ਚੰਡੀਗੜ੍ਹ : ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਮਾਮਲੇ ਦੇ ਮੁਲਜ਼ਮ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਵੀਰਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤੀ। ਹੁਣ ਉਸ ਨੂੰ ਪੁਲਸ ਅੱਗੇ ਸਰੰਡਰ ਕਰਨਾ ਪਵੇਗਾ। ਰਾਜਜੀਤ ’ਤੇ ਅਪਰਾਧਕ ਸਾਜ਼ਿਸ਼, ਰਿਕਾਰਡ ਵਿਚ ਹੇਰਾਫੇਰੀ ਤੇ ਜਬਰਨ ਵਸੂਲੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਹੈ। ਮਾਮਲੇ ਵਿਚ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਮੁਲਜ਼ਮ ਹਨ।
ਇਸ ਤੋਂ ਪਹਿਲਾਂ ਸਰਕਾਰ ਰਾਜਜੀਤ ਦਾ ਲੁਕਆਉਟ ਸਰਕੂਲਰ ਜਾਰੀ ਕਰ ਚੁੱਕੀ ਹੈ। ਵਿਜੀਲੈਂਸ ਬਿਊਰੋ ਉਸ ਦੀ ਡਰੱਗ ਮਨੀ ਨਾਲ ਬਣਾਈ ਸੰਪਤੀ ਦਾ ਪਤਾ ਲਾਉਣਾ ਚਾਹੁੰਦਾ ਹੈ, ਪਰ ਉਸ ਨੂੰ ਅਜੇ ਤੱਕ ਫੜਿਆ ਨਹੀਂ ਜਾ ਸਕਿਆ। ਮਜੀਠੀਆ ਖਿਲਾਫ 20 ਦਸੰਬਰ 2021 ਨੂੰ ਮੁਹਾਲੀ ’ਚ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਉਨ੍ਹਾ ਨੂੰ ਜੇਲ੍ਹ ਵਿਚ ਵੀ ਰਹਿਣਾ ਪਿਆ ਸੀ। ਅੱਜਕੱਲ੍ਹ ਉਹ ਜ਼ਮਾਨਤ ’ਤੇ ਹਨ।
ਇਹ ਮਾਮਲਾ ਹਾਈ ਕੋਰਟ ਵੱਲੋਂ ਦਿੱਤੇ ਜਾਂਚ ਦੇ ਹੁਕਮ ਤੋਂ ਬਾਅਦ ਉਸ ਨੂੰ ਸੌਂਪੀਆਂ ਗਈਆਂ ਸੀਲਬੰਦ ਰਿਪੋਰਟਾਂ ਦੀਆਂ ਲੱਭਤਾਂ ਦੇ ਆਧਾਰ ’ਤੇ ਚੱਲ ਰਿਹਾ ਹੈ।





