27.9 C
Jalandhar
Sunday, September 8, 2024
spot_img

ਗਰਮੀ ਦੀ ਮਾਰ

ਮੌਸਮ ਵਿਗਿਆਨ ਬਾਰੇ ਸੰਸਥਾ ਕਲਾਈਮੇਟ ਸੈਂਟਰਲ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਵਾਰ ਦਾ ਜੁਲਾਈ ਮਹੀਨਾ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ ਹੈ | ਇੱਕ ਬੇਹੱਦ ਤਾਕਤਵਰ ਔਜ਼ਾਰ ਕਲਾਈਮੇਟ ਸ਼ਿਫਟ ਇੰਡੈਕਸ ਦੀ ਵਰਤੋਂ ਕਰਕੇ ਇਸ ਸੰਸਥਾ ਨੇ ਹੈਰਾਨੀਜਨਕ ਤੱਥ ਹਾਸਲ ਕੀਤੇ ਹਨ | ਉਸ ਨੇ ਕਿਹਾ ਹੈ ਕਿ ਦੁਨੀਆ ਦੇ 6.5 ਅਰਬ ਲੋਕਾਂ ਨੇ ਜੁਲਾਈ ਮਹੀਨੇ ਦੌਰਾਨ ਘੱਟੋ-ਘੱਟ ਇੱਕ ਦਿਨ ਅਜਿਹੀ ਗਰਮੀ ਝੱਲੀ ਸੀ, ਜੋ ਸੰਭਾਵਨਾ ਨਾਲੋਂ ਤਿੰਨ ਗੁਣਾ ਵੱਧ ਸੀ |
ਇਸ ਰਿਪੋਰਟ ਵਿੱਚ ਪੇਸ਼ ਨਤੀਜੇ ਜਲਵਾਯੂ ਤਬਦੀਲੀ ਦੀ ਗੰਭੀਰ ਤਸਵੀਰ ਪੇਸ਼ ਕਰਦੇ ਹਨ | ਲੱਗਭੱਗ 2 ਅਰਬ ਲੋਕਾਂ ਨੇ ਜੁਲਾਈ ਦੇ 31 ਦਿਨਾਂ ਦੇ ਹਰ ਦਿਨ ਜਲਵਾਯੂ ਤਬਦੀਲੀ ਦਾ ਤਿੱਖਾ ਪ੍ਰਭਾਵ ਮਹਿਸੂਸ ਕੀਤਾ, ਜਿਹੜਾ ਸਮੱਸਿਆ ਦੀ ਭਿਆਨਕਤਾ ਨੂੰ ਪੇਸ਼ ਕਰਦਾ ਹੈੇ | 10 ਜੁਲਾਈ ਨੂੰ ਵਧੀ ਗਰਮੀ ਦਾ ਜੋਖਮ ਆਪਣੇ ਸਿਖਰ ਉੱਤੇ ਪਹੁੰਚ ਗਿਆ ਸੀ, ਜਿਸ ਨੂੰ 3.5 ਅਰਬ ਲੋਕਾਂ ਨੇ ਝੱਲਿਆ ਸੀ |
ਕਲਾਈਮੇਟ ਸੈਂਟਰਲ ਨੇ ਇਹ ਰਿਪੋਰਟ 200 ਦੇਸ਼ਾਂ ਦੇ ਉਨ੍ਹਾਂ 4700 ਸ਼ਹਿਰਾਂ ਦੇ ਸਰਵੇਖਣ ਤੋਂ ਬਾਅਦ ਤਿਆਰ ਕੀਤੀ ਹੈ, ਜਿੱਥੇ ਜਲਵਾਯੂ ਤਬਦੀਲੀ ਕਾਰਨ ਜੁਲਾਈ ਮਹੀਨੇ ਵਿੱਚ ਅਧਿਕ ਗਰਮੀ ਮਹਿਸੂਸ ਕੀਤੀ ਗਈ ਸੀ | ਮੈਕਸੀਕੋ, ਦੱਖਣੀ ਸੰਯੁਕਤ ਰਾਜ ਅਮਰੀਕਾ, ਦੱਖਣੀ ਯੂਰਪ, ਫਲੋਰਿਡਾ, ਕੈਰਬੀਅਨ, ਮੱਧ ਅਮਰੀਕਾ, ਉੱਤਰੀ ਅਫ਼ਰੀਕਾ, ਮੱਧ-ਪੂਰਬ ਤੇ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦੇ ਕੁਝ ਦੇਸ਼ ਸਭ ਤੋਂ ਵੱਧ ਗਰਮ ਰਹੇ |
ਭੂ-ਮੱਧ ਰੇਖਾ ਦੇ ਨੇੜਲੇ ਤੇ ਛੋਟੇ ਦੀਪਾਂ ਵਿੱਚ ਵਸਦੇ ਲੋਕਾਂ ਨੇ ਜੁਲਾਈ ਮਹੀਨੇ ਵਿਸ਼ੇਸ਼ ਰੂਪ ਵਿੱਚ ਮਾਨਵ ਰਚਿਤ ਜਲਵਾਯੂ ਤਬਦੀਲੀ ਦਾ ਅਸਧਾਰਨ ਤੇ ਮਾਰੂ ਪ੍ਰਭਾਵ ਮਹਿਸੂਸ ਕੀਤਾ ਸੀ | ਇਸ ਦੇ ਕੈਰਬੀਅਨ ਦੇ 11 ਛੋਟੇ ਵਿਕਾਸਸ਼ੀਲ ਦੀਪਾਂ ਉੱਤੇ ਵਿਨਾਸ਼ਕਾਰੀ ਪ੍ਰਭਾਵ ਹੋਣਗੇ | ਕਿਉਂਕਿ ਆਉਣ ਵਾਲੇ ਸਮੇਂ ਦੌਰਾਨ ਹਾਲਾਤ 5 ਗੁਣਾ ਵੱਧ ਖਰਾਬ ਹੋ ਸਕਦੇ ਹਨ |
