ਚੰਡੀਗੜ੍ਹ (ਗੁਰਜੀਤ ਬਿੱਲਾ)
ਵਿੱਤ ਮੰਤਰੀ ਹਰਪਾਲ ਚੀਮਾ ਨੇ ਸੋਮਵਾਰ ਪੰਜਾਬ ਵਿਧਾਨ ਸਭਾ ਵਿਚ 1 ਲੱਖ 55 ਹਜ਼ਾਰ 860 ਕਰੋੜ ਦਾ ਬਿਨਾਂ ਨਵੇਂ ਟੈਕਸ ਵਾਲਾ ਬੱਜਟ ਪੇਸ਼ ਕਰਦਿਆਂ ਕਿਹਾ ਕਿ ‘ਆਪ’ ਵੱਲੋਂ ਚੋਣਾਂ ਦੌਰਾਨ ਦਿੱਤੀਆਂ ਪੰਜ ਗਰੰਟੀਆਂ ਵਿੱਚੋਂ ਚਾਰ ਲਾਗੂ ਕਰ ਦਿੱਤੀਆਂ ਹਨ | ਇਹ ਹਨ ਸਿਹਤ ਢਾਂਚੇ ਤੇ ਸਿੱਖਿਆ ਢਾਂਚੇ ਵਿਚ ਸੁਧਾਰ, 300 ਯੂਨਿਟ ਮੁਫਤ ਬਿਜਲੀ ਤੇ ਸ਼ਹੀਦ ਜਵਾਨਾਂ ਦੇ ਐਕਸ ਗ੍ਰੇਸ਼ੀਏ ਵਿਚ ਵਾਧਾ, 18 ਸਾਲ ਤੋਂ ਉਪਰਲੀਆਂ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਭੱਤਾ ਦੇਣ ਬਾਰੇ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ | 300 ਯੂਨਿਟ ਮੁਫਤ ਬਿਜਲੀ ਪਹਿਲੀ ਜੁਲਾਈ ਤੋਂ ਮਿਲਣ ਲੱਗ ਪਵੇਗੀ |
ਪਿਛਲੀ ਸਰਕਾਰ ਦੇ ਮੁਕਾਬਲੇ ਬੱਜਟ ਦੇ ਆਕਾਰ ਵਿਚ 14.2 ਫੀਸਦੀ ਦਾ ਵਾਧਾ ਕੀਤਾ ਗਿਆ ਹੈ | ਮਾਲੀ ਸਾਲ 2022-23 ਵਿਚ ਮਾਲੀਆ ਘਾਟਾ 12553 ਕਰੋੜ 80 ਲੱਕ ਰੁਪਏ (1.99 ਫੀਸਦੀ) ਰਹਿਣ ਦਾ ਅਨੁਮਾਨ ਹੈ | ‘ਆਪ’ ਸਰਕਾਰ ਨੇ ਆਪਣੇ ਪਲੇਠੇ ਬੱਜਟ ਵਿਚ ਚਾਲੂ ਮਾਲੀ ਸਾਲ ਦੌਰਾਨ 95378.28 ਕਰੋੜ ਰੁਪਏ ਕਮਾਉਣ ਦੀ ਤਜਵੀਜ਼ ਰੱਖੀ ਹੈ | 2021-22 ਦੇ ਮੁਕਾਬਲੇ 2022-23 ਵਿਚ ਮਾਲੀਆ ਪ੍ਰਾਪਤੀਆਂ ‘ਚ 17.08% ਦੇ ਵਾਧੇ ਦਾ ਅਨੁਮਾਨ ਹੈ | ਮਾਲੀਆ ਵਾਧਾ ਆਬਕਾਰੀ ਨੀਤੀ ਰਾਹੀਂ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੇ ਮਾਲੀਏ ਵਿਚ 56 ਫੀਸਦੀ ਵਾਧਾ ਹੋਵੇਗਾ | ਜੀ ਐੱਸ ਟੀ ਕੁਲੈਕਸ਼ਨ ਵਿਚ ਉਛਾਲ ਨਾਲ ਰਾਜ ਨੂੰ ਪਿਛਲੇ ਸਾਲ ਦੇ ਮੁਕਾਬਲੇ 27 ਫੀਸਦੀ ਵੱਧ ਮਾਲੀਆ ਮਿਲੇਗਾ | ਰਾਜ ਦੀ 155859.78 ਕਰੋੜ ਰੁਪਏ ਖਰਚਣ ਦੀ ਤਜਵੀਜ਼ ਹੈ, ਇਸ ਨਾਲ ਮਾਲੀਆ ਘਾਟਾ 12553.80 