ਨਵੀਂ ਦਿੱਲੀ : ਸੰਸਦ ਦਾ ਮਾਨਸੂਨ ਸੈਸ਼ਨ ਮਨੀਪੁਰ ਮੁੱਦੇ ’ਤੇ ਹੰਗਾਮੇਦਾਰ ਰਿਹਾ। ਵਿਰੋਧੀ ਧਿਰ ਮਨੀਪੁਰ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਲਈ ਅੜਿੰਗ ਹੈ। ਹੰਗਾਮੇ ਦੇ ਚਲਦੇ ਲੋਕ ਸਭਾ ਅਤੇ ਰਾਜ ਸਭਾ ਲਗਾਤਾਰ ਠੱਪ ਰਹੀ। ਉਥੇ ਹੀ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਇਹ ਪ੍ਰੈੱਸ ਕਾਨਫਰੰਸ ਇਸ ਲਈ ਕਰ ਰਹੇ ਹਾਂ, ਕਿਉਂਕਿ ਸਰਕਾਰ ਸਾਨੂੰ ਸੰਸਦ ’ਚ ਬੋਲਣ ਨਹੀਂ ਦੇ ਰਹੀ। ਪ੍ਰਧਾਨ ਮੰਤਰੀ ਹੋਰ ਮੁੱਦਿਆਂ ’ਤੇ ਚਰਚਾ ਕਰ ਰਹੇ ਹਨ, ਪਰ ਉਹ ਸਾਨੂੰ ਜਵਾਬ ਨਹੀਂ ਦੇ ਰਹੇ। ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਮੁੱਦੇ ’ਤੇ ਬਿਆਨ ਦੇਣ ਲਈ ਤਿਆਰ ਨਹੀਂ, ਉਹ ਸੰਸਦ ’ਚ ਨਹੀਂ ਬੋਲ ਰਹੇ। ਉਹ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵਿਰੋਧੀ ਧਿਰ ਇਸ ਮੁੱਦੇ ’ਤੇ ਚਰਚਾ ਲਈ ਤਿਆਰ ਨਹੀਂ, ਪਰ ਇਸ ਮੁੱਦੇ ’ਤੇ ਚਰਚਾ ਲਈ ਪਿਛਲੇ 11 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਹਾਂ। ਖੜਗੇ ਨੇ ਨੂਹ ’ਚ ਹਿੰਸਾ ’ਤੇ ਮੰਗਲਵਾਰ ਕਿਹਾ ਕਿ 21ਵੀਂ ਸਦੀ ਦੇ ਭਾਰਤ ’ਚ ਧਰਮ ਦੇ ਨਾਂਅ ’ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਜੇਕਰ ਲੋਕ ਇਸ ਵੰਡ-ਪਾਊ ਤਾਕਤਾਂ ਖਿਲਾਫ਼ ਇਕਜੁੱਟ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।



