ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਨੈਸ਼ਨਲ ਕੈਪੀਟਲ ਟੈਰੇਟਰੀ ਆਫ ਦਿੱਲੀ (ਸੋਧ) ਬਿੱਲ, 2023 (ਜੀ ਐੱਨ ਸੀ ਟੀ ਡੀ) ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਬਿੱਲ ਲੋਕਤੰਤਰ ਨੂੰ ‘ਬਾਬੂਸ਼ਾਹੀ’ ’ਚ ਬਦਲ ਦੇਵੇਗਾ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਜੀ ਐੱਨ ਸੀ ਟੀ ਡੀ ਪਿਛਲੇ ਆਰਡੀਨੈਂਸ ਨਾਲੋਂ ਜ਼ਿਆਦਾ ਸਾਡੇ ਲੋਕਤੰਤਰ, ਸੰਵਿਧਾਨ ਅਤੇ ਦਿੱਲੀ ਦੇ ਲੋਕਾਂ ਖਿਲਾਫ ਹੈ। ਇਹ ਬਿੱਲ ਅੱਜ ਤੱਕ ਦਾ ਸਭ ਤੋਂ ਗੈਰ-ਜਮਹੂਰੀ, ਗੈਰ-ਕਾਨੂੰਨੀ ਕਾਗਜ਼ ਕਰਾਰ ਦਿੰਦਿਆਂ ਚੱਢਾ ਨੇ ਕਿਹਾ ਕਿ ਇਹ ਬਿੱਲ ਜ਼ਰੂਰੀ ਤੌਰ ’ਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਸਾਰੀਆਂ ਸ਼ਕਤੀਆਂ ਖੋਹ ਕੇ ਲੈਫਟੀਨੈਂਟ ਗਵਰਨਰ ਅਤੇ ‘ਬਾਬੂਆਂ’ ਨੂੰ ਸੌਂਪਦਾ ਹੈ। ਇਹ ਬਿੱਲ ਪਾਸ ਹੋਣ ਤੋਂ ਬਾਅਦ ਦਿੱਲੀ ’ਚ ਲੋਕਤੰਤਰ ਦੀ ਥਾਂ ‘ਬਾਬੂਸ਼ਾਹੀ’ ਸਥਾਨ ਲੈ ਲਵੇਗੀ, ਕਿਉਂਕਿ ਇਸ ਵਿਚ ਨੌਕਰਸ਼ਾਹੀ ਅਤੇ ਲੈਫਟੀਨੈਂਟ ਗਵਰਨਰ ਨੂੰ ਵੱਧ ਅਧਿਕਾਰ ਦਿੱਤੇ ਹਨ। ਚੱਢਾ ਨੇ ਕਿਹਾ, ‘ਮੈਂ ਬਹੁਤ ਆਸਵੰਦ ਹਾਂ। ਇਹ ਸੱਚ ਅਤੇ ਝੂਠ, ਧਰਮ ਅਤੇ ਅਧਰਮ ਦੀ ਲੜਾਈ ਹੈ, ਜਿੱਥੇ ਧਰਮ ਅਤੇ ਸੱਚ ਸਾਡੇ ਨਾਲ ਹੈ, ਉਥੇ ਭਾਜਪਾ ਜੋ ਕਰ ਰਹੀ ਹੈ, ਉਹ ਅਧਰਮ ਹੈ। ਮੈਨੂੰ ਉਮੀਦ ਹੈ ਕਿ ਧਰਮ ਦੀ ਜਿੱਤ ਹੋਵੇਗੀ। ਮੇਰਾ ਵਿਸ਼ਵਾਸ ਹੈ ਕਿ ਬਹੁਤ ਸਾਰੇ ਸੰਸਦ ਮੈਂਬਰ ਇਸ ਮੌਕੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਲਈ ਅੱਗੇ ਆਉਣਗੇ, ਉਹੀ ਸੰਵਿਧਾਨ, ਜਿਸ ਦੀ ਉਨ੍ਹਾਂ ਇਸ ਸਦਨ ਦੇ ਮੈਂਬਰ ਬਣਨ ਦੀ ਸਹੁੰ ਚੁੱਕੀ ਹੈ।’