ਕਰੋੜ ਰੁਪਏ ਤੋਂ ਵੱਧ ਹੋਵੇਗਾ | ਰਾਜ ਦੇ ਕਰਜ਼ੇ ‘ਤੇ ਵਿਆਜ ਦੀ ਅਦਾਇਗੀ ‘ਤੇ 20,122 ਕਰੋੜ ਰੁਪਏ ਖਰਚ ਕੀਤੇ ਜਾਣਗੇ | ਹਾਲਾਂਕਿ, ਕੁੱਲ ਕਰਜ਼ੇ ਦੀ ਅਦਾਇਗੀ ‘ਤੇ ਰਾਜ ਦੀ ਕਮਾਈ ਦਾ 36,068.67 ਕਰੋੜ ਰੁਪਏ ਲੱਗ ਜਾਵੇਗਾ |
7 ਕਰੋੜ ਰੁਪਏ ਦੀ ਲਾਗਤ ਨਾਲ ਵੇਰਕਾ ਵਿਖੇ ਨਵਾਂ ਕਵਿੱਕ ਫ੍ਰੀਜ਼ਿੰਗ ਸੈਂਟਰ ਸਥਾਪਤ ਕਰਨ ਦੀ ਤਜਵੀਜ਼ ਹੈ | ਮਲਸੀਆਂ (ਜਲੰਧਰ) ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਕੀਕਿ੍ਤ ਹਾਈ-ਟੈਕ ਸਬਜ਼ੀ ਉਤਪਾਦਨ-ਕਮ-ਤਕਨਾਲੋਜੀ ਪ੍ਰਸਾਰ ਕੇਂਦਰ ਕਾਇਮ ਕਰਨ ਦੀ ਤਜਵੀਜ਼ ਹੈ | ਸਹਿਕਾਰੀ ਖੇਤਰ ਲਈ 1,170 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜੋ ਪਿਛਲੇ ਵਿੱਤੀ ਸਾਲ ਨਾਲੋਂ 35.67 ਫੀਸਦੀ ਵੱਧ ਹਨ |
ਬੱਜਟ ਦੇ ਹੋਰ ਅਹਿਮ ਨੁਕਤੇ
ਦਿੱਲੀ ਸਰਕਾਰ ਦੀ ਕਿਤਾਬ ਵਿੱਚੋਂ ਇੱਕ ਹੋਰ ਪੰਨਾ ਲੈ ਕੇ ‘ਫਰਿਸ਼ਤੇ’ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ | ਇਸ ਨਾਲ ਕੋਈ ਵੀ ਵਿਅਕਤੀ ਸੜਕ ਦੁਰਘਟਨਾ ਦੇ ਪੀੜਤ ਨੂੰ ਸੂਬੇ ਦੇ ਕਿਸੇ ਵੀ ਹਸਪਤਾਲ ਵਿਚ ਲਿਜਾ ਸਕਦਾ ਹੈ | ਜ਼ਖਮੀ ਧਿਰ ਦੀ ਦੇਖਭਾਲ ਦਾ ਸਾਰਾ ਖਰਚਾ ਮਾਨ ਸਰਕਾਰ ਵੱਲੋਂ ਚੁੱਕਿਆ ਜਾਵੇਗਾ | ਇਸ ਸਾਲ ਬਿਜਲੀ ਸਬਸਿਡੀ 6,947 ਕਰੋੜ ਰੁਪਏ ਹੋਵੇਗੀ | ਪਰਾਲੀ ਸਾੜਨ ਦੀ ਰੋਕਥਾਮ ਲਈ 200 ਕਰੋੜ ਰੁਪਏ ਅਲਾਟ ਕੀਤੇ ਗਏ ਹਨ | 450 ਕਰੋੜ ਰੁਪਏ ਉਨ੍ਹਾਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਵਜੋਂ ਦਿੱਤੇ ਜਾਣਗੇ ਜੋ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ | ਸਹਿਕਾਰੀ ਖੇਤਰ ਲਈ ਕੁੱਲ 1,170 ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਵਿੱਤੀ ਸਾਲ ਨਾਲੋਂ 35.67% ਵੱਧ ਹੈ | ਸਿਹਤ ਸਹੂਲਤਾਂ ‘ਤੇ ਕੁੱਲ 4731 ਕਰੋੜ ਰੁਪਏ ਖਰਚ ਕੀਤੇ ਜਾਣਗੇ | ਉੱਭਰਦੇ ਤੇ ਉੱਤਮ ਖਿਡਾਰੀਆਂ ਲਈ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ | ਇਸ ਲਈ 25 ਕਰੋੜ ਰੁਪਏ ਰੱਖੇ ਗਏ ਹਨ | ਸੰਤ ਬਾਬਾ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੰਗਰੂਰ ਵਿਖੇ 100 ਐੱਮ ਬੀ ਬੀ ਐੱਸ ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ | ਇਸ ਲਈ 50 ਕਰੋੜ ਰੁਪਏ ਰੱਖੇ ਗਏ ਹਨ | 117 ਮੁਹੱਲਾ ਕਲੀਨਿਕ ਬਣਾਏ ਜਾਣਗੇ | 15 ਅਗਸਤ 2022 ਤੱਕ 75 ਮੁਹੱਲਾ ਕਲੀਨਿਕ ਕਾਰਜਸ਼ੀਲ ਹੋ ਜਾਣਗੇ | ਇਸ ਲਈ 77 ਕਰੋੜ ਰੁਪਏ ਰੱਖੇ ਗਏ ਹਨ | ਲੌਂਗੋਵਾਲ (ਸੁਨਾਮ) ਵਿਖੇ ਉੱਚ ਪੱਧਰੀ ਸਟੇਡੀਅਮ ਬਣੇਗਾ | ਮੌਜੂਦਾ ਸਟੇਡੀਅਮਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ | ਸਿੱਖਿਆ ਖੇਤਰ ਲਈ ਕੁੱਲ ਬਜਟ ਦਾ 16.27 ਫੀਸਦੀ ਰੱਖਿਆ ਗਿਆ ਹੈ | ਸਕੂਲ ਤੇ ਉਚੇਰੀ ਸਿੱਖਿਆ ਲਈ ਪਿਛਲੇ ਸਾਲ ਨਾਲੋਂ ਬੱਜਟ ਵਿੱਚ 16% ਵਾਧਾ ਕੀਤਾ ਗਿਆ ਹੈ | ਲੁਧਿਆਣਾ, ਮੁਕਤਸਰ, ਬਰਨਾਲਾ, ਤਰਨ ਤਾਰਨ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਮਾਲੇਰਕੋਟਲਾ, ਪਠਾਨਕੋਟ ਤੇ ਫਾਜ਼ਿਲਕਾ ਦੇ ਸਰਕਾਰੀ ਕਾਲਜਾਂ ਵਿਚ ਲਾਇਬ੍ਰੇਰੀਆਂ ਦੇ ਬੁਨਿਆਦੀ ਢਾਂਚੇ ਲਈ 30 ਕਰੋੜ ਰੁਪਏ ਰੱਖੇ ਗਏ ਹਨ | ਸਰਕਾਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਤੱਕ ਸਾਰੇ ਸਟੂਡੈਂਟਸ ਨੂੰ ਮੁਫਤ ਵਰਦੀ ‘ਤੇ 21 ਕਰੋੜ ਖਰਚੇ ਜਾਣਗੇ | ਪਹਿਲਾਂ ਸਿਰਫ ਵਿਦਿਆਰਥਣਾਂ ਅਤੇ ਐੱਸ ਸੀ/ਐੱਸ ਟੀ ਵਿਦਿਆਰਥੀਆਂ ਨੂੰ ਵਰਦੀ ਮਿਲਦੀ ਸੀ |
