ਮਨੀਪੁਰ : ਪਿਤਾ-ਪੁੱਤਰ ਸਮੇਤ ਤਿੰਨ ਦੀ ਹੱਤਿਆ

0
305

ਇੰਫਾਲ : ਮਨੀਪੁਰ ਦੇ ਵਿਸ਼ਣੂਪੁਰ ਜ਼ਿਲ੍ਹੇ ’ਚ ਸ਼ੁੱਕਰਵਾਰ ਦੇਰ ਰਾਤ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗ ਈ। ਕਈ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਪੁਲਸ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਜ਼ਿਲ੍ਹੇ ਦੇ ਕਵਾਕਟਾ ਇਲਾਕੇ ’ਚ ਤਿੰਨ ਲੋਕਾਂ ਨੂੰ ਸੁੱਤੇ ਪਿਆਂ ਗੋਲੀਆਂ ਮਾਰੀਆਂ ਗਈਆ ਅਤੇ ਫਿਰ ਉਨ੍ਹਾਂ ’ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ। ਪੁਲਸ ਮੁਤਾਬਕ ਹਮਲਾਵਰ ਚੁਰਾਚਾਂਦਪੁਰ ਵੱਲੋਂ ਆਏ ਸਨ। ਸ਼ਨੀਵਾਰ ਸਵੇਰੇ ਵੀ ਵਿਸ਼ਣੂਪੁਰ ਦੇ ਕਵਾਕਟਾ ਇਲਾਕੇ ’ਚ ਜ਼ਬਰਦਸਤ ਫਾਇਰਿੰਗ ਹੋਈ, ਪੁਲਸ ਨੇ ਵੀ ਜਵਾਬੀ ਕਾਰਵਾਈ  ਕੀਤੀ।
ਪੁਲਸ ਦਾ ਕਹਿਣਾ ਹੈ ਕਿ ਤਿੰਨੇ ਮਿ੍ਰਤਕ ਇੱਕ ਰਾਹਤ ਕੈਂਪ ’ਚ ਰਹਿ ਰਹੇ ਸਨ, ਪਰ ਸਥਿਤੀ ’ਚ ਸੁਧਾਰ ਹੋਣ ਦੇ ਬਾਅਦ ਸ਼ੁੱਕਰਵਾਰ ਨੂੰ ਕਵਾਕਟਾ ’ਚੋਂ ਆਪਣੇ ਘਰ ਵਾਪਸ ਗਏ ਸਨ। ਪੁਲਸ ਅਨੁਸਾਰ ਘਟਨਾ ਦੇ ਤੁਰੰਤ ਬਾਅਦ ਗੁਸਾਈ ਭੀੜ ਕਵਾਕਟਾ ’ਚ ਇਕੱਠੀ ਹੋ ਗਈ ਅਤੇ ਚੁਰਾਚਾਂਦਪੁਰ ਵੱਲ ਵਧਣ ਲੱਗੀ, ਪਰ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪੁਲਸ ਨੇ ਕਿਹਾ ਕਿ ਫੌਗਾਕਚਾਓ ਅਤੇ ਕਵਾਕਟਾ ਦੇ ਨੇੜੇ ਸੂਬੇ ਦੇ ਸੁਰੱਖਿਆ ਬਲਾਂ ਅਤੇ ਦੰਗਾਈਆਂ ਵਿਚਾਲੇ ਗੋਲੀਬਾਰੀ ਹੋਈ।
27 ਵਿਧਾਨ ਸਭਾ ਖੇਤਰਾਂ ਦੀ ਤਾਲਮੇਲ ਕਮੇਟੀ ਵੱਲੋਂ ਸ਼ਨੀਵਾਰ ਹੀ ਬੁਲਾਈ ਗਈ 24 ਘੰਟਿਆਂ ਦੀ ਆਮ ਹੜਤਾਲ ਨਾਲ ਇੰਫਾਲ ਘਾਟੀ ’ਚ ਲੱਗਭੱਗ ਸਾਰੇ ਇਲਾਕੇ ’ਚ ਬਾਜ਼ਾਰ ਬੰਦ ਰਹੇ। ਹੜਤਾਲ ਦੌਰਾਨ ਜਨਤਕ ਵਾਹਨ ਸੜਕਾਂ ਤੋਂ ਗਾਇਬ ਰਹੇ, ਕੇਵਲ ਕੁਝ ਨਿੱਜੀ ਵਾਹਨ ਹੀ ਚਲਦੇ ਦਿਖਾਈ ਦਿੱਤੇ। ਹੜਤਾਲ ਕਾਰਨ ਸਕੂਲ ਵੀ ਬੰਦ ਰਹੇ। ਹਾਲਾਂਕਿ, ਪਹਾੜੀ ਜ਼ਿਲ੍ਹੇ ਹੜਤਾਲ ਤੋਂ ਕਾਫ਼ੀ ਹੱਦ ਤੱਕ ਪ੍ਰਭਾਵਤ ਰਹੇ। ਕਮੇਟੀ ਦੇ ਕਨਵੀਨਰ ਐਲ ਬਿਨੋਦ ਨੇ ਕਿਹਾ ਕਿ ਹੜਤਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵਧਾਉਣ ਲਈ ਨਹੀਂ ਕੀਤੀ, ਬਲਕਿ ਸਰਕਾਰ ’ਤੇ ਦਬਾਅ ਬਣਾਉਣ ਲਈ ਕੀਤੀ ਗਈ ਹੈ।

LEAVE A REPLY

Please enter your comment!
Please enter your name here