50 ਡਿਫਾਲਟਰਾਂ ਨੇ 87, 295 ਕਰੋੜ ਦਾ ਦੇਸ਼ ਨੂੰ ਲਾਇਆ ਚੂਨਾ

0
207

ਨਵੀਂ ਦਿੱਲੀ : ਦੇਸ਼ ਦੇ ਬੈਂਕਾਂ ਦਾ ਪੈਸਾ ਲੈ ਕੇ ਭੱਜੇ ਕਰਜ਼ਦਾਰਾਂ ਦੀ ਲਿਸਟ ਲੰਮੀ ਹੁੰਦੀ ਜਾਂ ਰਹੀ ਹੈ। ਵਿੱਤ ਮੰਤਰਲੇ ਵੱਲੋਂ ਟਾਪ 50 ਡਿਫਾਲਟਰਾਂ ਦਾ ਡਾਟਾ ਪੇਸ਼ ਕੀਤਾ ਗਿਆ, ਜਿਨ੍ਹਾਂ ’ਤੇ ਕਈ ਬੈਂਕਾਂ ਦੇ 87, 295 ਕਰੋੜ ਰੁਪਏ ਬਕਾਇਆ ਹੈ। ਇਸ ’ਚ ਸਭ ਤੋਂ ਉਪਰ ਮੇਹੁਲ ਚੋਕਸੀ ਅਤੇ ਰਿਸ਼ੀ ਅਗਰਵਾਲ ਵਰਗੇ ਨਾਂਅ ਸ਼ਾਮਲ ਹਨ। ਵਿੱਤ ਰਾਜ ਮੰਤਰੀ ਡਾਕਟਰ ਭਾਗਵਤ ਸਿੰਘ ਕਰਾੜ ਨੇ ਇਹ ਅੰਕੜਾ ਬੀਤੇ ਦਿਨੀਂ ਰਾਜ ਸਭਾ ’ਚ ਦੱਸਿਆ। ਰਾਜ ਸਭਾ ’ਚ ਜਾਣਕਾਰੀ ਦਿੰਦੇ ਹੋਏ ਵਿੱਤ ਰਾਜ ਮੰਤਰੀ ਕਰਾੜ ਨੇ ਦੱਸਿਆ ਕਿ ਮੇਹੁਲ ਚੋਕਸੀ ਦੀ ਫਰਮ ਗੀਤਾਂਜਲੀ ਜੇਮਸ ਸਮੇਤ ਟਾਪ 50 ਡਿਫਾਲਟਰ ਕੰਪਨੀਆ ’ਤੇ ਬੈਂਕਾਂ ਦਾ 87, 295 ਕਰੋੜ ਰੁਪਏ ਦਾ ਬਕਾਇਆ ਹੈ। ਰਾਜ ਮੰਤਰੀ ਨੇ ਰਾਜ ਸਭਾ ’ਚ ਪੁੱਛੇ ਗਏ ਸਵਾਲ ਦੇ ਲਿਖਤੀ ਉਤਰ ’ਚ ਕਿਹਾ ਕਿ ਇਨ੍ਹਾਂ ਜਾਣਬੁੱਝ ਕੇ ਕਰਜ਼ ਨਾ ਦੇਣ ਵਾਲਿਆਂ ’ਚ ਟਾਪ 10 ’ਤੇ ਅਨੁਸੂਚਿਤ ਵਪਾਰਕ ਬੈਂਕ ਦਾ 40, 825 ਕਰੋੜ ਰੁਪਏ ਦਾ ਬਕਾਇਆ ਹੈ ਅਤੇ ਨਾਲ ਹੀ ਕਿਹਾ ਕਿ ਪਿਛਲੇ ਪੰਜ ਵਿੱਤੀ ਸਾਲਾਂ ਦੌਰਾਨ ਸਾਲ 2022-23 ਲਈ ਭਾਰਤੀ ਰਿਜ਼ਰਵ ਬੈਂਕ ਦੇ ਕੋਲ ਉਪਲੱਬਧ ਆਖਰੀ ਅੰਕੜਿਆਂ ਅਨੁਸਾਰ ਐੱਸ ਸੀ ਬੀ ਨੇ ਕੁੱਲ 10, 57, 326 ਕਰੋੜ ਰੁਪਏ ਦੀ ਰਕਮ ਮੁਆਫ਼ ਕਰ ਦਿੱਤੀ ਹੈ। ਚੋਕਸੀ ਦੀ ਫਰਮ ਗੀਤਾਂਜਲੀ ਜੇਮਸ ਸਭ ਤੋਂ ਵੱਡੀ ਡਿਫਾਲਟਰ ਹੈ, ਜਿਸ ਵੱਲ ਬੈਂਕਾਂ ਦਾ 8,738 ਕਰੋੜ ਰੁਪਏ ਬਕਾਇਆ ਹੈ।
ਦੂਜੇ ਸਥਾਨ ’ਤੇ ਏਰਾ ਇੰਫਰਾ ਇੰਜੀਨੀਅਰਿੰਗ ਲਿਮਟਿਡ ਹੈ, ਜਿਸ ਵੱਲ 5,750 ਕਰੋੜ ਰੁਪਏ ਦਾ ਬਕਾਇਆ ਹੈ। ਅਗਲਾ ਨੰਬਰ ਆਰ ਈ ਆਈ ਐਗਰੋ ਲਿਮਟਿਡ ਦਾ ਆਉਂਦਾ ਹੈ, ਜਿਸ ਵੱਲ 5148 ਕਰੋੜ ਰੁਪਏ ਦਾ ਬਕਾਇਆ ਹੈ। ਏ ਬੀ ਜੀ ਸ਼ਿਪਯਾਰਡ ਲਿਮਟਿਡ ਵੱਲ 4,774 ਕਰੋੜ ਅਤੇ ਕਾਨਕਾਸਟ ਸਟੀਲ ਐਂਡ ਪਾਵਰ ਲਿਮਟਿਡ ਵੱਲ 3,911 ਕਰੋੜ ਬਕਾਇਆ ਹੈ। ਇੱਕ ਵੱਖਰੇ ਜਵਾਬ ’ਚ ਉਨ੍ਹਾ ਦੱਸਿਆ ਕਿ ਪਿਛਲੇ ਵਿੱਤੀ ਸਾਲ ’ਚ ਕਰੀਬ 66,069 ਧੋਖਾਧੜੀ ਦੀਆਂ ਸੂਚਨਾਵਾਂ ਮਿਲੀਆਂ ਸਨ, ਜਿਸ ਨਾਲ 8525 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਪਿਛਲੇ ਹਫ਼ਤੇ ਉਨ੍ਹਾ ਸੰਸਦ ’ਚ ਸੂਚਿਤ ਕੀਤਾ ਸੀ ਕਿ ਬੈਂਕਾਂ ਨੇ ਵਿਆਪਕ ਉਪਾਅ ਰਾਹੀਂ ਪਿਛਲੇ 9 ਸਾਲਾਂ ’ਚ 10.16 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ ਦੀ ਵਸੂਲੀ ਕੀਤੀ ਹੈ।

LEAVE A REPLY

Please enter your comment!
Please enter your name here