ਨਵੀਂ ਦਿੱਲੀ : ਸ਼ਿਵ ਸੈਨਾ ਲੀਡਰਸ਼ਿਪ ਤੇ ਬਾਗੀ ਵਿਧਾਇਕਾਂ ਦਰਮਿਆਨ ਚੱਲ ਰਹੀ ਤਲਖੀ ਸੋਮਵਾਰ ਹੋਟਲ ਵਿਚੋਂ ਅਦਾਲਤ ‘ਚ ਪਹੁੰਚ ਗਈ | ਸੁਪਰੀਮ ਕੋਰਟ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਬਾਗੀ ਸ਼ਿਵ ਸੈਨਾ ਵਿਧਾਇਕਾਂ ਨੂੰ ਜਾਰੀ ਅਯੋਗਤਾ ਨੋਟਿਸ ਨੂੰ ਚੁਣੌਤੀ ਦਿੰਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੇਂਦਰ ਤੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਤੋਂ ਪੰਜ ਦਿਨਾਂ ‘ਚ ਜਵਾਬ ਮੰਗ ਲਿਆ ਹੈ | ਸੁਪਰੀਮ ਕੋਰਟ ਵੱਲੋਂ ਹੁਣ 11 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ | ਸੁਪਰੀਮ ਕੋਰਟ ਨੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ 11 ਜੁਲਾਈ ਨੂੰ ਸ਼ਾਮ ਸਾਢੇ ਪੰਜ ਵਜੇ ਤੱਕ ਉਨ੍ਹਾਂ ਦੀ ਅਯੋਗਤਾ ਬਾਰੇ ਕੋਈ ਫੈਸਲਾ ਨਾ ਲਿਆ ਜਾਵੇ | ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ 39 ਬਾਗੀ ਸ਼ਿਵ ਸੈਨਾ ਵਿਧਾਇਕਾਂ ਤੇ ਉਨ੍ਹਾਂ ਦੇ ਪਰਵਾਰਾਂ ਦੀ ਸੁਰੱਖਿਆ ਯਕੀਨੀ ਬਣਾਏ | ਸੁਪਰੀਮ ਕੋਰਟ ਨੇ ਹਾਲਾਂਕਿ ਬਾਗੀ ਵਿਧਾਇਕਾਂ ਨੂੰ ਸਵਾਲ ਕੀਤਾ ਕਿ ਉਹ ਪਹਿਲਾਂ ਬੰਬੇ ਹਾਈ ਕੋਰਟ ਕਿਉਂ ਨਹੀਂ ਗਏ | ਬਾਗੀ ਵਿਧਾਇਕਾਂ ਵੱਲੋਂ ਪੇਸ਼ ਸੀਨੀਅਰ ਵਕੀਲ ਐੱਨ ਕੇ ਕੌਲ ਨੇ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਜੇ ਬੀ ਪਰਦੀਵਾਲਾ ਦੀ ਬੈਂਚ ਨੂੰ ਦੱਸਿਆ ਕਿ ਊਧਵ ਠਾਕਰੇ ਦੀ ਅਗਵਾਈ ਵਾਲਾ ਖੇਮਾ ‘ਘੱਟ ਗਿਣਤੀ’ ਵਿੱਚ ਹੈ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਕੌਲ ਨੇ ਦੱਸਿਆ ਕਿ ਬਾਗੀ ਵਿਧਾਇਕਾਂ ਲਈ ਬੰਬੇ ਵਿਚ ਮਾਹੌਲ ਸਾਜ਼ਗਾਰ ਨਾ ਹੋਣ ਕਰਕੇ ਹੀ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਹੈ | ਸ਼ਿੰਦੇ ਖੇਮੇ ਦੇ ਵਿਧਾਇਕਾਂ ਨੇ ਵਕੀਲ ਰਾਹੀਂ ਕਿਹਾ ਕਿ ਠਾਕਰੇ ਸਰਕਾਰ ਘੱਟ ਗਿਣਤੀ ਵਿੱਚ ਹੈ ਤੇ ਡਿਪਟੀ ਸਪੀਕਰ ਨੇ ਅਯੋਗਤਾ ਨੋਟਿਸ ਜਾਰੀ ਕਰਨ ਵਿਚ ਬੇਵਜ੍ਹਾ ਕਾਹਲੀ ਕੀਤੀ | ਉਨ੍ਹਾਂ ਕਿਹਾ ਕਿ ਮੁੰਬਈ ਵਿਚ ਸਾਡੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ | ਸੁਪਰੀਮ ਕੋਰਟ ਨੇ ਕਿਹਾ ਕਿ ਅਜੇ ਕਿਸ ਵੀ ਵਿਧਾਇਕ ਨੂੰ ਅਯੋਗ ਕਰਾਰ ਨਹੀਂ ਦਿੱਤਾ ਗਿਆ ਤੇ ਸਿਰਫ ਨੋਟਿਸ ਦਿੱਤਾ ਗਿਆ ਹੈ |