ਇਹ ਰਿਪੋਰਟ ਏਸ਼ੀਆ ਦੀ ਹਾਲਤ ਬਾਰੇ ਵੀ ਦੱਸਦੀ ਹੈ, ਜਿੱਥੇ ਜੁਲਾਈ ਮਹੀਨੇ ਦੌਰਾਨ ਗਰਮੀ ਦੀਆਂ ਲੋਆਂ ਨੇ ਆਪਣਾ ਅਸਰ ਛੱਡਿਆ ਹੈ | ਇਸ ਵਾਰ ਚੀਨ ਦੇ ਇੰਜਿਆਂਗ ਖੇਤਰ ਨੇ 52.2 ਡਿਗਰੀ ਸੈਲਸੀਅਸ ਨਾਲ ਗਰਮੀ ਦਾ ਨਵਾਂ ਰਿਕਾਰਡ ਬਣਾਇਆ ਸੀ, ਜਿਸ ਦਾ ਪਹਿਲਾ ਰਿਕਾਰਡ 51.6 ਡਿਗਰੀ ਸੈਲਸੀਅਸ ਸੀ | ਈਰਾਨ ਦੇ ਫਾਰਸ ਦੀ ਖਾੜੀ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ 18 ਜੁਲਾਈ ਨੂੰ ਤਾਪਮਾਨ 66.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ | ਇਸੇ ਦਿਨ ਕੁਵੈਤ ਨੂੰ ਵੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਬਿਜਲੀ ਦੀ ਵਰਤੋਂ ਦੇ ਸਾਰੇ ਰਿਕਾਰਡ ਟੁੱਟ ਗਏ ਸਨ |
ਵਿਸ਼ਲੇਸ਼ਣ ਅਧੀਨ 46 ਏਸ਼ੀਆਈ ਦੇਸ਼ਾਂ ਦਾ ਜੁਲਾਈ ਵਿੱਚ ਔਸਤ ਕਲਾਈਮੇਟ ਸ਼ਿਫਟ ਇੰਡੈਕਸ 2.4 ਸੀ | ਇਨ੍ਹਾਂ ਵਿੱਚੋਂ 17 ਦੇਸ਼ਾਂ ਦਾ ਕਲਾਈਮੇਟ ਸ਼ਿਫਟ ਇੰਡੈਕਸ 3 ਅਤੇ ਦਸ ਦੇਸ਼ਾਂ ਦਾ ਇਸ ਤੋਂ ਵੀ ਵੱਧ ਸੀ | ਇਹ ਇੰਡੈਕਸ ਜਲਵਾਯੂ ਤਬਦੀਲੀ ਦੇ ਵਿਆਪਕ ਅਸਰ ਨੂੰ ਦਿਖਾਉਂਦਾ ਹੈ |
ਇਸ ਰਿਪੋਰਟ ਵਿੱਚ ਨਤੀਜਾ ਕੱਢਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਗਰਮੀ ਵਿੱਚ ਵਾਧੇ ਤੇ ਰਿਕਾਰਡਤੋੜ ਤਾਪਮਾਨ ਦਾ ਪ੍ਰਕੋਪ ਓਨਾ ਚਿਰ ਤੱਕ ਜਾਰੀ ਰਹੇਗਾ, ਜਦੋਂ ਤੱਕ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਸਿਫ਼ਰ ਤੱਕ ਨਹੀਂ ਲਿਆਂਦੀ ਜਾਂਦੀ | ਵਿਗਿਆਨਕਾਂ ਨੇ ਕਿਹਾ ਹੈ ਕਿ ਸਰਕਾਰਾਂ, ਸਨਅਤਾਂ ਤੇ ਲੋਕਾਂ ਨੂੰ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਲਈ ਇਕਮੁੱਠ ਹੋ ਕੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ | ਅਜਿਹਾ ਕਰਨ ਵਿੱਚ ਨਾਕਾਮ ਰਹਿਣ ‘ਤੇ ਮਨੁੱਖੀ ਜੀਵਨ, ਜੈਵ-ਵਿਭਿੰਨਤਾ ਅਤੇ ਸਮੁੱਚੇ ਤੌਰ ‘ਤੇ ਸਾਡੀ ਧਰਤੀ ਲਈ ਤਬਾਹਕੁੰਨ ਨਤੀਜੇ ਸਾਹਮਣੇ ਆ ਸਕਦੇ ਹਨ |
ਇਹ ਰਿਪੋਰਟ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਆਪਣੇ ਟਿਕਾਊ ਭਵਿੱਖ ਲਈ ਸਾਨੂੰ ਠੋਸ ਤੇ ਤੱਤਕਾਲ ਯਤਨ ਕਰਨੇ ਪੈਣਗੇ | ਇਸ ਵਿਸ਼ਵਵਿਆਪੀ ਚੁਣੌਤੀ ਦਾ ਅਸੀਂ ਸਮੂਹਿਕ ਰੂਪ ਵਿੱਚ ਮੁਕਾਬਲਾ ਕਰਕੇ ਹੀ ਆਉਣ ਵਾਲੀਆਂ ਪੀੜ੍ਹੀਆ ਨੂੰ ਸੁਰੱਖਿਅਤ ਰੱਖ ਸਕਦੇ ਹਾਂ |

Related Articles

LEAVE A REPLY

Please enter your comment!
Please enter your name here

Latest Articles