ਸਨ। ਪਿਛਲੇ ਦਿਨੀਂ ਸੋਨੀਆ ਗਾਂਧੀ ਨੇ ਹਰਿਆਣਾ ਦੀਆਂ ਔਰਤ ਕਿਸਾਨ ਨੇਤਾਵਾਂ ਨਾਲ ਖਾਣਾ ਖਾਧਾ ਸੀ। ਕਿਸਾਨਾਂ, ਟਰੱਕ ਡਰਾਈਵਰਾਂ ਅਤੇ ਟਰੈਕਟਰ ਚਲਾਉਣ ਵਾਲਿਆਂ ਨਾਲ ਖੜਾ ਹੋ ਕੇ ਰਾਹੁਲ ਗਾਂਧੀ ਇਹ ਸੰਦੇਸ਼ ਦੇਣਾ ਖਾਹੁੰਦੇ ਹਨ ਕਿ ਉਨ੍ਹਾ ਦੀ ਪਾਰਟੀ ਦੇਸ਼ ਦੇ ਆਮ ਲੋਕਾਂ ਦੇ ਨਾਲ ਖੜੀ ਹੈ।