ਤਕਨੀਕੀ ਸਿੱਖਿਆ ਲਈ ਪਿਛਲੇ ਸਾਲ ਨਾਲੋਂ ਬੱਜਟ ਵਿੱਚ 47% ਤੇ ਮੈਡੀਕਲ ਸਿੱਖਿਆ ਲਈ ਪਿਛਲੇ ਸਾਲ ਨਾਲੋਂ ਬੱਜਟ ਵਿੱਚ 57% ਵਾਧਾ ਕੀਤਾ ਗਿਆ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ 200 ਕਰੋੜ ਰੁਪਏ ਰੱਖੇ ਗਏ ਹਨ | ਸੜਕਾਂ, ਪੁਲਾਂ ਤੇ ਭਵਨਾਂ ਦੇ ਨਿਰਮਾਣ ਤੇ ਰੱਖ-ਰਖਾਅ ਲਈ 2102 ਕਰੋੜ ਰੁਪਏ ਰੱਖੇ ਗਏ ਹਨ | ਟਰਾਂਸਪੋਰਟ ਮਾਫੀਆ ਨੂੰ ਖਤਮ ਕਰ ਕੇ ਜਨਤਕ ਟਰਾਂਸਪੋਰਟ ਨੂੰ ਉਤਸ਼ਾਹਤ ਕੀਤਾ ਜਾਵੇਗਾ | 45 ਨਵੇਂ ਬੱਸ ਅੱਡਿਆਂ ਦੀ ਉਸਾਰੀ ਅਤੇ ਪਨਬੱਸ ਤੇ ਪੀ ਆਰ ਟੀ ਸੀ ਦੇ 61 ਬੱਸ ਅੱਡਿਆਂ ਦਾ ਨਵੀਨੀਕਰਨ ਕੀਤਾ ਜਾਵੇਗਾ |
ਮੁਹਾਲੀ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਜਲ ਭਵਨ ਦੀ ਉਸਾਰੀ ਕੀਤੀ ਜਾਵੇਗੀ | ਮੁਹਾਲੀ ਵਿਖੇ ਡਾ. ਬੀ ਆਰ ਅੰਬੇਦਕਰ ਭਵਨ ਦੀ ਸਥਾਪਨਾ ਹੋਵੇਗੀ, ਜਿੱਥੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਭਲਾਈ ਸਕੀਮਾਂ ਪ੍ਰਦਾਨ ਕਰਨ ਵਾਲੇ ਸਾਰੇ ਦਫਤਰ ਇਕ ਛੱਤ ਹੇਠ ਹੋਣਗੇ | ਖੇਤੀਬਾੜੀ ਸੈਕਟਰ ਲਈ ਸਰਕਾਰ ਨੇ 11560 ਕਰੋੜ ਰੁਪਏ ਰੱਖੇ ਗਏ ਹਨ | ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 6947 ਕਰੋੜ ਰੁਪਏ ਰੱਖੇ ਗਏ ਹਨ | ਜਾਨ ਵਾਰਨ ਵਾਲੇ ਸੈਨਿਕਾਂ ਅਤੇ ਹੋਰ ਰੱਖਿਆ ਕਰਮਚਾਰੀਆਂ ਲਈ ਐਕਸ ਗ੍ਰੇਸ਼ੀਆ ਰਾਸ਼ੀ ਨੂੰ 50 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਕੀਤਾ ਗਿਆ ਹੈ | ਮੁਹਾਲੀ ਵਿਖੇ ਸਾਬਕਾ ਸੈਨਿਕਾਂ ਲਈ ਬਿਰਧ ਆਸ਼ਰਮ ਦੀ ਸਥਾਪਨਾ ਕੀਤੀ ਜਾਵੇਗੀ | 26,454 ਮੁਲਾਜ਼ਮਾਂ ਦੀ ਨਵੀਂ ਭਰਤੀ ਹੋਵੇਗੀ ਅਤੇ 36000 ਠੇਕੇ ਉੱਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ |