ਸ੍ਰੀਨਗਰ : ਜੰਮੂ-ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਦੇ ਚਾਰ ਸਾਲ ਪੂਰੇ ਹੋਣ ’ਤੇ ਸੂਬੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਵਿਵਸਥਾ ਚੌਕਸ ਕੀਤੀ ਗਈ ਹੈ। ਇਸ ਦੌਰਾਨ ਪੀ ਡੀ ਪੀ ਚੀਫ਼ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾ ਦੇ ਨਾਲ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉਨ੍ਹਾ ਟਵੀਟ ਕਰਕੇ ਕਿਹਾਪੀ ਡੀ ਪੀ ਦੇ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਸਾਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਰਾਤ ਪੁਲਸ ਨੇ ਛਾਪਾ ਮਾਰਿਆ ਅਤੇ ਸਾਡੇ ਕਈ ਨੇਤਾਵਾਂ ਨੂੰ ਥਾਣੇ ’ਚ ਬੰਦ ਕਰ ਦਿੱਤਾ। ਭਾਰਤ ਸਰਕਾਰ ਦਾ ਸੁਪਰੀਮ ਕੋਰਟ ’ਚ ਕੀਤਾ ਗਿਆ ਦਾਅਵਾ ਝੂਠਾ ਹੈ ਕਿ ਜੰਮੂ-ਕਸ਼ਮੀਰ ਦੇ ਹਾਲਾਤ ਆਮ ਹੋ ਗਏ ਹਨ। ਮੁਫ਼ਤੀ ਨੇ ਟਵੀਟ ਦੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ’ਚ ਗੇਟ ’ਤੇ ਲੱਗਾ ਜਿੰਦਰਾ ਦਿਖਾਇਆ ਗਿਆ ਹੈ। ਮਹਿਬੂਬਾ ਦੀ ਪਾਰਟੀ ਪੀ ਡੀ ਪੀ ਨੇ ਇਸ ਮੌਕੇ ਸੈਮੀਨਾਰ ਕਰਨ ਦੀ ਇਜਾਜ਼ਤ ਮੰਗੀ ਸੀ। ਹਾਲਾਂਕਿ ਪ੍ਰਸ਼ਾਸਨ ਨੇ ਉਨ੍ਹਾ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੁਫ਼ਤੀ ਨੇ ਟਵੀਟ ਕਰਕੇ ਕਿਹਾ ਕਿ ਇਕ ਪਾਸੇ ਸ੍ਰੀਨਗਰ ’ਚ ਵੱਡੇ ਬੋਰਡ ਲਗਾ ਕੇ ਲੋਕਾਂ ਨੂੰ ਜਸ਼ਨ ਮਨਾਉਣ ਨੂੰ ਕਿਹਾ ਜਾ ਰਿਹਾ ਹੈ, ਦੂਜੇ ਪਾਸੇ ਫੋਰਸ ਜ਼ਰੀਏ ਲੋਕਾਂ ਦੇ ਅਸਲ ਸੈਂਟੀਮੈਂਟ ਨੂੰ ਦਬਾਇਆ ਜਾ ਰਿਹਾ ਹੈ। ਉਮੀਦ ਹੈ ਕਿ ਸੁਪਰੀਮ ਕੋਰਟ ਇਸ ’ਤੇ ਨੋਟਿਸ ਲਵੇਗੀ।


