ਨਵੀਂ ਦਿੱਲੀ : ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਯਸ਼ਵੰਤ ਸਿਨਹਾ ਨੇ ਸੋਮਵਾਰ ਨਾਮਜ਼ਦਗੀ ਕਾਗਜ਼ ਦਾਖਲ ਕੀਤੇ | ਸਿਨਹਾ ਨੇ 14 ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਰਿਟਰਨਿੰਗ ਅਧਿਕਾਰੀ ਤੇ ਰਾਜ ਸਭਾ ਦੇ ਸਕੱਤਰ ਜਨਰਲ ਪੀ ਸੀ ਮੋਡੀ ਨੂੰ ਨਾਮਜ਼ਦਗੀਆਂ ਦੇ ਚਾਰ ਸੈੱਟ ਸੌਂਪੇ | ਇਸ ਮੌਕੇ ਐੱਨ ਸੀ ਪੀ ਸੁਪਰੀਮੋ ਸ਼ਰਦ ਪਵਾਰ, ਕਾਂਗਰਸ ਆਗੂ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਮਾਰਕਸੀ ਪਾਰਟੀ ਦੇ ਸੀਤਾ ਰਾਮ ਯੇਚੁਰੀ, ਸੀ ਪੀ ਆਈ ਦੇ ਡੀ ਰਾਜਾ, ਸਪਾ ਮੁਖੀ ਅਖਿਲੇਸ਼ ਯਾਦਵ, ਰਾਜਦ ਦੀ ਮੀਸ਼ਾ ਭਾਰਤੀ, ਆਰ ਐੱਸ ਪੀ ਦੇ ਐੱਨ ਕੇ ਪੇ੍ਰਮਚੰਦਰਨ, ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੁਹੰਮਦ ਬਸ਼ੀਰ, ਡੀ ਐੱਮ ਕੇ ਆਗੂ ਏ ਰਾਜਾ ਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਆਦਿ ਮੌਜੂਦ ਸਨ | ਝਾਰਖੰਡ ਮੁਕਤੀ ਮੋਰਚਾ ਤੇ ਆਮ ਆਦਮੀ ਪਾਰਟੀ ਦਾ ਕੋਈ ਆਗੂ ਨਾਲ ਨਹੀਂ ਸੀ | ਦੋ ਗੈਰ-ਭਾਜਪਾ ਪਾਰਟੀਆਂ ਬਸਪਾ ਤੇ ਬੀਜਦ ਹਾਕਮ ਧਿਰ ਦੀ ਉਮੀਦਵਾਰ ਦੀ ਹਮਾਇਤ ਦਾ ਐਲਾਨ ਕਰ ਚੁੱਕੇ ਹਨ | ਤੇਲੰਗਾਨਾ ਰਾਸ਼ਟਰ ਸਮਿਤੀ (ਟੀ ਆਰ ਐੱਸ) ਨੇ ਪਹਿਲਾਂ ਹੁੰਗਾਰਾ ਨਹੀਂ ਭਰਿਆ ਸੀ, ਪਰ ਉਸ ਦੇ ਮੰਤਰੀ ਕੇ ਟੀ ਰਾਮਾਰਾਓ ਸਿਨਹਾ ਦੇ ਨਾਲ ਨਜ਼ਰ ਆਏ | ਵਿਰੋਧੀ ਧਿਰਾਂ ਨੇ 21 ਜੂਨ ਨੂੰ ਸਿਨਹਾ ਨੂੰ ਸਾਂਝਾ ਉਮੀਦਵਾਰ ਐਲਾਨਿਆ ਸੀ | 18 ਜੁਲਾਈ ਨੂੰ ਹੋਣ ਵਾਲੀ ਚੋਣ ਵਿਚ ਸਿਨਹਾ ਦਾ ਮੁਕਾਬਲਾ ਐੱਨ ਡੀ ਏ ਉਮੀਦਵਾਰ ਦਰੋਪਦੀ ਮੁਰਮੂ ਨਾਲ ਹੋਵੇਗਾ | ਮੁਰਮੂ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ |
ਕਾਗਜ਼ ਦਾਖਲ ਕਰਨ ਤੋਂ ਬਾਅਦ ਸਿਨਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮਾਇਤ ਜੁਟਾਉਣ ਲਈ ਭਾਜਪਾ ਵਿਚਲੇ ਆਪਣੇ ਪੁਰਾਣੇ ਸਾਥੀਆਂ ਤੱਕ ਪਹੁੰਚ ਕਰਨਗੇ | ਸਿਨਹਾ ਨੇ ਆਪਣੀ ਵਿਰੋਧੀ ਐੱਨ ਡੀ ਏ ਉਮੀਦਵਾਰ ਦਰੋਪਦੀ ਮੁਰਮੂ ਦੀ ਉਮੀਦਵਾਰੀ ਨੂੰ ‘ਪ੍ਰਤੀਕਵਾਦ ਦੀ ਸਿਆਸਤ’ ਦਾ ਹਿੱਸਾ ਦੱਸਿਆ | ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਗਵਾਂ ਪਾਰਟੀ ਲੋਕਤੰਤਰ ਤੋਂ ਊਣੀ ਹੈ |
ਉਨ੍ਹਾ ਕਿਹਾ—ਜਿਸ ਭਾਜਪਾ ਦਾ ਕਦੇ ਮੈਂ ਹਿੱਸਾ ਸੀ, ਉਸ ਵਿਚ ਅੰਦਰੂਨੀ ਲੋਕਤੰਤਰ ਸੀ, ਪਰ ਮੌਜੂਦਾ ਭਾਜਪਾ ‘ਚ ਇਸ ਦੀ ਘਾਟ ਰੜਕਦੀ ਹੈ | ਸਿਨਹਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ‘ਚ ਵਿੱਤ ਤੇ ਵਿਦੇਸ਼ ਮੰਤਰੀ ਰਹੇ ਹਨ | ਸਾਲ 2018 ਵਿਚ ਉਨ੍ਹਾ ਭਾਜਪਾ ‘ਚੋਂ ਅਸਤੀਫਾ ਦੇ ਦਿੱਤਾ ਸੀ |